ਕਨਿਸ਼ਕਾ ਏਅਰ ਕਾਂਡ ਯਾਦਗਾਰ ‘ਤੇ ਸਟੈਨਲੀ ਪਾਰਕ ‘ਚ ਇਨਸਾਫ਼ ਦੀ ਗੂੰਜ, ਸੱਚ ਸਾਹਮਣੇ ਲਿਆਉਣ ਲਈ ਨਵੀਂ ਸੁਤੰਤਰ ਜਾਂਚ ਦੀ ਮੰਗ

ਨੈਸ਼ਨਲ ਪੰਜਾਬ

329 ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ; ਤਲਵਿੰਦਰ ਸਿੰਘ ਪਰਮਾਰ ਦਾ ਬੈਨਰ ਪ੍ਰਦਰਸ਼ਿਤ, ਭਾਰਤੀ ਕੌਂਸਲੇਟ ਅਧਿਕਾਰੀ ਰੰਗਸੰਗ ਦਾ ਹੋਇਆ ਸਖ਼ਤ ਵਿਰੋਧ

ਨਵੀਂ ਦਿੱਲੀ, 24 ਜੂਨ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਕੈਨੇਡਾ ਦੇ ਵੈਨਕੂਵਰ ਸਥਿਤ ਸਟੈਨਲੀ ਪਾਰਕ ਵਿੱਚ ਕਨਿਸ਼ਕਾ ਯਾਦਗਾਰ ਸਥਾਨ ‘ਤੇ ਭਾਵਨਾਵਾਂ, ਸਵਾਲਾਂ ਅਤੇ ਇਨਸਾਫ਼ ਦੀ ਮੰਗ ਦਾ ਅਹਿਮ ਮੰਜ਼ਰ ਵੇਖਣ ਨੂੰ ਮਿਲਿਆ, ਜਿੱਥੇ ਸਿੱਖਸ ਫਾਰ ਜਸਟਿਸ ਅਤੇ ਖਾਲਿਸਤਾਨ ਹਮਾਇਤੀ ਸਿੱਖਾਂ ਵੱਲੋਂ 1985 ਦੇ ਏਅਰ ਇੰਡੀਆ ਫਲਾਈਟ 182 (ਕਨਿਸ਼ਕਾ) ਧਮਾਕੇ ਵਿੱਚ ਮਾਰੇ ਗਏ 329 ਬੇਗੁਨਾਹ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ‘ਤੇ ਤਲਵਿੰਦਰ ਸਿੰਘ ਪਰਮਾਰ ਦਾ ਵੱਡਾ ਬੈਨਰ ਵੀ ਪ੍ਰਦਰਸ਼ਿਤ ਕੀਤਾ ਗਿਆ, ਜਦਕਿ ਕਨਿਸ਼ਕਾ ਕਾਂਡ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਅਤੇ ਸਾਰੇ ਤੱਥ ਜਨਤਾ ਅੱਗੇ ਰੱਖਣ ਲਈ ਸੁਤੰਤਰ ਜਾਂਚ ਦੀ ਮੰਗ ਇੱਕ ਵਾਰ ਫਿਰ ਜ਼ੋਰ ਨਾਲ ਉੱਠੀ। ਸਮਾਗਮ ਦੌਰਾਨ ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਦੇ ਅਧਿਕਾਰੀ ਰੰਗਸੰਗ ਨੂੰ ਖਾਲਿਸਤਾਨ ਹਮਾਇਤੀ ਸਿੱਖਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੌਕੇ ‘ਤੇ ਬੋਲਣ ਵਾਲੇ ਸਿੱਖ ਆਗੂਆਂ ਨੇ ਕਿਹਾ ਕਿ ਉਹ ਦੌਰ ਲੰਘ ਗਿਆ ਜਦੋਂ ਹਰ 23 ਜੂਨ ਨੂੰ ਭਾਰਤੀ ਨੁਮਾਇੰਦੇ ਯਾਦਗਾਰ ਸਥਾਨ ‘ਤੇ ਪਹੁੰਚ ਕੇ ਇਸ ਮਾਮਲੇ ਦੀ ਇੱਕ-ਪੱਖੀ ਵਿਆਖਿਆ ਪੇਸ਼ ਕਰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਹਰ ਸਾਲ 23 ਜੂਨ ਨੂੰ ਸਿੱਖ ਯਾਦਗਾਰ ‘ਤੇ ਪਹੁੰਚ ਕੇ ਕੇਵਲ ਸ਼ਰਧਾਂਜਲੀ ਹੀ ਨਹੀਂ ਦਿੰਦੇ, ਸਗੋਂ ਕੈਨੇਡੀਅਨ ਜਨਤਾ ਅੱਗੇ ਇਨਸਾਫ਼, ਜਵਾਬਦੇਹੀ ਅਤੇ ਪੂਰੇ ਸੱਚ ਦੀ ਮੰਗ ਵੀ ਪੂਰੇ ਵਿਸ਼ਵਾਸ ਨਾਲ ਰੱਖਦੇ ਹਨ। ਇਸ ਇਕੱਠ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਭਾਈ ਨਰਿੰਦਰ ਸਿੰਘ ਰੰਧਾਵਾ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਬਟਸਫੋਰਡ ਤੋਂ ਕਰਨੈਲ ਸਿੰਘ ਟੁੱਟ, ਰਣਜੀਤ ਸਿੰਘ ਚਾਹਲ, ਰਣਜੀਤ ਸਿੰਘ ਖਾਲਸਾ, ਐਸਐਫਜੇ ਦੇ ਮਨਜਿੰਦਰ ਸਿੰਘ ਖਾਲਸਾ, ਟੀਮ ਸ਼ਹੀਦ ਨਿੱਝਰ ਤੋਂ ਭਾਈ ਜੈਗ ਸਿੰਘ ਸਿੱਧੂ, ਭਾਈ ਦਲਜੀਤ ਸਿੰਘ, ਭਾਈ ਪਵਨਦੀਪ ਸਿੰਘ ਬਾਸੀ, ਭਾਈ ਭੁਪਿੰਦਰ ਸਿੰਘ ਢੇਸੀ, ਭਾਈ ਰਜਿੰਦਰ ਸਿੰਘ, ਭਾਈ ਰਜਿੰਦਰ ਸਿੰਘ ਨੱਤ ਅਤੇ ਭਾਈ ਸਲਿੰਦਰ ਸਿੰਘ ਸਮੇਤ ਕਈ ਹੋਰ ਸਿੱਖ ਆਗੂ ਅਤੇ ਸੰਗਤ ਹਾਜ਼ਰ ਰਹੇ। ਇਸ ਮੌਕੇ ‘ਤੇ ਭਾਈ ਨਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ 1985 ਦੇ ਕਨਿਸ਼ਕਾ (ਏਅਰ ਇੰਡੀਆ ਫਲਾਈਟ 182) ਬੰਬ ਧਮਾਕੇ ਸਬੰਧੀ ਕੈਨੇਡਾ ਸਰਕਾਰ ਨੂੰ ਮੁੜ ਸੁਤੰਤਰ ਜਾਂਚ ਖੋਲ੍ਹਣੀ ਚਾਹੀਦੀ ਹੈ, ਤਾਂ ਜੋ ਇਸ ਦੁਖਦਾਈ ਘਟਨਾ ਦੇ ਪਿੱਛੇ ਲੁਕੇ ਅਸਲ ਤੱਥ, ਜਵਾਬਦੇਹ ਤੱਤ ਅਤੇ ਸਾਰੀ ਹਕੀਕਤ ਲੋਕਾਂ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਇਤਿਹਾਸ ਦੇ ਇਨ੍ਹਾਂ ਖੂਨੀ ਸਫ਼ਿਆਂ ‘ਤੇ ਪਿਆ ਧੁੰਦਲਾ ਪਰਦਾ ਹਟਾਉਣਾ ਸਮੇਂ ਦੀ ਲੋੜ ਹੈ, ਕਿਉਂਕਿ ਇਨਸਾਫ਼ ਤਦੋਂ ਹੀ ਸੰਭਵ ਹੈ ਜਦੋਂ ਸੱਚ ਬੇਧੜਕ ਸਾਹਮਣੇ ਆਵੇ। ਉਨ੍ਹਾਂ ਇਹ ਵੀ ਦੱਸਿਆ ਕਿ ਖਾਲਿਸਤਾਨ ਰੈਫਰੈਂਡਮ ਦੀ ਵੋਟਿੰਗ ਦਾ ਅਗਲਾ ਪੜਾਅ 16 ਅਗਸਤ ਨੂੰ ਇੰਡਿਆਨਾਪੋਲਿਸ, ਇੰਡਿਆਨਾ ਵਿੱਚ ਹੋਵੇਗਾ, ਜਿਸ ਲਈ ਤਿਆਰੀਆਂ ਜ਼ੋਰਾਂ ‘ਤੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।