ਨਵੀਂ ਦਿੱਲੀ, 22 ਜੂਨ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਰਮੀ ਦੀਆਂ ਛੁੱਟੀਆਂ ਦੌਰਾਨ ਲਗਾਏ ਗਏ ਗੁਰਮਤਿ ਕੈਂਪਾਂ ਦੀ ਸਮਾਪਤੀ ਸਮਾਗਮ ਵਿੱਚ ਵਿਦਿਆਰਥੀਆਂ ਨੇ ਰਾਗਾਂ ਵਿੱਚ ਗੁਰਬਾਣੀ ਦਾ ਕੀਰਤਨ ਅਤੇ ਬਾਣੀਆਂ ਕੰਠ ਕਰਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਕੈਂਪਾਂ ਵਿੱਚ ਸਿੱਖੇ ਬੱਚੇ ਅਤੇ ਵਾਲੰਟੀਅਰ ਗੁਰਮਤਿ ਦੇ ਪ੍ਰਚਾਰ ਲਈ ਬ੍ਰਾਂਡ ਅੰਬੈਸਡਰ ਵਜੋਂ ਕੰਮ ਕਰਨਗੇ ਅਤੇ ਘਰ-ਘਰ ਗੁਰਬਾਣੀ ਤੇ ਗੁਰਸਿੱਖੀ ਦਾ ਸੰਦੇਸ਼ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਕਮੇਟੀ ਦਾ ਮਕਸਦ ਹਰ ਬੱਚੇ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਗੁਰਸਿੱਖੀ ਜੀਵਨ ਨਾਲ ਜੋੜਨਾ ਹੈ ਤਾਂ ਜੋ ਨਵੀਂ ਪੀੜ੍ਹੀ ਆਪਣੇ ਧਾਰਮਿਕ ਵਿਰਸੇ ਨਾਲ ਮਜ਼ਬੂਤੀ ਨਾਲ ਜੁੜ ਸਕੇ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਇਨਾਮਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਅਗਲੇ ਸਾਲ ਹੋਰ ਵੱਧ ਬੱਚਿਆਂ ਨੂੰ ਕੈਂਪਾਂ ਨਾਲ ਜੋੜਨ ਦਾ ਯਤਨ ਕੀਤਾ ਜਾਵੇਗਾ। ਇਸ ਸਾਲ 20 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਇਹ ਕੈਂਪ ਇੱਕ ਨਵਾਂ ਰਿਕਾਰਡ ਸਾਬਤ ਹੋਏ।












