ਵੀ.ਬੀ.-ਜੀ ਰਾਮ ਜੀ ਤੋਂ ਘਬਰਾਈ ਕਾਂਗਰਸ, ਪਾਰਦਰਸ਼ਤਾ ਅਤੇ ਵਿਕਾਸ ਦੀ ਸਭ ਤੋਂ ਵੱਡੀ ਵਿਰੋਧੀ : ਪਰਮਜੀਤ ਸਿੰਘ ਕੈਂਥ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 29 ਜੂਨ ,ਬੋਲੇ ਪੰਜਾਬ ਬਿਊਰੋ: 

ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਵਿਕਸਿਤ ਭਾਰਤ–ਗਾਰੰਟੀ ਫਾਰ ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ (ਵੀ.ਬੀ.-ਜੀ ਰਾਮ ਜੀ) ਨੂੰ ਲੈ ਕੇ ਕਾਂਗਰਸ ਦਾ ਵਿਰੋਧ ਇਸ ਗੱਲ ਦਾ ਸਬੂਤ ਹੈ ਕਿ ਉਹ ਪਾਰਦਰਸ਼ਤਾ, ਜਵਾਬਦੇਹੀ ਅਤੇ ਪੇਂਡੂ ਭਾਰਤ ਦੇ ਅਸਲ ਵਿਕਾਸ ਤੋਂ ਡਰਦੀ ਹੈ। ਜਿਸ ਯੋਜਨਾ ਨੂੰ ਹਾਲੇ ਲਾਗੂ ਵੀ ਨਹੀਂ ਕੀਤਾ ਗਿਆ, ਉਸ ਬਾਰੇ ਝੂਠੀਆਂ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਕਾਂਗਰਸ ਦੀ ਨਿਰਾਸ਼ਾਜਨਕ ਅਤੇ ਨਕਾਰਾਤਮਕ ਰਾਜਨੀਤੀ ਦਾ ਹਿੱਸਾ ਹੈ।

ਕੈਂਥ ਨੇ ਕਿਹਾ ਕਿ ਕਾਂਗਰਸ ਨੂੰ ਮਨਰੇਗਾ ਬਾਰੇ ਬੋਲਣ ਤੋਂ ਪਹਿਲਾਂ ਆਪਣੇ ਸ਼ਾਸਨ ਦੌਰਾਨ ਹੋਏ ਘਪਲਿਆਂ ਦਾ ਹਿਸਾਬ ਦੇਣਾ ਚਾਹੀਦਾ ਹੈ। ਦੇਸ਼ ਨੇ ਜਾਅਲੀ ਜਾਬ ਕਾਰਡ, ਫ਼ਰਜ਼ੀ ਮਸਟਰ ਰੋਲ, ਕਾਗਜ਼ਾਂ ਵਿੱਚ ਚੱਲਦੇ ਕੰਮ, ਬਿਚੋਲੀਆਂ ਦੀ ਲੁੱਟ, ਘਟੀਆ ਨਿਰਮਾਣ ਕਾਰਜ ਅਤੇ ਮਜ਼ਦੂਰਾਂ ਨੂੰ ਮਹੀਨਿਆਂ ਤੱਕ ਮਜ਼ਦੂਰੀ ਨਾ ਮਿਲਣ ਦੀਆਂ ਘਟਨਾਵਾਂ ਦੇਖੀਆਂ ਹਨ। ਮਨਰੇਗਾ ਦਾ ਵੱਡਾ ਹਿੱਸਾ ਕਈ ਥਾਵਾਂ ‘ਤੇ ਭ੍ਰਿਸ਼ਟਾਚਾਰ ਦਾ ਪ੍ਰਤੀਕ ਬਣ ਗਿਆ ਸੀ ਅਤੇ ਕਾਂਗਰਸ ਅੱਜ ਉਸੇ ਅਸਫਲ ਮਾਡਲ ਦੀ ਰੱਖਿਆ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀ ਸੋਚ ਸਿਰਫ਼ ਦਿਹਾੜੀ ਦੇਣ ਤੱਕ ਸੀਮਤ ਨਹੀਂ, ਸਗੋਂ ਪੇਂਡੂ ਪਰਿਵਾਰਾਂ ਨੂੰ ਸਥਾਈ ਰੋਜ਼ਗਾਰ, ਹੁਨਰ ਵਿਕਾਸ, ਸਵੈ-ਰੋਜ਼ਗਾਰ, ਮਜ਼ਬੂਤ ਬੁਨਿਆਦੀ ਢਾਂਚਾ ਅਤੇ ਆਤਮਨਿਰਭਰ ਜੀਵਨ ਦੇ ਮੌਕੇ ਪ੍ਰਦਾਨ ਕਰਨਾ ਹੈ। ਵੀ.ਬੀ.-ਜੀ ਰਾਮ ਜੀ ਭਾਰਤ ਦੇ ਪੇਂਡੂ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਵਾਲਾ ਸੁਧਾਰ ਹੈ, ਜਿਸ ਦਾ ਮੁੱਖ ਉਦੇਸ਼ ਹਰ ਰੁਪਏ ਦੀ ਪਾਰਦਰਸ਼ੀ ਵਰਤੋਂ ਅਤੇ ਹਰ ਲਾਭਪਾਤਰੀ ਤੱਕ ਸਿੱਧਾ ਲਾਭ ਪਹੁੰਚਾਉਣਾ ਹੈ।

