ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਸੰਘਰਸ਼ ਕਰਨ ਦਾ ਐਲਾਨ
ਗੁਰਦਾਸਪੁਰ,6, ਜੁਲਾਈ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋ);
ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਗੁਰਦਾਸਪੁਰ ਨੇ ਬਲਾਕ ਸਿੱਖਿਆ ਅਫ਼ਸਰ ਕਾਦੀਆਂ 2 ਦੀ ਪ੍ਰਬੰਧਕੀ ਆਧਾਰ ਤੇ ਝੰਨੀਰ ਮਾਨਸਾ ਵਿਖੇ ਹੋਈ ਬਦਲੀ ਰੱਦ ਕਰਕੇ ਮੁੜ ਕਾਦੀਆਂ 2 ਬਲਾਕ ਵਿੱਚ ਤਾਇਨਾਤੀ ਕਰਨ ਦਾ ਗੰਭੀਰਤਾ ਨਾਲ ਨੋਟਿਸ ਲਿਆ ਹੈ। ਇਸ ਸਬੰਧੀ ਅੱਜ ਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਕਿ ਇਸ ਦੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੋਈ ਮੁੜ ਬਦਲੀ ਰੱਦ ਕਰਕੇ ਇਸ ਦੇ ਖਿਲਾਫ ਬਣਦੀ ਕਾਰਵਾਈ ਕਰਵਾਈ ਜਾਵੇ। ਉਨ੍ਹਾਂ ਵੱਲੋਂ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਉੱਚ ਸਿੱਖਿਆ ਅਧਿਕਾਰੀਆਂ ਨਾਲ ਸੰਪਰਕ ਕਰਕੇ ਬਦਲੀ ਰੱਦ ਕਰਵਾ ਕੇ ਬਣਦੀ ਕਾਰਵਾਈ ਕਰਵਾਉਣਗੇ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਫਰੰਟ ਦੀ ਕਨਵੀਨਰ ਬਲਵਿੰਦਰ ਕੌਰ ਰਾਵਲਪਿੰਡੀ ਨੇ ਦੱਸਿਆ ਕਿ ਬਦਲੀ ਰੱਦ ਹੋਣ ਨਾਲ ਲੰਮੇ ਸਮੇਂ ਤੋਂ ਆਪਣੇ ਮਾਨ ਸਨਮਾਨ ਦੀ ਲੜਾਈ ਲੜ੍ਹ ਰਹੀਆਂ ਸਿਖਿਆ ਵਿਭਾਗ ਪੰਜਾਬ ਦੀਆਂ ਸਕੂਲ ਅਧਿਆਪਕਾਂਵਾ ਦੇ ਸਨਮਾਨ ਨੂੰ ਉਸ ਸਮੇਂ ਭਾਰੀ ਠੇਸ ਪਹੁੰਚੀ ਹੈ। ਜਦੋਂ ਕਿ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ, ਐਮ ਐਲ ਏ ਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ, ਪਿੰਡਾਂ ਦੀਆਂ ਪੰਚਾਇਤਾਂ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਕੂਲ ਗੁਰਦਾਸਪੁਰ ਅਤੇ ਜਨਤਕ ਜਥੇਬੰਦੀਆਂ ਦੇ ਦਬਾਅ ਸਦਕਾ ਬੀ ਪੀ ਈ ਓ ਕਾਦੀਆਂ 2 ਖਿਲਾਫ ਸੰਗੀਨ ਦੋਸ਼ਾਂ ਨੂੰ ਦੇਖਦਿਆਂ 13 ਮਈ ਨੂੰ ਲੋਕ ਹਿਤ ਵਿੱਚ ਬਦਲੀ ਜ਼ਿਲ੍ਹਾ ਮਾਨਸਾ ਕੀਤੀ ਸੀ। ਪਰ ਬਗੈਰ ਕਿਸੇ ਕਾਰਨ ਤੋਂ 30-06-2026 ਬਦਲੀ ਰੱਦ ਕਰਕੇ ਮੁੜ ਕਾਦੀਆਂ 2 ਬਲਾਕ ਵਿੱਚ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਮਾਵਾਂ ਭੈਣਾਂ ਸਤਿਕਾਰ ਯੋਜਨਾ ਤਹਿਤ ਔਰਤਾਂ ਨੂੰ ਸਨਮਾਨ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ। ਦੂਜੇ ਪਾਸੇ ਔਰਤ ਵਿਰੋਧੀ ਮਾਨਸਿਕਤਾ ਵਾਲੇ ਅਧਿਕਾਰੀ ਦੀ ਪੁਸ਼ਤਪਨਾਹੀ ਕਰਕੇ ਵਿਭਾਗ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਮੁਜਾਹਰਾ ਕੀਤਾ ਗਿਆ ਹੈ। ਇਹ ਵਰਨਣਯੋਗ ਹੈ ਕਿ ਫ਼ਤਹਿਗੜ੍ਹ ਚੂੜੀਆਂ, ਕਾਦੀਆਂ 2 ਬਲਾਕ ਦੀਆਂ ਔਰਤ ਅਧਿਆਪਕਾਂਵਾਂ ਨੇ ਜਾਂਚ ਪੜਤਾਲ ਕਮੇਟੀ ਅੱਗੇ ਪੇਸ਼ ਹੋ ਕੇ ਗੰਭੀਰ ਰੂਪ ਵਿੱਚ ਦੋਸ਼ ਲਗਾਏ ਸਨ । ਜਨਤਕ ਜਥੇਬੰਦੀਆਂ ਵੱਲੋਂ ਇਸ ਸਬੰਧੀ ਰੋਸ ਪ੍ਰਦਰਸ਼ਨ ਵੀ ਕੀਤੇ ਸਨ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵਲੋਂ ਵੱਖ ਵੱਖ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਜਲਦੀ ਹੀ ਗੁਰਦਾਸਪੁਰ ਦੀਆਂ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਜਾਵੇਗੀ।ਇਸ ਧੱਕੇਸ਼ਾਹੀ ਖ਼ਿਲਾਫ਼ ਇੱਕ ਮੁਠ ਹੋ ਕੇ ਸੰਘਰਸ ਕੀਤਾ ਜਾਵੇਗਾ । ਅਤੇ ਸਿਖਿਆ ਵਿਭਾਗ ਪੰਜਾਬ ਦੀ ਭ੍ਰਿਸ਼ਟਾਚਾਰ ਨੀਤੀਆਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਐਮ ਐਲ ਏ ਦੀ ਗੈਰ ਹਾਜ਼ਰੀ ਵਿੱਚ ਸਰਦਾਰ ਅਮਰੀਕ ਸਿੰਘ ਨੇ ਮੰਗ ਪੱਤਰ ਲਿਆ। ਅਤੇ ਇਸ ਮੌਕੇ ਧੀਰਾ ਪਿੰਡ ਦੇ ਸਰਪੰਚ ਦਵਿੰਦਰ ਸਿੰਘ,ਸੁਲਖਣ ਸਿੰਘ, ਸੁਖਵੰਤ ਸਿੰਘ, ਪੀੜਤ ਅਧਿਆਪਕਾ ਕਮਲਪ੍ਰੀਤ ਕੌਰ ਮੁਲਾਜ਼ਮ ਆਗੂ ਅਮਰਜੀਤ ਸ਼ਾਸਤਰੀ, ਹਾਜ਼ਰ ਸਨ।












