ਜਿਉਂਦੇ ਅਹਿਸਾਸਾਂ ਦੀ ਕਾਵਿ-ਪੁਸਤਕ : ਮਾਇਆ (ਕਰਤਾ ਕੁਲਜੀਤ ਕੌਰ ਜੀਤ)

ਸਾਹਿਤ ਪੰਜਾਬ

ਕੁਲਜੀਤ ਕੌਰ ‘ਜੀਤ’ ਨੇ ਆਪਣੇ ਇਸ ਕਾਵਿ-ਸੰਗ੍ਰਹਿ ‘ਮਾਇਆ’ ਵਿੱਚ ਜ਼ਿੰਦਗੀ ਦੇ ਅਨੇਕਾਂ ਰੰਗਾਂ ਨੂੰ ਕਵਿਤਾ ਦੇ ਰੂਪ ਵਿੱਚ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਮਨੁੱਖੀ ਜੀਵਨ ਦੇ ਸਫ਼ਰ ਨੂੰ ਛੂਹਦੀਆਂ, ਟਟੋਲਦੀਆਂ ਅਤੇ ਉਸ ਨੂੰ ਨਵੇਂ ਅਰਥ ਦਿੰਦੀਆਂ ਹਨ। ਇਸ ਤੋਂ ਪਹਿਲਾਂ ਉਹ ਆਪਣੇ ਕਾਵਿ-ਸੰਗ੍ਰਹਿ ‘ਮਿੱਟੀ’ ਰਾਹੀਂ ਵੀ ਸਾਹਿਤਕ ਜਗਤ ਵਿੱਚ ਆਪਣੀ ਪ੍ਰਭਾਵਸ਼ਾਲੀ ਹਾਜ਼ਰੀ ਦਰਜ ਕਰਵਾ ਚੁੱਕੀ ਹੈ। ਇਸ ਤੋਂ ਇਲਾਵਾ ਦਰਜਨ ਕੁ ਸਾਂਝੇ ਕਾਵਿ ਸੰਗ੍ਰਹਿ ਵਿਚ ਉਨ੍ਹਾਂ ਦੀਆਂ ਕਵਿਤਾਵਾਂ ਸ਼ਾਮਿਲ ਹਨ।
ਅੱਜ ਦੇ ਸਮੇਂ ਵਿੱਚ ਕਵਿਤਾ ਲਿਖਣਾ ਅਤੇ ਉਸ ਨੂੰ ਪ੍ਰਕਾਸ਼ਿਤ ਕਰਵਾਉਣਾ ਔਖਾ ਨਹੀਂ ਰਿਹਾ, ਪਰ ਜ਼ਿੰਦਗੀ ਦੀ ਸੱਚੀ ਕਵਿਤਾ ਲਿਖਣਾ ਅਤੇ ਉਸ ਨੂੰ ਜਿਉਣਾ ਅਜੇ ਵੀ ਬਹੁਤ ਔਖਾ ਹੈ। ਕੁਲਜੀਤ ਕੌਰ ‘ਜੀਤ’ ਦੀ ਕਵਿਤਾ ਜੀਵਨ ਦੇ ਯਥਾਰਥ ਵਿੱਚੋਂ ਜਨਮ ਲੈਂਦੀ ਹੈ। ਇਹ ਉਹ ਕਵਿਤਾ ਹੈ ਜਿਸ ਨੂੰ ਲਿਖਣ ਦੇ ਨਾਲ-ਨਾਲ ਉਹ ਜੀਉਂਦੀ ਵੀ ਹੈ। ਅਜਿਹੀ ਕਵਿਤਾ ਉਹੀ ਰਚ ਸਕਦਾ ਹੈ ਜਿਸ ਨੂੰ ਜ਼ਿੰਦਗੀ ਦੀ ਵਿਆਕਰਨ ਦੀ ਸਮਝ ਹੋਵੇ।
