ਬਨੂਰ–ਲਾਂਡਰਾਂ ਰੋਡ ਅਤੇ ਚੰਡੀਗੜ੍ਹ ਦੇ ਮੱਧ ਮਾਰਗ ਨਾਲ ਸਿੱਧੀ ਕਨੈਕਟੀਵਿਟੀ ਲਈ ਲੋਕ ਸਾਲਾਂ ਤੋਂ ਤਰਸ ਰਹੇ ਹਨ: ਹਰਦੇਵ ਸਿੰਘ ਉੱਭਾ, ਗੁਰਪ੍ਰੀਤ ਕੌਰ ਉੱਭਾ

ਪੰਜਾਬ

7–8 ਸਾਲਾਂ ਤੋਂ ਅਧੂਰਾ ਪਿਆ ਪੁਲ ਹਜ਼ਾਰਾਂ ਲੋਕਾਂ ਲਈ ਬਣਿਆ ਮੁਸ਼ਕਲਾਂ ਦਾ ਕਾਰਨ • ਸਰਕਾਰ ਤੁਰੰਤ ਬਾਕੀ ਕੰਮ ਮੁਕੰਮਲ ਕਰਕੇ ਪੁਲ ਲੋਕਾਂ ਨੂੰ ਸਮਰਪਿਤ ਕਰੇ • ਲਾਪਰਵਾਹੀ ਦੀ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰਾਂ ਖ਼ਿਲਾਫ਼ ਹੋਵੇ ਕਾਰਵਾਈ

ਮੋਹਾਲੀ, 31 ਜੁਲਾਈ ,ਬੋਲੇ ਪੰਜਾਬ ਬਿਊਰੋ:
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਟੇਟ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਅਤੇ ਕੌਂਸਲਰ ਗੁਰਪ੍ਰੀਤ ਕੌਰ ਉੱਭਾ (ਐਮ.ਸੀ. ਵਾਰਡ ਨੰਬਰ 41, ਮੋਹਾਲੀ) ਨੇ ਏਅਰਪੋਰਟ ਰੋਡ (ਸੈਕਟਰ 67/66) ਤੋਂ ਸੈਕਟਰ 80/81 ਰਾਹੀਂ ਵੇਵ ਅਸਟੇਟ ਸੈਕਟਰ 85/84 ਨੂੰ ਜੋੜਨ ਵਾਲੇ ਪੁਲ ਦੇ ਪਿਛਲੇ 7–8 ਸਾਲਾਂ ਤੋਂ ਲਟਕ ਰਹੇ ਨਿਰਮਾਣ ਕਾਰਜ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੋਹਾਲੀ ਦੀ ਟ੍ਰੈਫਿਕ ਵਿਵਸਥਾ ਅਤੇ ਭਵਿੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਇਹ ਪ੍ਰੋਜੈਕਟ ਅਜੇ ਤੱਕ ਅਧੂਰਾ ਪਿਆ ਹੋਇਆ ਹੈ। ਇਸ ਕਾਰਨ ਹਜ਼ਾਰਾਂ ਲੋਕਾਂ ਨੂੰ ਹਰ ਰੋਜ਼ ਲੰਮੇ ਰਸਤੇ ਤੈਅ ਕਰਨ, ਟ੍ਰੈਫਿਕ ਜਾਮ, ਸਮੇਂ ਦੀ ਬਰਬਾਦੀ ਅਤੇ ਵਾਧੂ ਇੰਧਨ ਖਰਚ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਪੁਲ ਮੋਹਾਲੀ ਦੇ ਸਭ ਤੋਂ ਮਹੱਤਵਪੂਰਨ ਆਵਾਜਾਈ ਪ੍ਰੋਜੈਕਟਾਂ ਵਿੱਚੋਂ ਇੱਕ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਸਾਲਾਂ ਬੀਤ ਜਾਣ ਦੇ ਬਾਵਜੂਦ ਇਸ ਨੂੰ ਲੋਕਾਂ ਲਈ ਚਾਲੂ ਨਹੀਂ ਕੀਤਾ ਗਿਆ। ਇਸ ਕਾਰਨ ਵੇਵ ਅਸਟੇਟ, ਸੈਕਟਰ 84, 85, ਸੈਕਟਰ 80, 81 ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਰੋਜ਼ਾਨਾ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਹਰਦੇਵ ਸਿੰਘ ਉੱਭਾ ਅਤੇ ਗੁਰਪ੍ਰੀਤ ਕੌਰ ਉੱਭਾ ਨੇ ਕਿਹਾ ਕਿ ਇਸ ਪੁਲ ਦੇ ਚਾਲੂ ਹੋਣ ਨਾਲ ਇੱਕ ਪਾਸੇ ਬਨੂਰ–ਲਾਂਡਰਾਂ ਰੋਡ ਅਤੇ ਦੂਜੇ ਪਾਸੇ ਚੰਡੀਗੜ੍ਹ ਦੇ ਮੱਧ ਮਾਰਗ ਨਾਲ ਸਿੱਧੀ ਕਨੈਕਟੀਵਿਟੀ ਸਥਾਪਿਤ ਹੋਵੇਗੀ। ਇਸ ਨਾਲ ਮੋਹਾਲੀ ਦੇ ਕਈ ਸੈਕਟਰਾਂ ਵਿਚਕਾਰ ਆਵਾਜਾਈ ਸੁਗਮ ਹੋਵੇਗੀ, ਟ੍ਰੈਫਿਕ ਦਾ ਦਬਾਅ ਘਟੇਗਾ ਅਤੇ ਲੋਕਾਂ ਦੇ ਸਮੇਂ ਅਤੇ ਇੰਧਨ ਦੀ ਵੱਡੀ ਬਚਤ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਪੁਲ ਦੀ ਮਹੱਤਤਾ ਸਿਰਫ਼ ਆਮ ਲੋਕਾਂ ਦੀ ਆਵਾਜਾਈ ਤੱਕ ਸੀਮਿਤ ਨਹੀਂ ਹੈ। ਇਸ ਦੇ ਮੁਕੰਮਲ ਹੋਣ ਨਾਲ ਕਈ ਸਰਕਾਰੀ ਦਫ਼ਤਰਾਂ, ਵਿਦਿਅਕ ਸੰਸਥਾਵਾਂ, ਸਿਹਤ ਸੇਵਾਵਾਂ ਅਤੇ ਹੋਰ ਮਹੱਤਵਪੂਰਨ ਅਦਾਰਿਆਂ ਨੂੰ ਵੀ ਸਿੱਧੀ ਅਤੇ ਤੇਜ਼ ਕਨੈਕਟੀਵਿਟੀ ਮਿਲੇਗੀ। ਇਹ ਪ੍ਰੋਜੈਕਟ ਪੂਰੇ ਮੋਹਾਲੀ ਦੇ ਵਿਕਾਸ ਨਾਲ ਜੁੜਿਆ ਹੋਇਆ ਹੈ।
ਦੋਵਾਂ ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਆਖ਼ਿਰ ਇਹ ਮਹੱਤਵਪੂਰਨ ਪ੍ਰੋਜੈਕਟ 7–8 ਸਾਲਾਂ ਤੋਂ ਕਿਉਂ ਲਟਕਿਆ ਹੋਇਆ ਹੈ। ਜੇਕਰ ਕਿਸੇ ਅਦਾਲਤ ਵੱਲੋਂ ਕੋਈ ਸਟੇਅ ਸੀ ਜਾਂ ਹੈ ਤਾਂ ਇੰਨੇ ਲੰਬੇ ਸਮੇਂ ਵਿੱਚ ਉਸ ਦਾ ਹੱਲ ਕਿਉਂ ਨਹੀਂ ਕੀਤਾ ਗਿਆ? ਜੇਕਰ ਕੋਈ ਪ੍ਰਸ਼ਾਸਕੀ, ਤਕਨੀਕੀ ਜਾਂ ਹੋਰ ਰੁਕਾਵਟ ਸੀ ਤਾਂ ਉਸ ਨੂੰ ਦੂਰ ਕਰਨ ਲਈ ਕੀ ਠੋਸ ਕਦਮ ਚੁੱਕੇ ਗਏ? ਪੰਜਾਬ ਸਰਕਾਰ ਅਤੇ ਸੰਬੰਧਿਤ ਏਜੰਸੀਆਂ ਨੂੰ ਇਸ ਸਬੰਧੀ ਪੂਰੀ ਸਥਿਤੀ ਲੋਕਾਂ ਸਾਹਮਣੇ ਸਪੱਸ਼ਟ ਕਰਨੀ ਚਾਹੀਦੀ ਹੈ।
