ਅਦਾਰਾ ਪਰਵਾਜ਼ ਪੰਜਾਬ ਨੇ ਜੰਮੂ ਅਤੇ ਦਿੱਲੀ ਦੇ ਗ੍ਰਿਫ਼ਤਾਰ ਕੀਤੇ ਤਿੰਨ ਪ੍ਰਕਾਸ਼ਕਾਂ ਦੀ ਰਿਹਾਈ ਮੰਗੀ

ਪੰਜਾਬ

ਫ਼ਤਹਿਗੜ੍ਹ ਸਾਹਿਬ,15 ਜੁਲਾਈ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋ);
ਅਦਾਰਾ ਪਰਵਾਜ਼ ਪੰਜਾਬ ਨੇ ਕਾਉੰਟਰ ਇੰਟੈਲੀਜੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਨਾਮਵਰ ਪੁਸਤਕ ਪ੍ਰਕਾਸ਼ਕਾਂ ਦੀ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਉਹਨਾਂ ਨੂੰ ਫੌਰੀ ਰਿਹਾਅ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦੀ ਰਿਹਾਈ ਦੀ ਮੰਗ ਕਰਦਿਆਂ ਅਦਾਰੇ ਦੇ ਸੂਬਾ ਕਨਵੀਨਰ ਸੁਖਵਿੰਦਰ ਪੱਪੀ, ਅਰਵਿੰਦਰ ਕੌਰ ਕਾਕੜਾ (ਡਾ:), ਸੂਬਾ ਕਮੇਟੀ ਮੈਂਬਰ ਜਸਬੀਰ ਦੀਪ,ਅਜਮੇਰ ਸਿੱਧੂ,ਇਕਬਾਲ ਕੌਰ ਉਦਾਸੀ , ਸਵਰਨ ਧਾਰੀਵਾਲ, ਰਬਿੰਦਰ ਸ਼ਰਮਾ ਨੇ ਕਿਹਾ ਹੈ ਕਿ
‘ਪਰਸਨੈਲਿਟੀਜ਼ ਐਂਡ ਲੈਜੈਂਡਜ਼ ਆਫ਼ ਜੇ ਐਂਡ ਕੇ’, ਜਿਸ ਦੇ ਲੇਖਕ ਹਿਲਾਲ ਅਹਿਮਦ ਅਤੇ ਸੰਤੋਸ਼ ਮੀਨਾ ਹਨ ਅਤੇ ਇਹ ਜੰਮੂ-ਅਧਾਰਿਤ ਓਬਰਾਏ ਬੁੱਕ ਸਰਵਿਸ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ, ਅਤੇ ‘ਗ੍ਰੇਟ ਪਰਸਨੈਲਿਟੀਜ਼ ਆਫ਼ ਜੰਮੂ ਐਂਡ ਕਸ਼ਮੀਰ’, ਜਿਸ ਦੇ ਲੇਖਕ ਸ਼ੁਸ਼ਾਂਤ ਗਿਰੀ ਹਨ ਅਤੇ ਇਹ ਦਿੱਲੀ-ਅਧਾਰਿਤ ਅਨੁਰਾਗ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਅਦਾਲਤ ਨੇ ਤਿੰਨ ਪ੍ਰਕਾਸ਼ਕਾਂ ਨੂੰ 10-ਦਿਨਾਂ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਹੈ, ਜੋ ਕਿ ਵੱਖਵਾਦੀ ਆਗੂਆਂ ਦੀ ਸ਼ਲਾਘਾ ਕਰਨ ਵਾਲੀਆਂ ਕਿਤਾਬਾਂ ਦੀ ਕਥਿਤ ਛਪਾਈ ਅਤੇ ਵੰਡ ਨਾਲ ਸਬੰਧਤ ਹੈ, ਅਧਿਕਾਰੀਆਂ ਅਨੁਸਾਰ ਜੰਮੂ ਵਿੱਚ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ 12 ਜੁਲਾਈ ਨੂੰ ਇਨ੍ਹਾਂ ਤਿੰਨਾਂ ਪ੍ਰਕਾਸ਼ਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਸਰਕਾਰੀ ਲਾਇਬ੍ਰੇਰੀਆਂ ਨੂੰ ਸਪਲਾਈ ਕੀਤੀਆਂ ਗਈਆਂ ਕੁਝ ਕਿਤਾਬਾਂ ਵਿੱਚ ਕਥਿਤ ਵੱਖਵਾਦੀਆਂ ਦੀ ਸ਼ਲਾਘਾ ਕਰਨ ਵਾਲੀ ਸਮੱਗਰੀ ਮਿਲਣ ਦੇ ਵਿਵਾਦ ਦੀ ਆਪਣੀ ਜਾਰੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ।
ਗ੍ਰਿਫ਼ਤਾਰ ਕੀਤੇ ਗਏ ਪ੍ਰਕਾਸ਼ਕ ਓਬਰਾਏ ਬੁੱਕ ਸਰਵਿਸ ਤੋਂ ਇੰਦਰਪੌਲ ਅਤੇ ਨੋਇਡਾ-ਅਧਾਰਿਤ ਡੋਮੀਨੈਂਟ ਪਬਲਿਸ਼ਰਜ਼ ਤੋਂ ਅਮਰਦੀਪ ਸਿੰਘ ਅਤੇ ਗਿਰਿਸ਼ ਅਰੋੜਾ ਨੂੰ ਅਦਾਲਤ ਵਿੱਚ ਵਰਚੁਅਲ ਤੌਰ ‘ਤੇ ਪੇਸ਼ ਕੀਤਾ ਗਿਆ, ਜਿਸ ਨੇ ਮਾਮਲੇ ਦੀ ਹੋਰ ਜਾਂਚ ਲਈ ਪੁਲਿਸ ਹਿਰਾਸਤ ਮਨਜ਼ੂਰ ਕਰ ਦਿੱਤੀ।
ਕਾਊਂਟਰ-ਇੰਟੈਲੀਜੈਂਸ ਟੀਮਾਂ ਨੇ 6 ਜੁਲਾਈ ਨੂੰ ਉਨ੍ਹਾਂ ਦੇ ਅਹਾਤਿਆਂ ‘ਤੇ ਛਾਪੇਮਾਰੀ ਕੀਤੀ ਸੀ।

4 ਜੁਲਾਈ ਨੂੰ, ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਭਾਰਤੀ ਨਿਆਇ ਸੰਹਿਤਾ (BNS) ਦੀਆਂ ਧਾਰਾਵਾਂ 49 (ਉਕਸਾਉਣਾ), 61(2) (ਅਪਰਾਧਿਕ ਸਾਜ਼ਿਸ਼), 152 (ਭਾਰਤ ਦੀ ਖ਼ੁਦਮੁਖ਼ਤਿਆਰੀ, ਏਕਤਾ ਅਤੇ ਅਖੰਡਤਾ ਨੂੰ ਖ਼ਤਰੇ ਵਿੱਚ ਪਾਉਣਾ), 196 (ਦੁਸ਼ਮਣੀ, ਅਸ਼ਾਂਤੀ ਨੂੰ ਉਤਸ਼ਾਹਿਤ ਕਰਨਾ) ਅਤੇ 353 (ਝੂਠੇ ਬਿਆਨ, ਅਫਵਾਹਾਂ ਜਾਂ ਰਿਪੋਰਟਾਂ ਛਾਪਣਾ ਜਾਂ ਵੰਡਣਾ) ਦੇ ਨਾਲ-ਨਾਲ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀ ਧਾਰਾ 13 ਤਹਿਤ ਐਫ.ਆਈ.ਆਰ. ਦਰਜ ਕੀਤੀ ਸੀ।ਇੱਥੇ ਵਰਨਣਯੋਗ ਹੈ ਕਿ ਇਸਤੋਂ ਪਹਿਲਾਂ ਜੰਮੂ ਕਸ਼ਮੀਰ ਸਰਕਾਰ ਵਲੋਂ ਉੱਘੇ ਲੇਖਕਾਂ ਦੀਆਂ 25 ਕਿਤਾਬਾਂ ਉੱਤੇ ਪਾਬੰਦੀ ਲਾਈ ਜਾ ਚੁੱਕੀ ਹੈ।
