ਮਾਨ ਸਰਕਾਰ ਵੱਲੋਂ ਜਾਇਦਾਦ ਰਜਿਸਟ੍ਰੇਸ਼ਨ ਦੀ ਭਾਸ਼ਾ ਨੂੰ ਆਮ ਲੋਕਾਂ ਲਈ ਹੋਰ ਸੁਖਾਲਾ ਬਣਾਉਣ ਦਾ ਫ਼ੈਸਲਾ
ਚੰਡੀਗੜ੍ਹ, 19 ਜੁਲਾਈ ,ਬੋਲੇ ਪੰਜਾਬ ਬਿਊਰੋ;
ਪੰਜਾਬ ਸਰਕਾਰ ਨੇ ਆਮ ਲੋਕਾਂ ਦੀ ਸਹੂਲਤ ਲਈ ਜ਼ਮੀਨ ਅਤੇ ਜਾਇਦਾਦ ਦੀ ਖ਼ਰੀਦ-ਵੇਚ ਸਮੇਂ ਰਜਿਸਟ੍ਰੇਸ਼ਨ ਦੀ ਭਾਸ਼ਾ ਨੂੰ ਹੋਰ ਸੌਖਾ ਬਣਾਉਣ ਵੱਲ ਇੱਕ ਅਹਿਮ ਕਦਮ ਚੁੱਕਿਆ ਹੈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਮਾਲ ਵਿਭਾਗ ਵਿੱਚ ਮੁੱਦਤਾਂ ਤੋਂ ਵਰਤੇ ਜਾਂਦੇ 35 ਔਖੇ ਸ਼ਬਦਾਂ ਦੀ ਥਾਂ ਸੌਖੇ ਅਤੇ ਆਮ ਲੋਕਾਂ ਦੀ ਸਮਝ ਵਿੱਚ ਆਉਣ ਵਾਲੇ ਪੰਜਾਬੀ ਸ਼ਬਦ ਵਰਤਣ ਦਾ ਫ਼ੈਸਲਾ ਕੀਤਾ ਹੈ।
ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਸਰਕਾਰ ਦਾ ਉਦੇਸ਼ ਸਰਕਾਰੀ ਸੇਵਾਵਾਂ ਨੂੰ ਲੋਕਾਂ ਲਈ ਵਧੇਰੇ ਸਰਲ, ਪਾਰਦਰਸ਼ੀ ਅਤੇ ਸੁਖਾਲਾ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਜਾਇਦਾਦ ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਦਸਤਾਵੇਜ਼ਾਂ ਵਿੱਚ ਵਰਤੀ ਜਾਂਦੀ ਔਖੀ ਭਾਸ਼ਾ ਕਾਰਨ ਆਮ ਲੋਕਾਂ ਨੂੰ ਅਕਸਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਲਈ ਸਰਕਾਰ ਨੇ ਲੋਕਾਂ ਦੀ ਸਹੂਲਤ ਨੂੰ ਪਹਿਲ ਦਿੰਦਿਆਂ ਪੁਰਾਣੇ ਔਖੇ ਸ਼ਬਦਾਂ ਦੀ ਥਾਂ ਹੁਣ ਸੌਖੇ ਪੰਜਾਬੀ ਸ਼ਬਦ ਵਰਤਣ ਦਾ ਫ਼ੈਸਲਾ ਕੀਤਾ ਹੈ।
