ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਜੁਲਾਈ ,ਬੋਲੇ ਪੰਜਾਬ ਬਿਊਰੋ:
ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਅਧੀਨ ਚੱਲ ਰਹੇ ਨੌਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (ਐਨ ਆਈ ਆਈ ਐੱਫ ਟੀ), ਮੋਹਾਲੀ ਦੇ ਨਵੇਂ ਨਿਯੁਕਤ ਪ੍ਰਿੰਸੀਪਲ ਡਾ. ਮਨੀਸ਼ ਕੁਮਾਰ ਜਿੰਦਲ ਨੇ ਐਨ ਆਈ ਆਈ ਐੱਫ ਟੀ, ਮੋਹਾਲੀ ਵਿਖੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ। ਸੰਸਥਾਨ ਦੇ ਰਜਿਸਟਰਾਰ ਰਮਨਦੀਪ ਸਿੰਘ ਨੇ ਉਨ੍ਹਾਂ ਨੂੰ ਵਿਧੀਵਤ ਅਹੁਦਾ ਸੰਭਾਲਵਾਇਆ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ।
ਉਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਚੰਡੀਗੜ੍ਹ ਵਿਖੇ ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟੋਰੇਟ ਵਿੱਚ ਐਨ ਆਈ ਆਈ ਐੱਫ ਟੀ ਦੇ ਡਾਇਰੈਕਟਰ ਜਨਰਲ ਅਤੇ ਪੰਜਾਬ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ ਸ੍ਰੀ ਜਸਪ੍ਰੀਤ ਸਿੰਘ, ਆਈ.ਏ.ਐਸ. ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ।
ਇਸ ਮੌਕੇ ਸ੍ਰੀ ਜਸਪ੍ਰੀਤ ਸਿੰਘ, ਆਈ.ਏ.ਐਸ. ਨੇ ਡਾ. ਜਿੰਦਲ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਐਨ ਆਈ ਆਈ ਐੱਫ ਟੀ, ਮੋਹਾਲੀ ਪੰਜਾਬ ਸਰਕਾਰ ਦਾ ਇੱਕ ਵੱਕਾਰੀ ਸੰਸਥਾਨ ਹੈ, ਜਿਸ ਨੇ ਫੈਸ਼ਨ ਸਿੱਖਿਆ, ਡਿਜ਼ਾਈਨ, ਨਵੀਨਤਾ ਅਤੇ ਹੁਨਰ ਵਿਕਾਸ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਡਾ. ਜਿੰਦਲ ਦਾ ਵਿਸ਼ਾਲ ਅਕਾਦਮਿਕ ਅਤੇ ਪ੍ਰਸ਼ਾਸਨਿਕ ਤਜਰਬਾ ਅਤੇ ਦੂਰਅੰਦੇਸ਼ੀ ਲੀਡਰਸ਼ਿਪ ਸੰਸਥਾਨ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਵੇਗੀ ਅਤੇ ਇਸ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਛਾਣ ਨੂੰ ਹੋਰ ਮਜ਼ਬੂਤ ਕਰੇਗੀ।
ਅਹੁਦਾ ਸੰਭਾਲਣ ਉਪਰੰਤ ਸੰਸਥਾਨ ਦੇ ਅਧਿਆਪਨ ਅਤੇ ਗੈਰ-ਅਧਿਆਪਨ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਨਾਲ ਜਾਣ-ਪਛਾਣ ਮੀਟਿੰਗ ਕਰਵਾਈ ਗਈ। ਇਸ ਮੌਕੇ ਡਾ. ਜਿੰਦਲ ਦਾ ਨਿੱਘਾ ਸਵਾਗਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਕਿਸੇ ਵੀ ਸਿੱਖਿਆ ਸੰਸਥਾ ਦੀ ਸਫਲਤਾ ਟੀਮ ਵਰਕ, ਅਨੁਸ਼ਾਸਨ, ਪਾਰਦਰਸ਼ਤਾ, ਨਵੀਨਤਾ ਅਤੇ ਸਾਂਝੇ ਯਤਨਾਂ ‘ਤੇ ਨਿਰਭਰ ਕਰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ, ਉਦਯੋਗ-ਅਨੁਕੂਲ ਅਤੇ ਰੁਜ਼ਗਾਰਮੁਖੀ ਸਿੱਖਿਆ ਪ੍ਰਦਾਨ ਕਰਨ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ।
