ਨਵੀ ਦਿੱਲੀ, 3 ਜੁਲਾਈ ,ਬੋਲੇ ਪੰਜਾਬ ਬਿਊਰੋ;
ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਇੱਕ ਐਪ ਰਾਹੀਂ ਈ-ਰਿਕਸ਼ਾ ਨੂੰ ਰੋਕ ਦਿੱਤਾ ਗਿਆ । ਇਹ ਸਭ ਈ-ਰਿਕਸ਼ਾ ਵਿੱਚ ਵਰਤੇ ਜਾਣ ਵਾਲੇ ਬੈਟਰੀ ਮੈਨੇਜਮੈਂਟ ਸਿਸਟਮ (BMS) ਵਿੱਚ ਪਾਵਰ ਸਪਲਾਈ ਬੰਦ ਕਰਕੇ ਕੀਤਾ ਜਾ ਰਿਹਾ ਹੈ।
ਦਿੱਲੀ ਸਮੇਤ ਕਈ ਸ਼ਹਿਰਾਂ ਵਿੱਚ ਈ-ਰਿਕਸ਼ਾ ਚਾਲਕਾਂ ਲਈ ਪਰੇਸ਼ਾਨੀ ਬਣੇ 3 ਐਪਸ ਨੂੰ ਸਰਕਾਰ ਨੇ ਐਪ ਸਟੋਰ ਤੋਂ ਹਟਾਉਣ ਦੇ ਆਦੇਸ਼ ਦਿੱਤੇ ਹਨ। ਇਹ ਐਪਸ BAT-BMS, ਲੌਸਿਜੀ (Lossigy) ਅਤੇ ਇਪੋਚ ਲੀ-ਆਇਨ (Epoch Li-ion) ਹਨ।
ਆਈਟੀ (IT) ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਦੱਸ ਦਈਏ ਕਿ ਹਾਲ ਹੀ ਵਿੱਚ ਸ਼ਿਕਾਇਤਾਂ ਮਿਲੀਆਂ ਸਨ ਕਿ ਕੁਝ ਲੋਕ ਇਨ੍ਹਾਂ ਐਪਸ ਰਾਹੀਂ ਬਲੂਟੁੱਥ ਦੀ ਮਦਦ ਨਾਲ ਈ-ਰਿਕਸ਼ਾ ਦੀ ਬੈਟਰੀ ਨੂੰ ਬੰਦ ਕਰਕੇ ਚਲਦੇ ਈ-ਰਿਕਸ਼ਾ ਨੂੰ ਰੋਕ ਦਿੰਦੇ ਸਨ। ਇਸ ਨਾਲ ਚਾਲਕਾਂ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਸੀ। ਇਨ੍ਹਾਂ ਘਟਨਾਵਾਂ ਦੀਆਂ ਵੀਡੀਓਜ਼ ਵੀ ਵਾਇਰਲ ਹੋਈਆਂ ਸਨ।
ਦਰਅਸਲ, ਕੁਝ ਈ-ਰਿਕਸ਼ਾ ਦੀਆਂ ਲੀਥੀਅਮ ਬੈਟਰੀਆਂ ਦਾ ਬਲੂਟੁੱਥ ਮੈਨੇਜਮੈਂਟ ਸਿਸਟਮ ਬਿਨਾਂ ਪਾਸਵਰਡ ਜਾਂ ਕਮਜ਼ੋਰ ਸੁਰੱਖਿਆ ਵਾਲਾ ਸੀ, ਇਸ ਲਈ ਐਪ ਉਸ ਨਾਲ ਕਨੈਕਟ ਹੋ ਜਾਂਦਾ ਸੀ। ਹਾਲਾਂਕਿ, ਕਾਰਾਂ ਦੇ ਬੈਟਰੀ ਸਿਸਟਮ ਵਿੱਚ ਮਜ਼ਬੂਤ ਸੁਰੱਖਿਆ ਅਤੇ ਐਨਕ੍ਰਿਪਸ਼ਨ ਹੁੰਦੀ ਹੈ, ਇਸ ਲਈ ਕੋਈ ਵੀ ਆਮ ਐਪ ਉਨ੍ਹਾਂ ਨਾਲ ਕਨੈਕਟ ਨਹੀਂ ਹੋ ਸਕਦਾ।












