ਮਾਨ ਸਰਕਾਰ ਦਾ ਹਰਾ ਪਿਨ ਡਾਂਗ ਵਿੱਚ ਬਦਲ ਗਿਆ
ਸ਼੍ਰੀ ਚਮਕੌਰ ਸਾਹਿਬ,16, ਜੁਲਾਈ,ਬੋਲੇ ਪੰਜਾਬ ਬਿਊਰੋ;
ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ (IFTU) ਜ਼ਿਲ੍ਹਾ ਰੂਪਨਗਰ ਵੱਲੋਂ ਮਨਰੇਗਾ ਮੁਲਾਜ਼ਮਾਂ ਉੱਤੇ ਖੰਨਾ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਮੇਸ਼ ਨੂਰਪੁਰ, ਸਕੱਤਰ ਮਲਾਗਰ ਖਮਾਣੋ, ਚੈਅਰਮੈਨ ਬਲਵਿੰਦਰ ਸਿੰਘ ਸਿਮਰੂ ਪ੍ਰੈਸ ਸਕੱਤਰ ਸਤਵਿੰਦਰ ਸਿੰਘ ਨੀਟਾ ਨੇ ਕਿਹਾ ਕਿ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਮੁਲਾਜ਼ਮਾਂ ‘ਤੇ ਲਾਠੀਚਾਰਜ ਕਰਨਾ ਲੋਕਤੰਤਰੀ ਹੱਕਾਂ ਦਾ ਘੋਰ ਉਲੰਘਣ ਹੈ। ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਗੱਲਬਾਤ ਰਾਹੀਂ ਕਰਨਾ ਚਾਹੀਦਾ ਹੈ, ਨਾ ਕਿ ਪੁਲਿਸ ਬਲ ਦੀ ਵਰਤੋਂ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਯੂਨੀਅਨ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ, ਜ਼ਖ਼ਮੀ ਮੁਲਾਜ਼ਮਾਂ ਨੂੰ ਯੋਗ ਮੁਆਵਜ਼ਾ ਅਤੇ ਇਲਾਜ ਕਰਵਿਆ ਜਾਵੇ
ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਨਰੇਗਾ ਮੁਲਾਜ਼ਮਾਂ ਨਾਲ ਹੋਈ ਇਸ ਧੱਕੇਸ਼ਾਹੀ ਦਾ ਇਨਸਾਫ਼ ਨਾ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਨਾ ਮੰਨਿਆ ਗਿਆ ਤਾਂ ਇਫਟੂ ਮਨਰੇਗਾ ਮੁਲਾਜ਼ਮਾਂ ਦੇ ਹੱਕ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।