ਹਰਦੇਵ ਸਿੰਘ ਉੱਭਾ ਅਤੇ ਗੁਰਪ੍ਰੀਤ ਕੌਰ ਉੱਭਾ ਨੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਸੰਸਦ ਮੈਂਬਰ ਸ੍ਰੀ ਮਾਲਵਿੰਦਰ ਸਿੰਘ ਕੰਗ, ਵਿਧਾਇਕ ਸਰਦਾਰ ਕੁਲਵੰਤ ਸਿੰਘ, ਮੇਅਰ ਸ੍ਰੀ ਸਰਬਜੀਤ ਸਿੰਘ ਸਮਾਣਾ ਅਤੇ GMADA ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਪੁਲ ਦੇ ਬਾਕੀ ਰਹਿੰਦੇ ਕੰਮ ਨੂੰ ਜੰਗੀ ਪੱਧਰ ‘ਤੇ ਮੁਕੰਮਲ ਕਰਵਾ ਕੇ ਜਲਦ ਤੋਂ ਜਲਦ ਲੋਕਾਂ ਨੂੰ ਸਮਰਪਿਤ ਕੀਤਾ ਜਾਵੇ, ਤਾਂ ਜੋ ਆਮ ਜਨਤਾ, ਸਰਕਾਰੀ ਅਦਾਰਿਆਂ ਅਤੇ ਸਮੁੱਚੇ ਮੋਹਾਲੀ ਨੂੰ ਇਸ ਮਹੱਤਵਪੂਰਨ ਕਨੈਕਟੀਵਿਟੀ ਦਾ ਲਾਭ ਮਿਲ ਸਕੇ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਸ ਲੰਬੇ ਸਮੇਂ ਤੋਂ ਲਟਕ ਰਹੇ ਪ੍ਰੋਜੈਕਟ ਦੀ ਨਿਰਪੱਖ, ਪਾਰਦਰਸ਼ੀ ਅਤੇ ਸਮਾਂਬੱਧ ਜਾਂਚ ਕਰਵਾਈ ਜਾਵੇ। ਜੇਕਰ ਜਾਂਚ ਦੌਰਾਨ ਕਿਸੇ ਅਧਿਕਾਰੀ, ਏਜੰਸੀ ਜਾਂ ਠੇਕੇਦਾਰ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਲੋਕ ਹਿੱਤ ਦੇ ਪ੍ਰੋਜੈਕਟ ਇਸ ਤਰ੍ਹਾਂ ਸਾਲਾਂ ਤੱਕ ਲਟਕੇ ਨਾ ਰਹਿਣ।
ਅੰਤ ਵਿੱਚ ਹਰਦੇਵ ਸਿੰਘ ਉੱਭਾ ਅਤੇ ਗੁਰਪ੍ਰੀਤ ਕੌਰ ਉੱਭਾ ਨੇ ਕਿਹਾ ਕਿ ਮੋਹਾਲੀ ਦੇ ਲੋਕ ਹੁਣ ਸਿਰਫ਼ ਭਰੋਸੇ ਨਹੀਂ, ਸਗੋਂ ਨਤੀਜੇ ਚਾਹੁੰਦੇ ਹਨ। ਇਹ ਪੁਲ ਕੇਵਲ ਇੱਕ ਨਿਰਮਾਣ ਪ੍ਰੋਜੈਕਟ ਨਹੀਂ, ਸਗੋਂ ਮੋਹਾਲੀ ਦੀ ਭਵਿੱਖੀ ਟ੍ਰੈਫਿਕ ਵਿਵਸਥਾ, ਵਿਕਾਸ ਅਤੇ ਆਰਥਿਕ ਤਰੱਕੀ ਦੀ ਜੀਵਨ ਰੇਖਾ ਹੈ। ਪੰਜਾਬ ਸਰਕਾਰ ਅਤੇ GMADA ਨੂੰ ਇਸ ਨੂੰ ਸਰਵੋਚ ਤਰਜੀਹ ਦੇ ਕੇ ਬਿਨਾਂ ਕਿਸੇ ਹੋਰ ਦੇਰੀ ਦੇ ਮੁਕੰਮਲ ਕਰਨਾ ਚਾਹੀਦਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।