ਕੈਂਥ ਨੇ ਕਿਹਾ ਕਿ ਕਾਂਗਰਸ ਨੂੰ ਅਸਲ ਤਕਲੀਫ਼ ਇਹ ਨਹੀਂ ਕਿ ਕੋਈ ਨਵੀਂ ਯੋਜਨਾ ਆ ਰਹੀ ਹੈ, ਬਲਕਿ ਇਹ ਹੈ ਕਿ ਪਾਰਦਰਸ਼ੀ ਪ੍ਰਣਾਲੀ ਵਿੱਚ ਭ੍ਰਿਸ਼ਟਾਚਾਰ, ਬਿਚੋਲੀਆਂ ਅਤੇ ਰਾਜਨੀਤਿਕ ਸਰਪ੍ਰਸਤੀ ਲਈ ਕੋਈ ਥਾਂ ਨਹੀਂ ਬਚੇਗੀ। ਜਿਨ੍ਹਾਂ ਨੂੰ ਸਾਲਾਂ ਤੱਕ ਭਲਾਈ ਯੋਜਨਾਵਾਂ ਵਿੱਚ ਗੜਬੜੀਆਂ ਦੀ ਆਦਤ ਰਹੀ ਹੈ, ਉਹ ਅੱਜ ਜਵਾਬਦੇਹ ਪ੍ਰਣਾਲੀ ਤੋਂ ਘਬਰਾਏ ਹੋਏ ਹਨ।

ਉਨ੍ਹਾਂ ਕਿਹਾ ਕਿ “ਗਰੀਬੀ ਹਟਾਓ” ਦਾ ਨਾਅਰਾ ਦੇ ਕੇ ਦਹਾਕਿਆਂ ਤੱਕ ਸੱਤਾ ਦਾ ਆਨੰਦ ਮਾਣਨ ਵਾਲੀ ਕਾਂਗਰਸ ਨਾ ਗਰੀਬੀ ਦੂਰ ਕਰ ਸਕੀ, ਨਾ ਪੇਂਡੂ ਭਾਰਤ ਨੂੰ ਮਜ਼ਬੂਤ ਕਰ ਸਕੀ ਅਤੇ ਨਾ ਹੀ ਕਿਸਾਨਾਂ, ਮਜ਼ਦੂਰਾਂ ਅਤੇ ਦਲਿਤ ਵਰਗ ਦੀ ਜ਼ਿੰਦਗੀ ਵਿੱਚ ਬੁਨਿਆਦੀ ਬਦਲਾਅ ਲਿਆ ਸਕੀ। ਅੱਜ ਜਦੋਂ ਮੋਦੀ ਸਰਕਾਰ ਪਾਰਦਰਸ਼ੀ ਅਤੇ ਨਤੀਜਾ-ਕੇਂਦਰਿਤ ਸੁਧਾਰ ਲੈ ਕੇ ਆ ਰਹੀ ਹੈ ਤਾਂ ਕਾਂਗਰਸ ਆਪਣੀ ਸਿਆਸੀ ਜ਼ਮੀਨ ਖਿਸਕਦੀ ਦੇਖ ਕੇ ਬੇਬੁਨਿਆਦ ਦੋਸ਼ ਲਗਾ ਰਹੀ ਹੈ।

