ਐੱਸ.ਏ.ਐੱਸ. ਨਗਰ (ਮੋਹਾਲੀ), 6 ਜੁਲਾਈ ,ਬੋਲੇ ਪੰਜਾਬ ਬਿਊਰੋ;
ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ (ਐਲੀਮੈਂਟਰੀ), ਪੰਜਾਬ ਵੱਲੋਂ ਅੱਜ ਸਾਲ 2026 ਦੀਆਂ ਆਮ ਬਦਲੀਆਂ ਦੇ ਸਬੰਧ ਵਿੱਚ ਇੱਕ ਅਹਿਮ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ। ਵਿਭਾਗ ਨੇ ਪ੍ਰਾਇਮਰੀ ਵਿੰਗ ਨਾਲ ਸਬੰਧਤ ਅਧਿਆਪਕਾਂ (ਈ.ਟੀ.ਟੀ., ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ) ਸਮੇਤ ਸਿੱਖਿਆ ਪ੍ਰੋਵਾਈਡਰਾਂ, ਬੀ.ਜੀ.ਐੱਸ., ਏ.ਈ.ਈ., ਐੱਸ.ਟੀ.ਆਰ. ਵਲੰਟੀਅਰਾਂ ਅਤੇ ਆਈ.ਈ. ਵਲੰਟੀਅਰਾਂ ਨੂੰ ਜ਼ਿਲ੍ਹੇ ਦੇ ਅੰਦਰ (Within District) ਬਦਲੀ ਕਰਵਾਉਣ ਲਈ ਇੱਕ ਹੋਰ ਸੁਨਹਿਰੀ ਮੌਕਾ ਦਿੱਤਾ ਹੈ।

ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਜਿਹੜੇ ਬਿਨੈਕਾਰ ਪਹਿਲਾਂ ਬਦਲੀ ਲਈ ਅਪਲਾਈ ਕਰ ਚੁੱਕੇ ਹਨ ਅਤੇ ਹੁਣ ਆਪਣੇ ਹੀ ਜ਼ਿਲ੍ਹੇ ਦੇ ਅੰਦਰ ਬਦਲੀ ਕਰਵਾਉਣਾ ਚਾਹੁੰਦੇ ਹਨ, ਉਹ ਈ-ਪੰਜਾਬ (E-Punjab) ਪੋਰਟਲ ‘ਤੇ ਲੌਗਇਨ ਕਰਕੇ ਆਪਣੀ ਸਟੇਸ਼ਨ ਚੋਣ ਕਰ ਸਕਦੇ ਹਨ। ਸ਼ੁਰੂਆਤੀ ਮਿਤੀ 06 ਜੁਲਾਈ 2026 ਅਤੇ ਆਖਰੀ ਮਿਤੀ ਅਤੇ ਸਮਾਂ 07 ਜੁਲਾਈ 2026, ਬਾਅਦ ਦੁਪਹਿਰ 04:00 ਵਜੇ ਤੱਕ ਦਾ ਹੈ। ਬਦਲੀ ਲਈ ਉਪਲਬਧ ਖਾਲੀ ਅਸਾਮੀਆਂ ਦੀ ਸੂਚੀ ਪੋਰਟਲ ਦੇ ‘Transfer Menu’ ਵਿੱਚ ‘Station Choice’ ਲਿੰਕ ‘ਤੇ ਦੇਖੀ ਜਾ ਸਕਦੀ ਹੈ।ਵਿਭਾਗ ਨੇ ਇਸ ਵਾਰ ਨਿਯਮਾਂ ਵਿੱਚ ਸਖ਼ਤੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਜੋ ਅਧਿਆਪਕ ਇਸ ਗੇੜ ਦੌਰਾਨ ਬਦਲੀ ਕਰਵਾਉਣ ਵਿੱਚ ਸਫ਼ਲ ਹੋ ਜਾਣਗੇ, ਉਨ੍ਹਾਂ ਨੂੰ ਬਦਲੀ ਵਾਲੇ ਨਵੇਂ ਸਟੇਸ਼ਨ ‘ਤੇ ਜੁਆਇਨ ਕਰਨਾ ਲਾਜ਼ਮੀ ਹੋਵੇਗਾ। ਕਿਸੇ ਵੀ ਹਾਲਤ ਵਿੱਚ ਬਦਲੀ ਰੱਦ ਨਹੀਂ ਕੀਤੀ ਜਾਵੇਗੀ। ਇਸ ਲਈ ਅਧਿਆਪਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਟੇਸ਼ਨ ਦੀ ਚੋਣ ਬਹੁਤ ਹੀ ਧਿਆਨਪੂਰਵਕ ਕਰਨ।
ਜੇਕਰ ਕਿਸੇ ਅਧਿਆਪਕ ਨੂੰ ਆਨਲਾਈਨ ਸਟੇਸ਼ਨ ਚੋਣ ਕਰਨ ਸਮੇਂ ਕੋਈ ਤਕਨੀਕੀ ਦਿੱਕਤ ਪੇਸ਼ ਆਉਂਦੀ ਹੈ, ਤਾਂ ਉਹ ਆਪਣੇ ਜ਼ਿਲ੍ਹੇ ਦੇ ਐੱਮ. ਆਈ. ਐੱਸ. (MIS) ਕੋਆਰਡੀਨੇਟਰ ਨਾਲ ਮਦਦ ਲਈ ਸੰਪਰਕ ਕਰ ਸਕਦੇ ਹਨ। ਸਾਰੇ ਜ਼ਿਲ੍ਹਾ ਕੋਆਰਡੀਨੇਟਰਾਂ ਦੇ ਫ਼ੋਨ ਨੰਬਰਾਂ ਦੀ ਸੂਚੀ ਈ-ਪੰਜਾਬ ਸਕੂਲ ਪੋਰਟਲ (Epunjabschoolportal) ‘ਤੇ ਉਪਲਬਧ ਕਰਵਾਈ ਗਈ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਅੰਦਰ ਬਦਲੀ ਦੇ ਪਹਿਲੇ ਗੇੜ ਵਿੱਚ ਸਫ਼ਲ ਰਹੇ ਅਧਿਆਪਕਾਂ ਦੇ ਹੁਕਮ 27 ਜੂਨ 2026 ਨੂੰ ਹੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਇਹ ਨਵਾਂ ਫੈਸਲਾ ਬਾਕੀ ਰਹਿ ਗਏ ਅਧਿਆਪਕਾਂ ਨੂੰ ਰਾਹਤ ਦੇਣ ਲਈ ਲਿਆ ਗਿਆ ਹੈ।












