ਨਵੀਂ ਦਿੱਲੀ 13 ਅਗਸਤ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
15 ਅਗਸਤ ਸਿੱਖਾਂ ਲਈ ਆਜ਼ਾਦੀ ਦਾ ਦਿਹਾੜਾ ਨਹੀਂ, ਸਗੋਂ ਵੰਡ ਦੇ ਉਜਾੜੇ, ਕਤਲੇਆਮ ਅਤੇ ਕੌਮ ਨਾਲ ਹੋਏ ਇਤਿਹਾਸਕ ਵਿਤਕਰੇ ਦੀ ਯਾਦ ਦਾ ਦਿਨ ਹੈ। ਜਥੇਦਾਰ ਰੇਸ਼ਮ ਸਿੰਘ ਬੱਬਰ ਜਰਮਨੀ ਦੇ ਨਾਲ ਭਾਈ ਰਜਿੰਦਰ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਪ੍ਰਗਟ ਸਿੰਘ ਬੱਬਰ ਅਤੇ ਭਾਈ ਦਲਜੀਤ ਸਿੰਘ ਬੱਬਰ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਵੰਡ ਸਮੇਂ ਲੱਖਾਂ ਸਿੱਖਾਂ ਨੂੰ ਕਤਲੇਆਮ, ਘਰ-ਬਾਰ ਛੱਡਣ ਅਤੇ ਭਾਰੀ ਮਾਲੀ ਨੁਕਸਾਨ ਦਾ ਦਰਦ ਸਹਿਣਾ ਪਿਆ। ਇਸ ਤੋਂ ਬਾਅਦ ਭਾਰਤੀ ਹਕੂਮਤ ਦੀਆਂ ਨੀਤੀਆਂ ਅਤੇ ਸਿੱਖਾਂ ਨਾਲ ਹੋਏ ਵਿਤਕਰੇ ਨੇ ਇਹ ਸਵਾਲ ਹੋਰ ਗੰਭੀਰ ਕੀਤਾ ਕਿ ਜਿਸ ਆਜ਼ਾਦੀ ਦੇ ਜਸ਼ਨ ਮਨਾਏ ਜਾਂਦੇ ਹਨ, ਉਸ ਆਜ਼ਾਦੀ ਵਿੱਚ ਸਿੱਖ ਕੌਮ ਲਈ ਇਨਸਾਫ਼ ਅਤੇ ਬਰਾਬਰੀ ਕਿੱਥੇ ਹੈ? ਉਨ੍ਹਾਂ ਕਿਹਾ ਕਿ ਤਿਰੰਗੇ ਦੀ ਛਾਂ ਹੇਠ ਹੀ 1984 ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਦੁੱਧ ਚੁੰਘਦੇ ਬੱਚਿਆਂ ਤੱਕ ਨੂੰ ਕੋਹ-ਕੋਹ ਕੇ ਮਾਰਿਆ ਗਿਆ ਅਤੇ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਜ਼ਿੰਦਾ ਸਾੜਨ ਵਰਗੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਵਾਪਰੀਆਂ। ਫਿਰ ਜਿਸ ਕੌਮ ਨੇ ਆਪਣੇ ਘਰਾਂ ਵਿੱਚ ਮਾਤਮ ਦੇਖਿਆ ਹੋਵੇ, ਉਹ 15 ਅਗਸਤ ਦੇ ਸਰਕਾਰੀ ਜਸ਼ਨਾਂ ਨੂੰ ਆਪਣੀ ਆਜ਼ਾਦੀ ਦਾ ਜਸ਼ਨ ਕਿਵੇਂ ਮੰਨੇ.? ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਮੇਤ ਗੁਰਧਾਮਾਂ ਉੱਤੇ ਫੌਜੀ ਹਮਲਾ, ਬੇਗੁਨਾਹ ਸਿੱਖਾਂ ਦਾ ਕਤਲੇਆਮ, ਬੀਬੀਆਂ ਨਾਲ ਹੋਈਆਂ ਜ਼ਿਆਦਤੀਆਂ ਅਤੇ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲਗਾਤਾਰ ਅਣਗੌਲਿਆ ਕਰਨਾ ਸਿਰਫ਼ ਬੀਤੇ ਸਮੇਂ ਦੀਆਂ ਘਟਨਾਵਾਂ ਨਹੀਂ, ਸਗੋਂ ਅੱਜ ਵੀ ਸਿੱਖ ਕੌਮ ਦੇ ਸਾਹਮਣੇ ਖੜ੍ਹੇ ਇਨਸਾਫ਼ ਦੇ ਸਵਾਲ ਹਨ। ਉਨ੍ਹਾਂ ਕਿਹਾ ਕਿ ਜਦੋਂ ਕੌਮ ਦੇ ਜ਼ਖ਼ਮਾਂ ’ਤੇ ਇਨਸਾਫ਼ ਦੀ ਮਰਹਮ ਨਹੀਂ ਲੱਗਦੀ, ਤਾਂ ਜਸ਼ਨਾਂ ਦੀ ਚਮਕ ਉਨ੍ਹਾਂ ਜ਼ਖ਼ਮਾਂ ਨੂੰ ਹੋਰ ਉਜਾਗਰ ਕਰਦੀ ਹੈ। ਇਸੇ ਕਰਕੇ ਵਿਦੇਸ਼ਾਂ ਵਿੱਚ ਵੱਸਦੀ ਸਿੱਖ ਸੰਗਤ ਵੱਲੋਂ 15 ਅਗਸਤ ਨੂੰ ਭਾਰਤੀ ਅੰਬੈਸੀਆਂ ਅਤੇ ਕੌਂਸਲੇਟਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਦੁਨੀਆ ਸਾਹਮਣੇ ਸਿੱਖ ਕੌਮ ਦੇ ਹੱਕਾਂ ਅਤੇ ਲੰਮੇ ਸਮੇਂ ਤੋਂ ਚੱਲ ਰਹੇ ਸੰਘਰਸ਼ ਦੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਭਵਿੱਖ ਕਿਸੇ ਸਰਕਾਰੀ ਜਸ਼ਨ ਦੀ ਮੋਹਤਾਜ ਨਹੀਂ, ਸਗੋਂ ਆਪਣੇ ਹੱਕਾਂ, ਆਪਣੀ ਪਛਾਣ ਅਤੇ ਆਪਣੇ ਸਿਆਸੀ ਭਵਿੱਖ ਬਾਰੇ ਫੈਸਲਾ ਕਰਨ ਦੇ ਅਧਿਕਾਰ ਨਾਲ ਜੁੜਿਆ ਹੋਇਆ ਹੈ। ਖਾਲਿਸਤਾਨ ਦੀ ਸਥਾਪਤੀ ਲਈ ਚੱਲ ਰਹੇ ਸੰਘਰਸ਼ ਨੂੰ ਇਸੇ ਕੌਮੀ ਅਧਿਕਾਰ ਅਤੇ ਸਿਆਸੀ ਆਜ਼ਾਦੀ ਦੀ ਮੰਗ ਦਾ ਪ੍ਰਗਟਾਵਾ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਿੰਘਾਂ, ਸਿੰਘਣੀਆਂ, ਬਜ਼ੁਰਗਾਂ ਅਤੇ ਬੱਚਿਆਂ ਨੇ ਇਸ ਸੰਘਰਸ਼ ਦੀ ਕੀਮਤ ਆਪਣੀਆਂ ਜਾਨਾਂ ਦੇ ਕੇ ਅਦਾ ਕੀਤੀ, ਉਨ੍ਹਾਂ ਦੀਆਂ ਸ਼ਹਾਦਤਾਂ ਨੂੰ ਭੁੱਲ ਕੇ ਕੌਮ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੀ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਸ਼ਹੀਦਾਂ ਨੂੰ ਕੇਸਰੀ ਸਲਾਮ ਕਰਦਿਆਂ ਆਪਣੇ ਕੌਮੀ ਹੱਕਾਂ ਪ੍ਰਤੀ ਜਾਗਰੂਕ ਹੋਵੇ ਅਤੇ ਸ਼ਾਂਤਮਈ ਤੇ ਲੋਕਤੰਤਰਿਕ ਢੰਗ ਨਾਲ ਆਪਣੀ ਆਵਾਜ਼ ਨੂੰ ਹੋਰ ਤਾਕਤਵਰ ਬਣਾਏ












