ਜਲਾਲਾਬਾਦ ਤੇ ਮਮਦੋਟ ‘ਚ AAP, ਗੁਰੂਹਰਸਹਾਏ ‘ਚ ਕਾਂਗਰਸ ਦਾ ਚਲਿਆ ਜਾਦੂ ,ਅਕਾਲੀ ਦਲ ਨੂੰ 4 ਸੀਟਾਂ ‘ਤੇ ਭਾਜਪਾ ਨਹੀਂ ਖੋਲ੍ਹ ਸਕੀ ਖ਼ਾਤਾ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ , 6 ਜੁਲਾਈ ,ਬੋਲੇ ਪੰਜਾਬ ਬਿਊਰੋ;

 ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਨੇ ਵੱਖ-ਵੱਖ ਸਿਆਸੀ ਉਲਟ-ਫੇਰ ਦਿਖਾਏ ਹਨ। ਜਿੱਥੇ ਸੱਤਾਧਾਰੀ ਆਮ ਆਦਮੀ ਪਾਰਟੀ (AAP) ਜਲਾਲਾਬਾਦ ਵਿੱਚ ਆਪਣਾ ਦਬਦਬਾ ਕਾਇਮ ਰੱਖਣ ਵਿੱਚ ਕਾਮਯਾਬ ਰਹੀ, ਉੱਥੇ ਹੀ ਗੁਰੂਹਰਸਹਾਏ ਵਿੱਚ ਕਾਂਗਰਸ ਨੇ ਹੂੰਝਾਫੇਰ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ, ਮਮਦੋਟ ਨਗਰ ਪੰਚਾਇਤ ਵਿੱਚ ‘ਆਪ’ ਅਤੇ ਅਕਾਲੀ ਦਲ (SAD) ਦਰਮਿਆਨ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਪੂਰੀ ਚੋਣ ਪ੍ਰਕਿਰਿਆ ਦੌਰਾਨ ਭਾਰਤੀ ਜਨਤਾ ਪਾਰਟੀ (BJP) ਨੂੰ ਵੱਡਾ ਝਟਕਾ ਲੱਗਾ ਹੈ, ਜੋ ਤਿੰਨਾਂ ਸਥਾਨਕ ਨਿਕਾਗਾਂ ਵਿੱਚ ਇੱਕ ਵੀ ਸੀਟ ਜਿੱਤਣ ਵਿੱਚ ਨਾਕਾਮ ਰਹੀ।ਜਲਾਲਾਬਾਦ ਨਗਰ ਕੌਂਸਲ ਵਿੱਚ ਸੱਤਾਧਾਰੀ ‘ਆਪ’ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ 17 ਵਾਰਡਾਂ ਵਿੱਚੋਂ 12 ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇੱਥੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ 4 ਵਾਰਡਾਂ ਵਿੱਚ ਸਫ਼ਲਤਾ ਮਿਲੀ, ਜਦੋਂ ਕਿ ਅਕਾਲੀ ਦਲ ਮਹਿਜ਼ 1 ਸੀਟ ‘ਤੇ ਸਿਮਟ ਕੇ ਰਹਿ ਗਿਆ। ਭਾਜਪਾ ਇੱਥੇ ਆਪਣਾ ਖ਼ਾਤਾ ਵੀ ਨਹੀਂ ਖੋਲ੍ਹ ਸਕੀ। ਇਹ ਨਤੀਜਾ ਇਸ ਖੇਤਰ ਵਿੱਚ ਸੱਤਾਧਾਰੀ ਧਿਰ ਦੇ ਹੌਸਲੇ ਬੁਲੰਦ ਕਰਨ ਵਾਲਾ ਹੈ।