ਇਹ ਕਿਤਾਬਾਂ ਬੁੱਕਰ ਇਨਾਮ ਜੇਤੂ ਵਿਸ਼ਵ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ, ਤਾਰਿਕ ਅਲੀ, ਅਬਦੁਲ ਗਫੂਰ ਮਜੀਦ ਨੂਰਾਨੀ, ਅਨੁਰਾਧਾ ਭਸੀਨ, ਸੁਮੰਤਰਾ ਬੋਸ, ਕਿ੍ਸਟੋਫਰ ਸਨੇਡਨ, ਰਾਧਿਕਾ ਗੁਪਤਾ, ਸੀਮਾ ਕਾਜ਼ੀ, ਡਾ. ਅਬਦੁਲ ਜੱਬਰ ਗੋਕਖਾਨੀ ਵਰਗੇ ਉੱਘੇ ਲੇਖਕਾਂ, ਵਿਦਵਾਨਾਂ, ਸੰਪਾਦਕਾਂ ਅਤੇ ਇਤਿਹਾਸਕਾਰਾਂ ਦੀਆਂ ਲਿਖੀਆਂ ਹੋਈਆਂ ਹਨ। ਆਕਸਫੋਰਡ ਯੂਨੀਵਰਸਿਟੀ ਪ੍ਰੈੱਸ, ਰੂਟਲੈਜ, ਵਾਈਕਿੰਗ ਪੈਂਗੂਇਨ, ਹਾਰਪਰ ਕੌਲਿਨਜ਼, ਕੈਂਬਰਿਜ਼ ਯੂਨੀਵਰਸਿਟੀ ਪ੍ਰੈੱਸ, ਪੈਨ ਮੈਕਮਿਲਨ ਇੰਡੀਆ ਵਰਗੇ ਅੰਤਰਰਾਸ਼ਟਰੀ ਪੱਧਰ ਦੇ ਮਿਆਰੀ ਪ੍ਰਕਾਸ਼ਨ ਸਮੂਹਾਂ ਵੱਲੋਂ ਪ੍ਰਕਾਸ਼ਤ ਕੀਤੀਆਂ ਡੂੰਘੀ ਖੋਜ ਅਤੇ ਇਤਿਹਾਸਕ ਤੱਥਾਂ ’ਤੇ ਆਧਾਰਤ ਇਨ੍ਹਾਂ ਕਿਤਾਬਾਂ ਨੂੰ “ਝੂਠੇ ਬਿਰਤਾਂਤ” ਅਤੇ “ਵੱਖਵਾਦ” ਨੂੰ ਪ੍ਰਚਾਰਨ ਵਾਲਾ ‘ਗੁੰਮਰਾਹਕੁਨ’ ਸਾਹਿਤ ਕਰਾਰ ਦੇ ਕੇ ਪਾਬੰਦੀ ਲਾਈ ਜਾ ਚੁੱਕੀ ਹੈ ਜੀ ਸਰਕਾਰ ਦੀ ਫਾਸ਼ੀਵਾਦੀ ਮਾਨਸਿਕਤਾ ਦਾ ਮੂੰਹ ਬੋਲਦਾ ਸਬੂਤ ਹੈ। ਇਹ ਕਸ਼ਮੀਰੀਆਂ ਨਾਲ ਹੋਏ ਧੱਕੇ ਤੇ ਵਿਤਕਰੇ ਦੇ ਦਸਤਾਵੇਜ਼ੀ ਸਬੂਤਾਂ ਨੂੰ ਮਿਟਾਉਣ ਅਤੇ ਕਸ਼ਮੀਰੀ ਕੌਮ ਦੀਆਂ ਅਗਲੀਆਂ ਪੀੜ੍ਹੀਆਂ ਤੋਂ ਉਨ੍ਹਾਂ ਦਾ ਇਤਿਹਾਸ ਖੋਹਣ ਦਾ ਘਿਣਾਉਣਾ ਯਤਨ ਹੈ ਜਿਸ ਰਾਹੀਂ ਸਰਕਾਰ ਆਪਣੇ ਮਨਪਸੰਦ ਝੂਠੇ ਬਿਰਤਾਂਤ ਨੂੰ ਸਦੀਵੀਂ ਸੱਚ ਬਣਾਕੇ ਸਥਾਪਤ ਕਰਨਾ ਚਾਹੁੰਦੀ ਹੈ।
ਉਹਨਾਂ ਕਿਹਾ ਕਿ ਸਮੂੰਹ ਇਨਸਾਫ਼ਪਸੰਦ ਅਤੇ ਜਮਹੂਰੀ ਮੁੱਲਾਂ ਨੂੰ ਪ੍ਰਣਾਈਆਂ ਤਾਕਤਾਂ ਨੂੰ ਇਹਨਾਂ ਪ੍ਰਕਾਸ਼ਕਾਂ ਦੀਆਂ ਗ੍ਰਿਫ਼ਤਾਰੀਆਂ ਦਾ ਡੱਟਕੇ ਵਿਰੋਧ ਕਰਨਾ ਚਾਹੀਦਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।