ਲੈਕਚਰਾਰ ਭਰਤੀ ਲਈ ਕੱਢੀਆਂ ਅਸਾਮੀਆਂ ਦਾ ਰੋਸਟਰ ਸਪਸ਼ਟ ਕਰੇ ਵਿਭਾਗ : ਡੀ.ਟੀ.ਐੱਫ.

ਚੰਡੀਗੜ੍ਹ ਪੰਜਾਬ

ਪੰਜਾਬ ਦੇ ਸਕੂਲਾਂ ਵਿੱਚ ਸਿੱਧੀ ਭਰਤੀ ਕੋਟੇ ਦੀਆਂ ਕੁੱਲ ਖਾਲੀ ਅਸਾਮੀਆਂ ਅਨੁਸਾਰ ਭਰਤੀ ਵਿੱਚ ਵਾਧਾ ਕਰੇ ਸਰਕਾਰ – ਡੀ.ਟੀ.ਐਫ.

ਚੰਡੀਗੜ੍ਹ, 28 ਜੂਨ ,ਬੋਲੇ ਪੰਜਾਬ ਬਿਊਰੋ;

ਪੰਜਾਬ ਸਰਕਾਰ ਵੱਲੋਂ 25 ਜੂਨ 2026 ਨੂੰ ਸਕੂਲ ਲੈਕਚਰਾਰ ਕਾਡਰ ਦੀਆਂ 1013 ਅਸਾਮੀਆਂ ਭਰਨ ਲਈ ਵਿਗਿਆਪਨ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 829 ਨਵੀਆਂ ਅਤੇ 184 ਬੈਕਲਾਗ ਅਸਾਮੀਆਂ ਸ਼ਾਮਲ ਹਨ। ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਜਾਰੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਇਸ ਵਿਗਿਆਪਨ ਵਿੱਚ ਅਨੁਸੂਚਿਤ ਜਾਤੀ (ਐੱਸ.ਸੀ.) ਅਤੇ ਪਿਛੜਾ ਵਰਗ (ਬੀ.ਸੀ.) ਲਈ ਵਰਤੇ ਗਏ ਰੋਸਟਰ ਜਨਤਕ ਨਹੀਂ ਕੀਤਾ ਗਿਆ ਜਿਸ ਕਾਰਨ ਇਨ੍ਹਾਂ ਵਰਗਾਂ ਦੇ ਉਮੀਦਵਾਰਾਂ ਲਈ ਇੰਨੀਆਂ ਘੱਟ ਅਸਾਮੀਆਂ ਹੋਣ ਕਾਰਣ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਹੈ। ਉਹ ਇਸ ਵਿਗਿਆਪਨ ਨੂੰ ਸੰਦੇਹ ਦੀ ਨਿਗ੍ਹਾ ਨਾਲ ਵੇਖ ਰਹੇ ਹਨ ਅਤੇ ਜਿਸ ਕਾਰਣ ਇਹ ਭਰਤੀ ਅਦਾਲਤੀ ਚੱਕਰਾਂ ਵਿੱਚ ਫਸਣ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਹਨ।
ਡੀ.ਟੀ.ਐੱਫ. ਦੇ ਆਗੂਆਂ ਨੇ ਕਿਹਾ ਕਿ ਰਾਖਵਾਂਕਰਨ ਨੀਤੀ ਦਾ ਮੂਲ ਉਦੇਸ਼ ਸਮਾਜਿਕ ਨਿਆਂ ਅਤੇ ਬਰਾਬਰ ਮੌਕਿਆਂ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਇਹ ਵੀ ਧਿਆਨ ਵਿੱਚ ਲਿਆਂਦਾ ਕਿ ਮੌਜੂਦਾ ਭਰਤੀ ਵਿਗਿਆਪਨ ਵਿੱਚ ਪੰਜਾਬੀ ਵਿਸ਼ੇ ਦੀਆਂ ਪ੍ਰਕਾਸ਼ਿਤ 71 ਅਸਾਮੀਆਂ ਵਿੱਚ ਅਨੁਸੂਚਿਤ ਜਾਤੀ (ਐੱਸ.ਸੀ.) ਅਤੇ ਪਿਛੜਾ ਵਰਗ (ਬੀ.