ਚੰਡੀਗੜ੍ਹ, 26 ਜੂਨ, ਬੋਲੇ ਪੰਜਾਬ ਬਿਊਰੋ :
ਹਿਮਾਚਲ ਪ੍ਰਦੇਸ਼ ਦੇ ਸੈਲਾਨੀ ਸ਼ਹਿਰ ਮਨਾਲੀ ਵਿੱਚ ਲਾਪਰਵਾਹੀ ਵਰਤਣ ਵਾਲੇ ਸੈਲਾਨੀਆਂ ਵਿਰੁੱਧ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਮਨਾਲੀ ਪੁਲਿਸ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਰਾਜਾਂ ਤੋਂ ਆਉਣ ਵਾਲੇ 12 ਸੈਲਾਨੀਆਂ ਦਾ 1,000-1,000 ਰੁਪਏ ਦਾ ਚਲਾਨ ਕੀਤਾ ਗਿਆ। ਵੱਖ-ਵੱਖ ਖੇਤਰਾਂ ਦੇ ਸੈਲਾਨੀ ਰੋਮਾਂਚ ਅਤੇ ਸੈਲਫੀ ਲੈਣ ਲਈ ਬਿਆਸ ਨਦੀ ਦੇ ਵਿਚਕਾਰ ਜਾ ਰਹੇ ਹਨ।
ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਨੇ ਵੱਖ-ਵੱਖ ਥਾਵਾਂ ‘ਤੇ ਸਾਈਨ ਬੋਰਡ ਲਗਾਏ ਹਨ ਜੋ ਨਦੀ ਦੇ ਕੰਢਿਆਂ ਦੇ ਨੇੜੇ ਜਾਣ ਤੋਂ ਚੇਤਾਵਨੀ ਦਿੰਦੇ ਹਨ। ਇਸ ਦੇ ਬਾਵਜੂਦ, ਬਹੁਤ ਸਾਰੇ ਸੈਲਾਨੀ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਨਦੀ ਵਿੱਚ ਵੜਦੇ ਰਹਿੰਦੇ ਹਨ।ਜਿਕਰਯੋਗ ਹੈ ਕਿ ਬਿਆਸ ਅਤੇ ਰਾਜ ਭਰ ਦੀਆਂ ਹੋਰ ਨਦੀਆਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।
ਕੁੱਲੂ ਦੇ ਐਸਪੀ ਮਦਨ ਲਾਲ ਨੇ ਕਿਹਾ ਕਿ ਪੁਲਿਸ ਸੈਲਾਨੀਆਂ ਨੂੰ ਨਦੀ ਦੇ ਕੰਢਿਆਂ ਦੇ ਨੇੜੇ ਜਾਣ ਦੇ ਖ਼ਤਰਿਆਂ ਬਾਰੇ ਲਗਾਤਾਰ ਜਾਗਰੂਕ ਕਰ ਰਹੀ ਹੈ ਅਤੇ ਪੁਲਿਸ ਕਰਮਚਾਰੀ ਨਿਯਮਤ ਗਸ਼ਤ ਕਰ ਰਹੇ ਹਨ। ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ।