ਇਸ ਤੋਂ ਬਾਅਦ ਡਾ. ਜਿੰਦਲ ਨੇ ਗੈਰ-ਅਧਿਆਪਨ (ਨਾਨ-ਟੀਚਿੰਗ) ਕਰਮਚਾਰੀਆਂ ਨਾਲ ਵੱਖਰੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਵਿਵਸਥਾ ਕਿਸੇ ਵੀ ਸੰਸਥਾ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਗੈਰ-ਅਧਿਆਪਨ ਕਰਮਚਾਰੀਆਂ ਦੀ ਭੂਮਿਕਾ ਸੰਸਥਾ ਦੇ ਸੁਚਾਰੂ ਸੰਚਾਲਨ ਵਿੱਚ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਪਾਰਦਰਸ਼ਤਾ, ਜਵਾਬਦੇਹੀ, ਸਮੇਂ ਸਿਰ ਕੰਮਕਾਜ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ ‘ਤੇ ਜ਼ੋਰ ਦਿੱਤਾ।
ਮੀਟਿੰਗਾਂ ਤੋਂ ਬਾਅਦ ਡਾ. ਮਨੀਸ਼ ਕੁਮਾਰ ਜਿੰਦਲ ਨੇ ਪੂਰੇ ਸੰਸਥਾਨ ਦਾ ਦੌਰਾ ਕੀਤਾ। ਇਸ ਦੌਰਾਨ ਸਹਾਇਕ ਪ੍ਰੋਫੈਸਰ ਡਾ. ਪੂਨਮ ਅਗਰਵਾਲ ਠਾਕੁਰ ਨੇ ਉਨ੍ਹਾਂ ਨੂੰ ਸੰਸਥਾਨ ਦੇ ਵੱਖ-ਵੱਖ ਅਕਾਦਮਿਕ ਅਤੇ ਪ੍ਰਸ਼ਾਸਨਿਕ ਵਿਭਾਗਾਂ, ਡਿਜ਼ਾਈਨ ਸਟੂਡੀਓਜ਼, ਲੈਬੋਰਟਰੀਆਂ, ਲਾਇਬ੍ਰੇਰੀ, ਸਮਾਰਟ ਕਲਾਸਰੂਮਾਂ ਅਤੇ ਹੋਰ ਸਹੂਲਤਾਂ ਬਾਰੇ ਜਾਣੂ ਕਰਵਾਇਆ। ਡਾ. ਜਿੰਦਲ ਨੇ ਵਿਭਾਗ ਮੁਖੀਆਂ ਅਤੇ ਸਟਾਫ ਨਾਲ ਗੱਲਬਾਤ ਕਰਕੇ ਸੰਸਥਾਨ ਦੀ ਕਾਰਜਪ੍ਰਣਾਲੀ ਅਤੇ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਐਨ ਆਈ ਆਈ ਐੱਫ ਟੀ ਦੀ ਡਾਇਰੈਕਟਰ ਡਾ. ਕਨੂ ਥਿੰਦ, ਪੀ.ਸੀ.ਐਸ. ਨੇ ਕਿਹਾ, “ਡਾ. ਮਨੀਸ਼ ਕੁਮਾਰ ਜਿੰਦਲ ਦਾ ਐਨਆਈਆਈਐੱਫਟੀ, ਮੋਹਾਲੀ ਦੇ ਪ੍ਰਿੰਸੀਪਲ ਵਜੋਂ ਸਵਾਗਤ ਕਰਦਿਆਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਦਾ ਅਕਾਦਮਿਕ ਅਤੇ ਪ੍ਰਸ਼ਾਸਨਿਕ ਤਜਰਬਾ ਸੰਸਥਾਨ ਨੂੰ ਨਵੀਂ ਊਰਜਾ ਅਤੇ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਸੰਸਥਾਨ ਗੁਣਵੱਤਾ ਭਰਪੂਰ ਸਿੱਖਿਆ, ਨਵੀਨਤਾ, ਖੋਜ, ਉਦਯੋਗ-ਅਕਾਦਮਿਕ ਸਹਿਯੋਗ ਅਤੇ ਵਿਦਿਆਰਥੀ-ਕੇਂਦਰਿਤ ਪਹਿਲਾਂ ਨੂੰ ਹੋਰ ਮਜ਼ਬੂਤ ਕਰੇਗਾ।”
ਸੰਸਥਾਨ ਦੇ ਰਜਿਸਟਰਾਰ ਰਮਨਦੀਪ ਸਿੰਘ ਨੇ ਕਿਹਾ, “ਡਾ. ਮਨੀਸ਼ ਕੁਮਾਰ ਜਿੰਦਲ ਦੇ ਰੂਪ ਵਿੱਚ ਐਨਆਈਆਈਐੱਫਟੀ, ਮੋਹਾਲੀ ਨੂੰ ਇੱਕ ਤਜਰਬੇਕਾਰ, ਦੂਰਅੰਦੇਸ਼ ਅਤੇ ਗਤੀਸ਼ੀਲ ਪ੍ਰਿੰਸੀਪਲ ਮਿਲੇ ਹਨ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਸੰਸਥਾਨ ਅਕਾਦਮਿਕ ਉੱਤਮਤਾ, ਪ੍ਰਸ਼ਾਸਨਿਕ ਕੁਸ਼ਲਤਾ, ਖੋਜ, ਨਵੀਨਤਾ ਅਤੇ ਉਦਯੋਗ ਨਾਲ ਸਾਂਝੇਦਾਰੀ ਦੇ ਖੇਤਰ ਵਿੱਚ ਨਵੀਆਂ ਉਪਲਬਧੀਆਂ ਹਾਸਲ ਕਰੇਗਾ।”