ਗੁਰੂਹਰਸਹਾਏ ਨਗਰ ਕੌਂਸਲ ਚੋਣਾਂ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ, ਜਿੱਥੇ ਕਾਂਗਰਸ ਨੇ ਵਿਰੋਧੀਆਂ ਦਾ ਸਫ਼ਾਇਆ ਕਰਦੇ ਹੋਏ 15 ਵਿੱਚੋਂ 13 ਵਾਰਡਾਂ ‘ਤੇ ਹੂੰਝਾਫੇਰ ਜਿੱਤ ਹਾਸਲ ਕੀਤੀ। ਬਾਕੀ ਬਚੀਆਂ 2 ਸੀਟਾਂ ਸ਼ਿਰੋਮਣੀ ਅਕਾਲੀ ਦਲ ਦੇ ਖ਼ਾਤੇ ਵਿੱਚ ਗਈਆਂ। ਹਲਕੇ ਦੇ ਕਈ ਵੱਡੇ ਆਗੂਆਂ ਦੀ ਮੌਜੂਦਗੀ ਦੇ ਬਾਵਜੂਦ ਇੱਥੇ ‘ਆਪ’ ਅਤੇ ਭਾਜਪਾ ਦੋਵੇਂ ਹੀ ਸਿਫ਼ਰ ‘ਤੇ ਰਹੀਆਂ, ਜਿਸ ਕਾਰਨ ਕਾਂਗਰਸ ਦੀ ਇਸ ਜਿੱਤ ਨੂੰ ਜ਼ਿਲ੍ਹੇ ਦੇ ਸਭ ਤੋਂ ਫੈਸਲਾਕੁੰਨ ਨਤੀਜਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

13 ਮੈਂਬਰੀ ਮਮਦੋਟ ਨਗਰ ਪੰਚਾਇਤ ਵਿੱਚ ਆਮ ਆਦਮੀ ਪਾਰਟੀ 9 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਜ਼ਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਹੀ ‘ਆਪ’ ਦੇ 9 ਉਮੀਦਵਾਰ ਅਤੇ ਅਕਾਲੀ ਦਲ (SAD) ਦੇ 2 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਐਲਾਨੇ ਜਾ ਚੁੱਕੇ ਸਨ। ਬਾਕੀ ਬਚੇ 2 ਵਾਰਡਾਂ ਲਈ ਅੱਜ ਐਤਵਾਰ ਨੂੰ ਹੋਈ ਵੋਟਿੰਗ ਦੌਰਾਨ ਦੋਵਾਂ ਸੀਟਾਂ ‘ਤੇ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ, ਜਿਸ ਨਾਲ 13 ਮੈਂਬਰੀ ਕੌਂਸਲ ਵਿੱਚ ਅਕਾਲੀ ਦਲ ਦੇ ਮੈਂਬਰਾਂ ਦੀ ਗਿਣਤੀ ਵੱਧ ਕੇ 4 ਹੋ ਗਈ ਹੈ। ਨਾਮਜ਼ਦਗੀ ਪ੍ਰਕਿਰਿਆ ਦੌਰਾਨ ਹੋਈ ਹਿੰਸਾ ਦੇ ਮੱਦੇਨਜ਼ਰ ਅੱਜ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ, ਜਿਸ ਸਦਕਾ ਵੋਟਿੰਗ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਨੇਪਰੇ ਚੜ੍ਹੀ।

ਇਨ੍ਹਾਂ ਚੋਣ ਨਤੀਜਿਆਂ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਸਿਆਸੀ ਰੁਝਾਨਾਂ ਨੂੰ ਉਜਾਗਰ ਕੀਤਾ ਹੈ, ਜਿੱਥੇ ‘ਆਪ’ ਨੇ ਜਲਾਲਾਬਾਦ ਅਤੇ ਮਮਦੋਟ ਵਿੱਚ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ, ਉੱਥੇ ਹੀ ਕਾਂਗਰਸ ਨੇ ਗੁਰੂਹਰਸਹਾਏ ਵਿੱਚ ਆਪਣਾ ਪੁਰਾਣਾ ਕਿਲ੍ਹਾ ਬਚਾ ਲਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।