ਕੋਲਕਾਤਾ, 13 ਅਗਸਤ ,ਬੋਲੇ ਪੰਜਾਬ ਬਿਊਰੋ;
ਆਰਜੀ ਕਰ ਰੇਪ ਅਤੇ ਮਰਡਰ ਕੇਸ ਵਿੱਚ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸਾਬਕਾ ਵਿਧਾਇਕ ਨਿਰਮਲ ਘੋਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਰਮਲ ਘੋਸ਼ ‘ਤੇ ਆਰਜੀ ਕਰ ਮਾਮਲੇ ਵਿੱਚ ਕਥਿਤ ਤੌਰ ‘ਤੇ ਸਬੂਤ ਮਿਟਾਉਣ ਦਾ ਦੋਸ਼ ਹਨ।
ਦੱਸ ਦਈਏ ਕਿ ਬੀਤੀ 9 ਅਗਸਤ ਨੂੰ ਮੁੱਖ ਮੰਤਰੀ ਸ਼ੁਵੇਂਦੂ ਅਧਿਕਾਰੀ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਪੀੜਤਾ ਦੀ ਦੇਹ ਦੇ ਅੰਤਿਮ ਸਸਕਾਰ ਦੇ ਮਾਮਲੇ ਵਿੱਚ ਨਵਾਂ ਕੇਸ ਦਰਜ ਕਰਨ ਅਤੇ ਫਿਰ ਤੋਂ ਜਾਂਚ ਕਰਨ। ਪੀੜਤਾ ਦਾ ਅੰਤਿਮ ਸਸਕਾਰ ਨਿਰਮਲ ਘੋਸ਼ ਦੀ ਮੌਜੂਦਗੀ ਵਿੱਚ ਪਾਣੀਹਾਟੀ ਵਿੱਚ ਜਲਦਬਾਜ਼ੀ ਵਿੱਚ ਕੀਤਾ ਗਿਆ ਸੀ।
9 ਅਗਸਤ, 2024 ਦੀ ਰਾਤ ਨੂੰ ਆਰਜੀ ਕਰ ਹਸਪਤਾਲ ਵਿੱਚ ਸਿਖਲਾਈ ਅਧੀਨ ਡਾਕਟਰ ਦੀ ਰੇਪ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ, ਇਸ ਨਾਲ ਰਾਜ ਦੇ ਨਾਲ-ਨਾਲ ਪੂਰੇ ਦੇਸ਼ ਵਿੱਚ ਰੋਸ ਫੈਲ ਗਿਆ ਸੀ। ਦੋਸ਼ ਹਨ ਕਿ ਸਬੂਤਾਂ ਨੂੰ ਨਸ਼ਟ ਕੀਤਾ ਗਿਆ ਅਤੇ ਘਟਨਾ ਤੋਂ ਤੁਰੰਤ ਬਾਅਦ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ।
ਜਾਣਕਾਰੀ ਅਨੁਸਾਰ ਪੀੜਤਾ ਦੇ ਪਿਤਾ ਨੇ ਖਾਰਦਾਹ ਪੁਲਿਸ ਸਟੇਸ਼ਨ ਵਿੱਚ ਜੋ ਐੱਫ.ਆਈ.ਆਰ. (FIR) ਦਰਜ ਕਰਵਾਈ ਸੀ, ਉਸ ਵਿੱਚ ਘੋਸ਼ ਅਤੇ ਦੋ ਹੋਰਾਂ ਦੇ ਨਾਮ ਸ਼ਾਮਲ ਸਨ। ਪੀੜਤਾ ਦੇ ਪਿਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਅੰਤਿਮ ਸਸਕਾਰ ਜਲਦਬਾਜ਼ੀ ਵਿੱਚ ਕੀਤਾ ਗਿਆ, ਜਿਸ ਨਾਲ ਸਬੂਤ ਇਕੱਠੇ ਕਰਨ ਅਤੇ ਦੂਜੀ ਪੋਸਟਮਾਰਟਮ (ਆਟੋਪਸੀ) ਦੀ ਸੰਭਾਵਨਾ ਖ਼ਤਮ ਹੋ ਗਈ। ਆਰਜੀ ਕਰ ਮਾਮਲੇ ਦੀ ਜਾਂਚ ਫਿਲਹਾਲ ਸੀ.ਬੀ.ਆਈ. ਵੱਲੋਂ ਕੀਤੀ ਜਾ ਰਹੀ ਹੈ। ਹੁਣ ਮੁੱਖ ਮੰਤਰੀ ਦੇ ਨਿਰਦੇਸ਼ ‘ਤੇ ਸਬੂਤ ਮਿਟਾਉਣ ਦੇ ਮਾਮਲੇ ਵਿੱਚ ਨਵਾਂ ਕੇਸ ਦਰਜ ਕੀਤਾ ਗਿਆ ਹੈ, ਜਿਸ ਦੀ ਜਾਂਚ ਬੰਗਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।