ਮਾਲ ਮੰਤਰੀ ਨੇ ਦੱਸਿਆ ਕਿ ਮਾਲ ਵਿਭਾਗ ਵਿੱਚ ਵਰਤੇ ਜਾਂਦੇ ਔਖੇ ਸ਼ਬਦਾਂ ਨੂੰ ਆਮ ਲੋਕਾਂ ਲਈ ਸੌਖਾ ਬਣਾਉਣ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਪਿੱਛੋਂ ਮਾਲ ਅਤੇ ਮੁੜ-ਵਸੇਬਾ ਵਿਭਾਗ ਵੱਲੋਂ ਵਿਸ਼ੇਸ਼ ਕਮੇਟੀ ਗਠਤ ਕੀਤੀ ਗਈ ਸੀ, ਜਿਸ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਜਾਇਦਾਦ ਰਜਿਸਟ੍ਰੇਸ਼ਨ ਨਾਲ ਸਬੰਧਤ ਪੁਰਾਣੇ 35 ਔਖੇ ਸ਼ਬਦਾਂ ਦੀ ਥਾਂ 35 ਸੌਖੇ ਪੰਜਾਬੀ ਸ਼ਬਦ ਵਰਤਣ ਦਾ ਫ਼ੈਸਲਾ ਕੀਤਾ ਗਿਆ ਹੈ।
ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਇਹ ਫ਼ੈਸਲਾ ਪੰਜਾਬ ਸਰਕਾਰ ਦੀ ਲੋਕ ਪੱਖੀ ਸੋਚ ਦਾ ਹਿੱਸਾ ਹੈ ਜਿਸ ਤਹਿਤ ਸਰਕਾਰੀ ਕੰਮ-ਕਾਜ ਵਿੱਚ ਵਰਤੀ ਜਾਂਦੀ ਭਾਸ਼ਾ ਨੂੰ ਆਮ ਨਾਗਰਿਕ ਦੀ ਸਮਝ ਦੇ ਅਨੁਕੂਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਨਾਗਰਿਕ ਨੂੰ ਆਪਣੀ ਜ਼ਮੀਨ ਜਾਂ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਸਮਝਣ ਲਈ ਬੇਲੋੜੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਮਾਲ ਮੰਤਰੀ ਨੇ ਦੱਸਿਆ ਕਿ ਇੰਸਪੈਕਟਰ ਜਨਰਲ ਆਫ਼ ਰਜਿਸਟ੍ਰੇਸ਼ਨ ਅਤੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਪੁਰਾਣੇ ਅਤੇ ਨਵੇਂ ਸਿਫ਼ਾਰਸ਼ ਕੀਤੇ ਸ਼ਬਦਾਂ ਦੀ ਸੂਚੀ ਭੇਜੀ ਗਈ ਹੈ। ਉਨ੍ਹਾਂ ਖੇਤਰੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀ ਸਹੂਲਤ ਲਈ ਜਾਇਦਾਦ ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਦਸਤਾਵੇਜ਼ਾਂ ਵਿੱਚ ਨਵੇਂ ਸੌਖੇ ਸ਼ਬਦਾਂ ਦੀ ਵਰਤੋਂ ਨੂੰ ਤਰਜੀਹੀ ਤੌਰ ’ਤੇ ਯਕੀਨੀ ਬਣਾਇਆ ਜਾਵੇ।
ਪੁਰਾਣੇ ਸ਼ਬਦਾਂ ਦੀ ਥਾਂ ਸਿਫਾਰਿਸ਼ ਕੀਤੇ ਗਏ ਨਵੇਂ ਸੌਖੇ ਸ਼ਬਦ
ਉਜਰ ਦੀ ਥਾਂ ਇਤਰਾਜ਼,
ਉਜਰਤ ਦੀ ਥਾਂ ਫ਼ੀਸ,
ਅਰਾਜ਼ੀ ਦੀ ਥਾਂ ਜ਼ਮੀਨ,
ਸਾਕਿਨ ਦੀ ਥਾਂ ਵਸਨੀਕ,
ਸਾਕਿਨ ਦੇਹ ਦੀ ਥਾਂ ਪਿੰਡ ਦਾ ਵਸਨੀਕ,
ਹਸਬ ਜ਼ਾਬਤਾ ਦੀ ਥਾਂ ਕਾਨੂੰਨ ਅਨੁਸਾਰ,
ਹਿੱਬਾ ਦੀ ਥਾਂ ਦਾਨ,
ਕੈਫ਼ੀਅਤ ਦੀ ਥਾਂ ਵਿਸ਼ੇਸ਼ ਕਥਨ,
ਗ਼ੈਰ ਮਜਰੂਆ ਦੀ ਥਾਂ ਅਣਵਾਹਿਆ ਖੇਤ,
ਗਰਿੰਦਾ ਦੀ ਥਾਂ ਲੈਣ ਵਾਲਾ,
ਜ਼ਰ ਦੀ ਥਾਂ ਰਕਮ,
ਤਾਬੇ ਦੀ ਥਾਂ ਅਨੁਸਾਰ/ਮੁਤਾਬਿਕ/ਅਧੀਨ,
ਤਕਾਵੀ ਦੀ ਥਾਂ ਖੇਤੀ ਕਰਜ਼ਾ,
ਤਰਮੀਮ ਦੀ ਥਾਂ ਸੋਧ/ਦਰੁਸਤੀ,
ਤਸੱਬਰ/ਤਸੱਵਰ ਦੀ ਥਾਂ ਮੰਨ ਲੈਣਾ,
ਤਲਬਾਨਾ ਦੀ ਥਾਂ ਖ਼ਰਚਾ,
ਦੇਹ ਦੀ ਥਾਂ ਪਿੰਡ,
ਦਾਖ਼ਲ ਖਾਰਜ ਦੀ ਥਾਂ ਇੰਤਕਾਲ,
ਫਕ ਉਲ ਰਹਿਨ ਦੀ ਥਾਂ ਗਹਿਣੇ ਪਈ ਸੰਪਤੀ ਨੂੰ ਛਡਾਉਣਾ,
ਫ਼ੌਤ ਦੀ ਥਾਂ ਮੌਤ,
ਫ਼ਰਦ ਦੀ ਥਾਂ ਨਕਲ ਜਮ੍ਹਾਂਬੰਦੀ,
ਫ਼ਰੀਕ ਦੀ ਥਾਂ ਧਿਰ,
ਫ਼ਰੀਕ ਅੱਵਲ ਦੀ ਥਾਂ ਪਹਿਲੀ ਧਿਰ,
ਫ਼ਰੀਕ ਦੋਮ ਦੀ ਥਾਂ ਦੂਜੀ ਧਿਰ,
ਬਦਸਤੂਰ ਦੀ ਥਾਂ ਪਹਿਲਾਂ ਦੀ ਤਰ੍ਹਾਂ,
ਬੈਨਾਮਾ ਦੀ ਥਾਂ ਵਿਕਰੀ ਨਾਮਾ,
ਬਜ਼ਰੀਆ ਦੀ ਥਾਂ ਰਾਹੀਂ,
ਬਾਇਆ ਦੀ ਥਾਂ ਵੇਚਣ ਵਾਲਾ,
ਮਖ਼ਸੂਸ ਦੀ ਥਾਂ ਖ਼ਾਸ,
ਮੁਸ਼ਤਰਕਾ ਦੀ ਥਾਂ ਸਾਂਝਾ,
ਮੁੰਤਕਿਲ ਦੀ ਥਾਂ ਤਬਦੀਲ,
ਮਜ਼ਕੂਰ ਦੀ ਥਾਂ ਉਪਰੋਕਤ,
ਮਨਸੂਖ ਕਰਨਾ ਦੀ ਥਾਂ ਰੱਦ ਕਰਨਾ/ਖਾਰਜ ਕਰਨਾ,
ਮੁਸ਼ਤਰੀ ਹੁਸ਼ਿਆਰਬਾਸ਼ ਦੀ ਥਾਂ ਖ਼ਰੀਦਦਾਰ ਚੁਕੰਨਾ ਰਹੇ, ਮੁਰਤਹਿਨ ਦੀ ਥਾਂ ਜ਼ਮੀਨ ਗਹਿਣੇ ਲੈਣ ਵਾਲਾ