ਕੈਂਥ ਨੇ ਕਿਹਾ ਕਿ ਜੇਕਰ ਕਿਸੇ ਵੀ ਰਾਜ ਸਰਕਾਰ ਕੋਲ ਰਚਨਾਤਮਕ ਸੁਝਾਅ ਹਨ ਤਾਂ ਕੇਂਦਰ ਸਰਕਾਰ ਉਨ੍ਹਾਂ ਦਾ ਸਵਾਗਤ ਕਰੇਗੀ। ਪਰ ਸੁਧਾਰਾਂ ਦਾ ਅਧਿਐਨ ਕੀਤੇ ਬਿਨਾਂ ਸਿਰਫ਼ ਰਾਜਨੀਤਿਕ ਵਿਰੋਧ ਕਰਨਾ ਦੇਸ਼ ਦੇ ਵਿਕਾਸ ਨੂੰ ਰੋਕਣ ਦੀ ਕੋਸ਼ਿਸ਼ ਹੈ। ਕਾਂਗਰਸ ਹਰ ਉਸ ਯੋਜਨਾ ਦਾ ਵਿਰੋਧ ਕਰਦੀ ਹੈ ਜੋ ਪਾਰਦਰਸ਼ਤਾ, ਤਕਨਾਲੋਜੀ ਅਤੇ ਜਵਾਬਦੇਹੀ ਨੂੰ ਮਜ਼ਬੂਤ ਕਰਦੀ ਹੈ।

ਉਨ੍ਹਾਂ ਕਿਹਾ ਕਿ ਵੀ.ਬੀ.-ਜੀ ਰਾਮ ਜੀ ਦਾ ਫੈਸਲਾ ਕਾਂਗਰਸ ਦੇ ਰਾਜਨੀਤਿਕ ਬਿਆਨਾਂ ਨਾਲ ਨਹੀਂ, ਸਗੋਂ ਇਸ ਦੇ ਜ਼ਮੀਨੀ ਨਤੀਜਿਆਂ ਨਾਲ ਹੋਵੇਗਾ। ਜਦੋਂ ਪੇਂਡੂ ਖੇਤਰਾਂ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ, ਟਿਕਾਊ ਸੰਪਤੀਆਂ ਬਣਨਗੀਆਂ, ਨੌਜਵਾਨਾਂ ਨੂੰ ਹੁਨਰ ਮਿਲੇਗਾ ਅਤੇ ਪਿੰਡ ਆਰਥਿਕ ਤੌਰ ‘ਤੇ ਮਜ਼ਬੂਤ ਹੋਣਗੇ, ਤਦ ਦੇਸ਼ ਖੁਦ ਫੈਸਲਾ ਕਰੇਗਾ ਕਿ ਵਿਕਾਸ ਦੀ ਰਾਜਨੀਤੀ ਕੌਣ ਕਰ ਰਿਹਾ ਹੈ ਅਤੇ ਭਰਮ ਫੈਲਾਉਣ ਦੀ ਰਾਜਨੀਤੀ ਕੌਣ।