ਸੀ.) ਲਈ ਇੱਕ ਵੀ ਅਸਾਮੀ ਸ਼ਾਮਲ ਨਹੀਂ ਕੀਤੀ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਸਾਲ 2021 ਵਿੱਚ ਜਾਰੀ ਕੀਤੀ ਗਈ ਲੈਕਚਰਾਰ ਭਰਤੀ ਦੇ ਵਿਗਿਆਪਨ ਵਿੱਚ ਵੀ ਪੰਜਾਬੀ ਵਿਸ਼ੇ ਲਈ ਇਨ੍ਹਾਂ ਵਰਗਾਂ ਦੀ ਕੋਈ ਅਸਾਮੀ ਪ੍ਰਕਾਸ਼ਿਤ ਨਹੀਂ ਕੀਤੀ ਗਈ ਸੀ। ਇਸੇ ਤਰ੍ਹਾਂ ਦੇ ਗੰਭੀਰ ਸਵਾਲ ਕੁਝ ਹੋਰ ਵਿਸ਼ਿਆਂ ਦੀਆਂ ਅਸਾਮੀਆਂ ਦੀ ਵੰਡ ਸਬੰਧੀ ਵੀ ਉੱਠ ਰਹੇ ਹਨ। ਇਸ ਲਈ ਸਿੱਖਿਆ ਵਿਭਾਗ ਨੂੰ ਰੋਸਟਰ ਅਨੁਸਾਰ ਅਸਾਮੀਆਂ ਦੀ ਵੰਡ ਬਾਰੇ ਤੁਰੰਤ ਸਪੱਸ਼ਟੀਕਰਨ ਜਾਰੀ ਕਰਕੇ ਉਮੀਦਵਾਰਾਂ ਦੇ ਸਾਰੇ ਸੰਦੇਹ ਦੂਰ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਪੰਜਾਬ ਭਰ ਵਿੱਚ ਸਰਕਾਰੀ ਸਕੂਲਾਂ ਵਿੱਚ ਹਜ਼ਾਰਾਂ ਲੈਕਚਰਾਰਾਂ ਦੀਆਂ ਖਾਲੀ ਅਸਾਮੀਆਂ ਹੋਣ ਦੇ ਬਾਵਜੂਦ ਨਿਗੁਣੀ ਗਿਣਤੀ ਵਿੱਚ ਅਸਾਮੀਆਂ ਕੱਢਣਾ ਵੀ ਬੇਰੁਜ਼ਗਾਰ ਅਧਿਆਪਕਾਂ ਲਈ ਪ੍ਰਸ਼ਨ ਬਣਿਆ ਹੋਇਆ ਹੈ।
ਡੀ.ਟੀ.ਐੱਫ. ਪੰਜਾਬ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ
ਲੈਕਚਰਾਰ ਭਰਤੀ ਵਿੱਚ ਰੋਸਟਰ ਅਨੁਸਾਰ ਐੱਸ.ਸੀ., ਬੀ.ਸੀ. ਅਤੇ ਹੋਰ ਸਾਰੀਆਂ ਰਾਖਵੀਆਂ ਸ਼੍ਰੇਣੀਆਂ ਦੀਆਂ ਵਿਸ਼ਾ-ਵਾਰ ਖਾਲੀ ਅਸਾਮੀਆਂ ਦਾ ਵਿਸਥਾਰਪੂਰਵਕ ਵੇਰਵਾ ਤੁਰੰਤ ਜਨਤਕ ਕੀਤਾ ਜਾਵੇ। ਜੇਕਰ ਵਿਗਿਆਪਨ ਵਿੱਚ ਕਿਸੇ ਕਿਸਮ ਦੀ ਅਸਪੱਸ਼ਟਤਾ ਜਾਂ ਤਰੁੱਟੀ ਹੈ ਤਾਂ ਤੁਰੰਤ ਸੋਧ-ਪੱਤਰ (Corrigendum) ਜਾਰੀ ਕਰਕੇ ਉਮੀਦਵਾਰਾਂ ਦੇ ਸਾਰੇ ਸੰਦੇਹ ਦੂਰ ਕੀਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਵਿਭਾਗ ਸਿੱਧੀ ਭਰਤੀ ਦੀਆਂ ਖਾਲੀ ਕੁੱਲ ਅਸਾਮੀਆਂ ਦਾ ਵੇਰਵਾ ਵੀ ਜਾਰੀ ਕਰਦਿਆਂ ਅਸਾਮੀਆਂ ਵਿੱਚ ਬਣਦਾ ਵਾਧਾ ਜਾਰੀ ਕਰੇ।
ਡੀ.ਟੀ.ਐੱਫ. ਆਗੂਆਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ‘ਤੇ ਤੁਰੰਤ ਸਪੱਸ਼ਟੀਕਰਨ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਭਰਤੀ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਸੰਵਿਧਾਨਕ ਰਾਖਵਾਂਕਰਨ ਨੀਤੀ ਪ੍ਰਤੀ ਉਮੀਦਵਾਰਾਂ ਦਾ ਭਰੋਸਾ ਕਾਇਮ ਰਹੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।