ਗ੍ਰਿਫਤਾਰ ਨਿਹੰਗ ਸਿੰਘਾਂ ਦੀ ਜ਼ਮਾਨਤ ਲਈ ਕੇਸ ਦੀ ਪੈਰਵੀ ਦਿੱਲੀ ਗੁਰਦੁਆਰਾ ਕਮੇਟੀ ਕਰੇਗੀ: ਕਾਲਕਾ, ਕਾਹਲੋਂ
ਨਵੀਂ ਦਿੱਲੀ, 22 ਜੂਨ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):
ਉੱਤਰਾਖੰਡ ਦੇ ਚਮੌਲੀ ਵਿੱਚ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੌਰਾਨ ਨਿਹੰਗ ਸਿੰਘਾਂ ਨਾਲ ਹੋਈ ਕੁੱਟਮਾਰ ਅਤੇ ਪੁਲਿਸ ਕਾਰਵਾਈ ਦੇ ਮਾਮਲੇ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਉੱਤਰਾਖੰਡ ਦੇ ਡੀਜੀਪੀ ਦੀਪਮ ਸੇਠ ਨਾਲ ਮੁਲਾਕਾਤ ਕੀਤੀ। ਕਮੇਟੀ ਨੇ ਦੱਸਿਆ ਕਿ 16 ਜੂਨ ਨੂੰ ਕਰਨਪ੍ਰਯਾਗ ਵਿੱਚ ਚਾਰ ਨਿਹੰਗ ਸਿੰਘਾਂ ਨਾਲ ਸਥਾਨਕ ਲੋਕਾਂ ਵੱਲੋਂ ਮਾਰਕੁੱਟ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ। ਵਫ਼ਦ ਨੇ ਸਥਾਨਕ ਲੋਕਾਂ ਅਤੇ ਸੰਬੰਧਿਤ ਪੁਲਿਸ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਡੀਜੀਪੀ ਨੇ ਦੋਵੇਂ ਮਾਮਲਿਆਂ ਦੀ ਜਾਂਚ ਚਮੌਲੀ ਪੁਲਿਸ ਤੋਂ ਹਟਾ ਕੇ ਹਰਿਦੁਆਰ ਦੇ ਐੱਸਐੱਸਪੀ ਨਵਨੀਤ ਸਿੰਘ ਭੁੱਲਰ ਨੂੰ ਸੌਂਪ ਦਿੱਤੀ ਹੈ। ਇਸ ਤੋਂ ਇਲਾਵਾ, ਨਿਹੰਗ ਸਿੰਘਾਂ ਨੂੰ ਨੰਗੇ ਸਿਰ ਅਦਾਲਤ ਵਿੱਚ ਪੇਸ਼ ਕਰਨ ਅਤੇ ਥਾਣੇ ਵਿੱਚ ਕਥਿਤ ਮਾਰਕੁੱਟ ਦੇ ਦੋਸ਼ਾਂ ਦੀ ਜਾਂਚ ਡੀਆਈਜੀ ਯਸ਼ਵੰਤ ਸਿੰਘ ਕਰਨਗੇ। ਕਮੇਟੀ ਨੇ ਹਿਰਾਸਤ ਵਿੱਚ ਬੰਦ ਨਿਹੰਗ ਸਿੰਘਾਂ ਦੀ ਜਲਦ ਜ਼ਮਾਨਤ ਅਤੇ ਉਨ੍ਹਾਂ ਖ਼ਿਲਾਫ਼ ਲਗਾਈ ਗਈ ਧਾਰਾ 307 ਨੂੰ ਰੱਦ ਕਰਨ ਦੀ ਵੀ ਮੰਗ ਕੀਤੀ। ਡੀਜੀਪੀ ਨੇ ਭਰੋਸਾ ਦਿੱਤਾ ਕਿ ਜਾਂਚ ਦੋ ਤੋਂ ਤਿੰਨ ਹਫ਼ਤਿਆਂ ਵਿੱਚ ਮੁਕੰਮਲ ਕਰਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਮਕੁੰਟ ਸਾਹਿਬ ਯਾਤਰਾ ਦੌਰਾਨ ਯਾਤਰੀਆਂ ਦੀ ਸਹਾਇਤਾ ਲਈ ਦੋ ਨੋਡਲ ਅਫ਼ਸਰ ਨਿਯੁਕਤ ਕਰਨ ਅਤੇ ਹੈਲਪਲਾਈਨ ਨੰਬਰ ਜਾਰੀ ਕਰਨ ਬਾਰੇ ਵੀ ਸਹਿਮਤੀ ਬਣੀ ਹੈ। ਕਮੇਟੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਕਾਨੂੰਨੀ ਪੈਰਵੀ ਜਾਰੀ ਰੱਖੇਗੀ।