ਪਰਮਜੀਤ ਸਿੰਘ ਕੈਂਥ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੀ.ਬੀ.-ਜੀ ਰਾਮ ਜੀ ਯੋਜਨਾ ਨੂੰ ਨੋਟੀਫਾਈ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਪੇਂਡੂ ਵਿਕਾਸ, ਰੋਜ਼ਗਾਰ ਸਿਰਜਣ ਅਤੇ ਆਰਥਿਕ ਸਸ਼ਕਤੀਕਰਨ ਵੱਲ ਇੱਕ ਸਕਾਰਾਤਮਕ ਕਦਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਆਖ਼ਿਰਕਾਰ ਜਨਹਿੱਤ ਅਤੇ ਵਿਕਾਸ ਦੀ ਨੀਤੀ ਨੂੰ ਸਵੀਕਾਰ ਕਰਨਾ ਪਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਸੂਬਾ ਸਰਕਾਰ ਇਸ ਯੋਜਨਾ ਨੂੰ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰੇਗੀ ਤਾਂ ਜੋ ਪੰਜਾਬ ਦੇ ਪੇਂਡੂ ਮਜ਼ਦੂਰਾਂ, ਕਿਸਾਨਾਂ, ਅਨੁਸੂਚਿਤ ਜਾਤੀਆਂ, ਪਿਛੜੇ ਵਰਗਾਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।

ਭਾਜਪਾ ਆਗੂ ਕੈਂਥ ਨੇ ਕਿਹਾ ਕਿ ਇਹ ਕਾਂਗਰਸ ਦੇ ਦੋਹਰੇ ਮਾਪਦੰਡਾਂ ਦੀ ਸਭ ਤੋਂ ਵੱਡੀ ਮਿਸਾਲ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਵੀ.ਬੀ.-ਜੀ ਰਾਮ ਜੀ ਨੂੰ ਨੋਟੀਫਾਈ ਕਰ ਚੁੱਕੀ ਹੈ, ਜਦਕਿ ਦੂਜੇ ਪਾਸੇ ਕਾਂਗਰਸ ਅਜੇ ਵੀ ਇਸ ਦਾ ਵਿਰੋਧ ਕਰਕੇ ਲੋਕਾਂ ਵਿੱਚ ਭਰਮ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਯੋਜਨਾ ਇੰਨੀ ਹੀ ਨੁਕਸਾਨਦੇਹ ਹੁੰਦੀ ਤਾਂ ਪੰਜਾਬ ਸਰਕਾਰ ਇਸ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਕਦੇ ਵੀ ਜਾਰੀ ਨਾ ਕਰਦੀ। ਕਾਂਗਰਸ ਨੂੰ ਬੇਬੁਨਿਆਦ ਵਿਰੋਧ ਦੀ ਰਾਜਨੀਤੀ ਛੱਡ ਕੇ ਪੇਂਡੂ ਭਾਰਤ ਦੇ ਵਿਕਾਸ ਲਈ ਰਚਨਾਤਮਕ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਕੈਂਥ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੇਂਡੂ ਮਜ਼ਦੂਰਾਂ, ਕਿਸਾਨਾਂ, ਅਨੁਸੂਚਿਤ ਜਾਤੀਆਂ, ਪਿਛੜੇ ਵਰਗਾਂ, ਨੌਜਵਾਨਾਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਭਾਜਪਾ ਹਰ ਉਸ ਨੀਤੀ ਦੇ ਨਾਲ ਡਟ ਕੇ ਖੜ੍ਹੀ ਹੈ ਜੋ ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰੇ, ਪਾਰਦਰਸ਼ਤਾ ਨੂੰ ਮਜ਼ਬੂਤ ਕਰੇ, ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇ ਅਤੇ “ਵਿਕਸਿਤ ਭਾਰਤ” ਦੇ ਸੰਕਲਪ ਨੂੰ ਹਕੀਕਤ ਵਿੱਚ ਬਦਲੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।