ਅੱਜ ਦਾ ਮਨੁੱਖ ਭੱਜ-ਦੌੜ, ਮੁਕਾਬਲੇ ਅਤੇ ਦਿਖਾਵੇ ਵਿੱਚ ਇਸ ਕਦਰ ਉਲਝ ਗਿਆ ਹੈ ਕਿ ਉਹ ਬਹੁਤ ਕੁਝ ਹਾਸਲ ਕਰਨ ਦੀ ਚਾਹ ਵਿੱਚ ਆਪਣਾ ਹੀ ਬਹੁਤ ਕੁਝ ਗੁਆ ਰਿਹਾ ਹੈ। ਰਿਸ਼ਤੇ ਹੱਥਾਂ ਵਿੱਚੋਂ ਰੇਤ ਵਾਂਗ ਕਿਰਦੇ ਜਾ ਰਹੇ ਹਨ ਅਤੇ ਭੀੜ ਦੇ ਵਿਚਕਾਰ ਵੀ ਮਨੁੱਖ ਇਕੱਲਾ ਹੋ ਗਿਆ ਹੈ। ਇਸ ਇਕੱਲੇਪਣ ਵਿੱਚ ਸਹਿਜ ਹੋਣਾ ਮੁਸ਼ਕਿਲ ਹੈ। ਬਹੁਤੇ ਲੋਕ ਸਹਿਜ ਹੋਣ ਦਾ ਨਾਟਕ ਤਾਂ ਕਰਦੇ ਹਨ, ਪਰ ਨਾਟਕ ਕਦੇ ਸੱਚ ਨਹੀਂ ਬਣਦਾ। ਮਅਜੋਕਾ ਮਨੁੱਖ ਆਪਣੇ ਹੀ ਬਣਾਏ ਨਕਲੀ ਜੀਵਨ ਵਿੱਚ ਕੈਦ ਹੋ ਗਿਆ ਹੈ।
ਕੁਲਜੀਤ ਕੌਰ ‘ਜੀਤ’ ਬਹੁਤ ਸੂਖਮ ਸੰਵੇਦਨਾ ਦੀ ਮਾਲਕ ਹੈ। ਉਸ ਦਾ ਸਾਊ ਅਤੇ ਹਸਮੁੱਖ ਸੁਭਾਅ ਉਸ ਦੀਆਂ ਕਵਿਤਾਵਾਂ ਵਿੱਚ ਵੀ ਰਮਿਆ ਹੋਇਆ ਹੈ। ਉਹ ਜਿੱਥੇ ਵੀ ਜਾਂਦੀ ਹੈ, ਮਹਿਕਾਂ ਵੰਡਦੀ ਇੱਕ ਜਿਉਂਦੀ ਕਵਿਤਾ ਵਾਂਗ ਲੱਗਦੀ ਹੈ। ਮੈਂ ਉਸ ਦੀਆਂ ਕਵਿਤਾਵਾਂ ਨੂੰ ਸਿਰਫ਼ ਪੜ੍ਹਿਆ ਹੀ ਨਹੀਂ, ਸਗੋਂ ਮਹਿਸੂਸ ਵੀ ਕੀਤਾ ਹੈ। ਉਸ ਦੀ ਹਰ ਸਤਰ ਪਾਠਕ ਨਾਲ ਸੰਵਾਦ ਕਰਦੀ ਹੈ। ਕਦੇ ਉਹ ਸਰੋਤਾ ਬਣਦੀ ਹੈ, ਕਦੇ ਕਵੀ। ਉਸ ਦੀ ਕਵਿਤਾ ਜੀਵਨ ਦੇ ਉਸ ਸੰਵਾਦ ਨੂੰ ਮੁੜ ਸਿਰਜਦੀ ਹੈ ਜੋ ਅੱਜ ਦੇ ਮਨੁੱਖ ਦੇ ਜੀਵਨ ਵਿੱਚੋਂ ਗੁੰਮ ਹੋ ਗਿਆ ਹੈ।
ਇਹ ਕਵਿਤਾਵਾਂ ਟੁੱਟਦੇ ਰਿਸ਼ਤਿਆਂ, ਵਿਖਰਦੇ ਸੁਪਨਿਆਂ ਅਤੇ ਅੰਦਰਲੀ ਖ਼ਾਮੋਸ਼ੀ ਨੂੰ ਜੋੜਨ ਦਾ ਯਤਨ ਕਰਦੀਆਂ ਹਨ। ਕੁਲਜੀਤ ਆਪਣੇ ਘਰ-ਪਰਿਵਾਰ, ਸਮਾਜ ਅਤੇ ਅਧੂਰੇ ਸੁਪਨਿਆਂ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ। ਉਹ ਆਪਣੀ ਹਰ ਰਚਨਾ ਵਿੱਚ ਆਪ ਸਹਿਜ ਰਹਿੰਦੀ ਹੈ, ਪਰ ਪਾਠਕ ਨੂੰ ਡੂੰਘੀ ਸੋਚ ਵਿੱਚ ਲੈ ਜਾਂਦੀ ਹੈ। ਉਹ ਸ਼ਬਦਾਂ ਦਾ ਜਾਲ ਨਹੀਂ ਬੁਣਦੀ, ਸਗੋਂ ਇੱਕ ਸੁਘੜ ਸੁਆਣੀ ਵਾਂਗ ਅਰਥਾਂ ਦੀ ਕਾਰੀਗਰੀ ਕਰਦੀ ਹੈ।
‘ਮਾਇਆ’ ਵਿੱਚ ਉਹ ਇਸ ਧਾਰਨਾ ਨੂੰ ਕਈ ਪੱਖਾਂ ਤੋਂ ਦੇਖਦੀ ਅਤੇ ਰਚਨਾਤਮਕ ਢੰਗ ਨਾਲ ਪੇਸ਼ ਕਰਦੀ ਹੈ। ਮਾਇਆ ਅਤੇ ਕਾਇਆ ਦੋਵੇਂ ਮਨੁੱਖੀ ਜੀਵਨ ਦੇ ਅਟੁੱਟ ਅੰਗ ਹਨ। ਅਧਿਆਤਮ ਵਿੱਚ ਮਾਇਆ ਨੂੰ ਨਾਗਣੀ ਕਿਹਾ ਗਿਆ ਹੈ। ਬਹੁਤੇ ਲੋਕ ਇਸ ਦੇ ਮੋਹ ਵਿੱਚ ਫਸ ਕੇ ਆਪਣੇ ਜੀਵਨ ਨੂੰ ਜ਼ਹਿਰ ਨਾਲ ਭਰ ਲੈਂਦੇ ਹਨ, ਪਰ ਕੁਲਜੀਤ ਕੌਰ ‘ਜੀਤ’ ਦੀ ‘ਮਾਇਆ’ ਵਿੱਚ ਜ਼ਹਿਰ ਨਹੀਂ, ਅੰਮ੍ਰਿਤ ਹੈ। ਉਹ ਸ਼ਬਦਾਂ ਦੇ ਪਿਆਲੇ ਭਰ ਕੇ ਆਪਣੇ/✓ ਆਪ ਨੂੰ ਵੀ ਤ੍ਰਿਪਤ ਕਰਦੀ ਹੈ ਅਤੇ ਪਾਠਕਾਂ ਨੂੰ ਵੀ।
ਇਸ ਕਾਵਿ ਸੰਗ੍ਰਹਿ ਵਿਚ ਸ਼ਾਮਿਲ ਕਵਿਤਾਵਾਂ, “ਸ਼ਹਾਦਤ ਦੇ ਰੰਗ,ਊੜਾ ਤੇ ਜੂੜਾ, ਪੱਗ ਦੀ ਸ਼ਾਨ, ਨਜ਼ਮਾਂ ਤੇ ਕਲਮਾਂ, ਚੌਖਟ, ਸੀਰਤ, ਇਸ਼ਕ, ਗੁਰੂ ਤੇਗ ਬਹਾਦਰ, ਸਾਹ ਦੀ ਮਿਆਦ, ਅੱਕ ਦਾ ਬੂਟਾ, ਠੀਕ ਨਹੀਂ, ਕਲ਼ਮ ਦਾ ਨੂਰ, ਜ਼ਿੰਦਗੀ, ਮਿੱਟੀ ਦੇ ਕਾਸੜੇ, ਮਾਤਮ, ਖ਼ਤ, ਤੁਰਿਆ ਚੱਲ, ਨੀਰ, ਕਸੂਤੇ ਨੈਣ, ਇਬਾਦਤ, ਦੀਦ ਸੱਜਣ ਦੀ, ਖੁਸ਼ਬੋ, ਕਾਰਵਾਂ ਦਾ ਪਿਆਰ, ਪੈਸਾ, ਉਹ ਚੰਗੇ ਨਹੀਂ, ਕੂੰਜਾਂ, ਚੁੱਪ, ਟੁੱਟਿਆ ਕਾਸਾ, ਯਾਦਾਂ ਦੇ ਝਰੋਖੇ, ਸਫ਼ਰ, ਬਿਰਹੋਂ, ਕਾਲ, ਪੈਗ਼ਾਮ, ਪਾਣੀ ਦਾ ਰੂਪ, ਬਸੰਤ ਰੁੱਤ, ਟੁੱਟੇ ਖ਼ੁਆਬ, ਸੌੜੀਆਂ ਸੋਚਾਂ, ਸਫ਼ੈਦ ਲ਼ਹੂ, ਨਫ਼ਰਤ ਦਾ ਸ਼ਗਨ, ਇਕ ਨਾਰ, ਢਲਦੇ ਪਰਛਾਵੇਂ, ਸਬਕ, ਦੀਵਾ, ਝੂਠ ਦਾ ਜ਼ਹਿਰ, ਚੜ੍ਹਾਈ, ਸ਼ਾਇਰ ਦੀ ਦੌਲਤ, ਪ੍ਰਦੇਸ਼, ਦਿਲ ਦੀ ਉਸਾਰੀ, ਦਰਿਆ ਦਿਲ, ਮਹਿਕਾਂ ਦੇ ਵਣਜਾਰੇ, ਚਕਾਚੌਂਧ, ਚੇਤਾ, ਆਤਮ ਮੰਥਨ, ਚਾਨਣ ਦੀ ਜੋਤ, ਯਾਤਰਾ, ਤਾਂਘ, ਉਡਿਆ ਭੌਰ, ਚਿੜੀਆਂ, ਭਰੋਸਾ, ਸਰਬੰਸਦਾਨੀ, ਦਰਦਾਂ ਦੀ ਗੱਲ, ਫ਼ਕੀਰ, ਚੁੱਪ ਦੇ ਬੋਲ, ਪਰਵਾਜ਼, ਵਕਤ ਦੀ ਭੱਠੀ, ਨੀਂਦਰ, ਮਾਇਆ ਹਨ।” ਜਿਹੜੀਆਂ ਜ਼ਿੰਦਗੀ ਦੇ ਸਫ਼ਰ ਬਾਰੇ, ਆਪਣੀਆਂ ਯਾਦਾਂ ਸਾਂਝੀਆਂ ਕਰਦੀਆਂ ਹਨ। ਇਹਨਾਂ ਵਿੱਚ ਮੋਹ ਪਿਆਰ, ਰਿਸ਼ਤਿਆਂ ਦੀ ਪਾਕੀਜ਼ਗੀ ਤੇ ਦਰਦਾਂ ਦਾ ਅਹਿਸਾਸ ਵੀ ਹੈ। ਜ਼ਿੰਦਗੀ ਦੇ ਹਰ ਰੰਗ ਨੂੰ ਸ਼ਬਦਾਂ ਰਾਹੀਂ ਕਲਮਬੰਦ ਕੀਤਾ ਗਿਆ ਹੈ।
ਅੱਜ ਦੇ ਸਮੇਂ ਵਿੱਚ ਹੱਸਣਾ, ਗਾਉਣਾ, ਨੱਚਣਾ, ਰੋਣਾ, ਬੁਣਨਾ ਅਤੇ ਸਿਰਜਣਾ—ਸਭ ਕੁਝ ਔਖਾ ਹੋ ਗਿਆ ਹੈ। ਮਨੁੱਖ ਦੇ ਅੰਦਰਲਾ ਮਨੁੱਖ ਗਾਇਬ ਹੋ ਰਿਹਾ ਹੈ। ਝੂਠੇ ਵਿਕਾਸ ਨੇ ਮਨੁੱਖ ਨੂੰ ਮਸ਼ੀਨ ਬਣਾ ਦਿੱਤਾ ਹੈ ਅਤੇ ਮਸ਼ੀਨਾਂ ਕੋਲ ਨਾ ਦਿਲ ਹੁੰਦਾ ਹੈ, ਨਾ ਸੰਵੇਦਨਾ। ਮਨੁੱਖ ਵੱਲੋਂ ਬਣਾਇਆ ਤਰੱਕੀ ਦਾ ਮਾਡਲ ਹੀ ਉਸ ਦੇ ਗਲੇ ਦਾ ਫੰਦਾ ਬਣਦਾ ਜਾ ਰਿਹਾ ਹੈ।
ਇਸ ਸੰਗ੍ਰਹਿ ਨੂੰ ਪੜ੍ਹਦਿਆਂ ਕਈ ਵਾਰ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਕਿਤਾਬ ਤੁਹਾਨੂੰ ਪੜ੍ਹ ਰਹੀ ਹੋਵੇ। ਇਹ ਸ਼ਕਤੀ ਹਰ ਪੁਸਤਕ ਵਿੱਚ ਨਹੀਂ ਹੁੰਦੀ। ‘ਮਾਇਆ’ ਦੀਆਂ ਕਵਿਤਾਵਾਂ ਵਿੱਚ ਇਹ ਸਮਰੱਥਾ ਹੈ। ਮੈਂ ਕੋਈ ਆਲੋਚਕ ਨਹੀਂ ਅਤੇ ਨਾ ਹੀ ਇਹ ਦਾਅਵਾ ਕਰਦਾ ਹਾਂ ਕਿ ਮੇਰਾ ਅਨੁਭਵ ਅੰਤਿਮ ਸੱਚ ਹੈ; ਮੈਂ ਤਾਂ ਕੇਵਲ ਇੱਕ ਪਾਠਕ ਵਜੋਂ ਆਪਣਾ ਅਨੁਭਵ ਸਾਂਝਾ ਕਰ ਰਿਹਾ ਹਾਂ।
ਕੁਦਰਤ ਨਾਲ ਸੰਵਾਦ, ਮੋਹ, ਪਿਆਰ, ਸਤਿਕਾਰ ਅਤੇ ਅਪਣੱਤ ਅੱਜ ਕਾਗਜ਼ਾਂ ਤੱਕ ਸੀਮਤ ਹੁੰਦੇ ਜਾ ਰਹੇ ਹਨ। ਇਹ ਕਵਿਤਾਵਾਂ ਮਨੁੱਖ ਨੂੰ ਮੁੜ ਮਨੁੱਖ ਬਣਨ ਦੀ ਨਸੀਹਤ ਦਿੰਦੀਆਂ ਹਨ। ਇਹ ਪਾਠਕ ਨੂੰ ਆਪਣੇ ਆਪ ਨਾਲ ਰੂ-ਬ-ਰੂ ਕਰਦੀਆਂ ਹਨ ਅਤੇ ਸਵਾਲ ਪੁੱਛਦੀਆਂ ਹਨ—”ਉਹ ਕੌਣ ਹੈ? ਮੈਂ ਕੌਣ ਹਾਂ?” ਇਹਨਾਂ ਸਵਾਲਾਂ ਦੇ ਜਵਾਬ ਲੱਭਣ ਲਈ ਇਹਨਾਂ ਕਵਿਤਾਵਾਂ ਵਿੱਚੋਂ ਲੰਘਣਾ ਪਵੇਗਾ।
ਭਗਤ ਕਬੀਰ ਜੀ ਦਾ ਪ੍ਰਸਿੱਧ ਬਚਨ ਹੈ—
ਢਾਈ ਅੱਖਰ ਪ੍ਰੇਮ ਕੇ,
ਪੜ੍ਹੇ ਸੋ ਪੰਡਿਤ ਹੋਏ।
ਪਰ ਅੱਜ ਬਹੁਗਿਣਤੀ ਮਨੁੱਖ ਇਹਨਾਂ ਢਾਈ ਅੱਖਰਾਂ ਦੀ ਗਹਿਰਾਈ ਨੂੰ ਸਮਝਣ ਤੋਂ ਵਾਂਝੇ ਹਨ। ਇਸ ਪੁਸਤਕ ਦੀਆਂ ਕਈ ਕਵਿਤਾਵਾਂ ਪ੍ਰੇਮ ਦੇ ਉਸ ਅਰਥ ਵੱਲ ਇਸ਼ਾਰਾ ਕਰਦੀਆਂ ਹਨ ਜੋ ਦੇਹ, ਲਾਲਸਾ ਅਤੇ ਪਦਾਰਥਵਾਦ ਤੋਂ ਪਰੇ ਹੈ। ਮਨੁੱਖ ਅੱਗੇ ਵਧਣ ਦੀ ਦੌੜ ਵਿੱਚ ਆਪਣੇ ਹੀ ਬਣਾਏ ਚੱਕਰਵਿਊਹ ਵਿੱਚ ਫਸ ਗਿਆ ਹੈ। ਮੁਹੱਬਤ, ਸਤਿਕਾਰ ਅਤੇ ਸਾਂਝ ਦੀ ਬੋਲੀ ਭੁੱਲ ਕੇ ਉਹ ਆਪਣੀ “ਮੈਂ” ਦਾ ਗੁਲਾਮ ਬਣਦਾ ਜਾ ਰਿਹਾ ਹੈ।
ਇਸ ਕਾਵਿ ਸੰਗ੍ਰਹਿ ਬਾਰੇ ਡਾਕਟਰ ਦਰਸ਼ਨ ਸਿੰਘ ਆਸ਼ਟ ਲਿਖਦੇ ਹਨ, “ਇਹ ਕਵਿਤਾਵਾਂ ਜਿੱਥੇ ਆਪਣੀ ਮਾਤ ਭਾਸ਼ਾ, ਵਿਰਾਸਤ ਅਤੇ ਸਭਿਆਚਾਰ ਪ੍ਰਤੀ ਸਜਗ ਰਹਿਣ ਲਈ ਚੇਤੰਨ ਕਰਦੀਆਂ ਹਨ, ਉਥੇ ਹੀ ਅਜਿਹਾ ਸੰਤੁਲਿਤ ਵਾਤਾਵਰਨ ਪੈਦਾ ਕਰਨ ਦੀ ਲੋੜ ਉਪਰ ਬਲ ਦਿੰਦੀਆਂ ਹਨ। ਜਿਥੇ ਸਭੇ ਸਾਂਝੀਵਾਲ ਸਦਾਇਨ ਦੀ ਭਾਵਨਾ ਸਹੀ ਅਰਥਾਂ ਵਿਚ ਵਧ ਫੁੱਲ ਸਕੇ।”
‘ਮਾਇਆ’ ਉਸ ਅਦਿੱਖ ਮਾਇਆ-ਜਾਲ ਨੂੰ ਸਮਝਣ ਅਤੇ ਤੋੜਨ ਦਾ ਸੱਦਾ ਹੈ। ਇਹ ਮਨੁੱਖ ਨੂੰ ਮਨੁੱਖ, ਕੁਦਰਤ, ਸਮਾਜ ਅਤੇ ਕਰਤਾਰ ਨਾਲ ਮੁੜ ਜੋੜਨ ਵਾਲੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਇਹ ਕਵਿਤਾ ਨੂੰ ਨਵੇਂ ਨਜ਼ਰੀਏ ਅਤੇ ਨਵੇਂ ਅਰਥਾਂ ਨਾਲ ਪੜ੍ਹਨ ਦੀ ਪ੍ਰੇਰਣਾ ਦਿੰਦਾ ਹੈ।
ਕਵਿਤਾ ਨੂੰ ਸਮਝਣ ਦਾ ਹਰ ਪਾਠਕ ਦਾ ਆਪਣਾ ਨਜ਼ਰੀਆ ਹੁੰਦਾ ਹੈ। ਮੈਂ ਵੀ ਇਸ ਪੁਸਤਕ ਨੂੰ ਆਪਣੇ ਅਨੁਭਵਾਂ ਦੀ ਰੌਸ਼ਨੀ ਵਿੱਚ ਪੜ੍ਹਿਆ ਹੈ। ਹੁਣ ਤੁਹਾਡੀ ਵਾਰੀ ਹੈ। ਮੈਨੂੰ ਯਕੀਨ ਹੈ ਕਿ ‘ਮਾਇਆ’ ਦੀਆਂ ਕਵਿਤਾਵਾਂ ਤੁਹਾਡੇ ਅੰਦਰ ਵੀ ਕੋਈ ਨਾ ਕੋਈ ਦਰਵਾਜ਼ਾ ਜ਼ਰੂਰ ਖੋਲ੍ਹਣਗੀਆਂ।
— ਬੁੱਧ ਸਿੰਘ ਨੀਲੋਂ
94643-70823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।