ਮੋਹਾਲੀ 14 ਅਗਸਤ ,ਬੋਲੇ ਪੰਜਾਬ ਬਿਊਰੋ:
ਰੈਂਜੀਡੈਂਸ ਵੈਲਫੇਅਰ ਸੋਸਾਇਟੀ, ਸੈਕਟਰ 110, ਮੋਹਾਲੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਦੀ ਅਗਵਾਈ ਵਿੱਚ ਇਥੋਂ ਦੇ ਵਸਨੀਕਾਂ ਵੱਲੋਂ ਟੀ.ਡੀ.ਆਈ. ਬਿਲਡਰ ਦੇ ਮੁੱਖ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਸੋਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਇਹ ਧਰਨਾ ਬਿਲਡਰ ਦੀਆਂ ਮਨਮਾਨੀਆਂ ਨੂੰ ਲੈ ਕੇ ਦਿੱਤਾ ਗਿਆ। ਬਿਲਡਰ ਨੇ ਗਮਾਡਾ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਕਮਿਊਨਿਟੀ ਸੈਂਟਰ ਦੀ ਜਗ੍ਹਾ ਤੇ ਹੀ ਕਲੱਬ ਪਾਸ ਕਰਵਾ ਲਿਆ ਅਤੇ ਹੁਣ ਇਹਨਾਂ ਸੈਕਟਰਾਂ ਵਿੱਚ ਕਮਿਊਨਿਟੀ ਸੈਂਟਰ ਦੀ ਕੋਈ ਜਗ੍ਹਾ ਹੀ ਨਹੀਂ ਹੈ। ਲੋਕਾਂ ਕੋਲੋਂ ਇਸ ਕਲੱਬ ਦੀ ਲਾਈਫ ਮੈਂਬਰਸ਼ਿਪ ਤੋਂ ਇਲਾਵਾ ਸਲਾਨਾ ਖਰਚੇ ਦੇ ਨਾਂ ਤੇ ਜਬਰੀ ਵਸੂਲੀ ਕੀਤੀ ਜਾ ਰਹੀ ਹੈ। ਲੋਕਾਂ ਕੋਲੋਂ ਉਹਨਾਂ ਦੀਆਂ ਜਾਇਦਾਦਾਂ ਦੀ ਖਰੀਦੋ-ਫਰੋਖਤ ਵੇਲੇ ਅੇਨ.ਓ.ਸੀ. ਦੇਣ ਦੀ ਆੜ ਵਿੱਚ ਵਰਤਮਾਨ ਵਸੂਲੀ ਦੇ ਨਾਲ-ਨਾਲ ਬੀਤ ਚੁੱਕੇ ਸਮੇਂ ਦੀ ਵੀ ਜਬਰੀ ਵਸੂਲੀ ਕੀਤੀ ਜਾਂਦੀ ਹੈ। ਜਦੋਂ ਕਿ ਉਹਨਾਂ ਲੋਕਾਂ ਨੇ ਕਲੱਬ ਦੀ ਵਰਤੋਂ ਕੀਤੀ ਹੀ ਨਹੀਂ ਹੁੰਦੀ। ਜਦੋਂ ਕੋਈ ਨਵਾਂ ਮੈਂਬਰ ਕਲੱਬ ਦੀ ਵਰਤੋਂ ਕਰਨ ਲਈ ਇਹਨਾਂ ਤੱਕ ਪਹੁੰਚ ਕਰਦਾ ਹੈ, ਉਸ ਤੋਂ ਵੀ ਪਿਛਲੇ ਸਾਲਾਂ ਦੇ ਖਰਚਿਆਂ ਦੀ ਵਸੂਲੀ ਕੀਤੀ ਜਾ ਰਹੀ ਹੈ, ਉਦੋਂ ਤੱਕ ਉਸ ਮੈਂਬਰ ਨੂੰ ਰਜਿਸਟਰ ਨਹੀਂ ਕੀਤਾ ਜਾਂਦਾ ਜਦੋਂ ਤੱਕ ਉਹ ਪਿਛਲੇ ਸਮੇਂ ਦੇ ਖਰਚਿਆਂ ਦਾ ਭੁਗਤਾਨ ਨਹੀਂ ਕਰਦਾ। ਜਿਸ ਕਾਰਨ ਵਸਨੀਕਾਂ ਵਿੱਚ ਬਿਲਡਰ ਖਿਲਾਫ ਭਾਰੀ ਰੋਸ ਅਤੇ ਗੁੱਸਾ ਹੈ। ਇੱਥੇ ਹੀ ਬਸ ਨਹੀਂ ਪ੍ਰਾਪਰਟੀ ਦੇ ਤਬਾਦਲਿਆਂ ਸਮੇਂ ਵੀ ਮਨਮਰਜ਼ੀ ਦੀਆਂ ਰਕਮਾਂ ਵਸੂਲੀਆਂ ਜਾ ਰਹੀਆਂ ਹਨ। ਨਾਨ-ਰਜਿਸਟਰੇਸ਼ਨ ਅਤੇ ਕਨਸਟ੍ਰੰਸ਼ਨ ਨਾ ਕਰਨ ਤੇ ਲੋਕਾਂ ਤੇ ਭਾਰੀ ਜੁਰਮਾਨੇ ਲਾਏ ਜਾਂਦੇ ਹਨ। ਲੋਕਾਂ ਤੋਂ ਮੈਂਟੇਨੈਂਸ ਲੈਣ ਦੇ ਬਾਵਜੂਦ ਸੜਕਾਂ ਦੀ ਮੁਰੰਮਤ ਨਹੀਂ ਕੀਤੀ ਜਾਂਦੀ, ਜਿਸ ਕਾਰਨ ਸੜਕਾਂ ਦੀ ਹਾਲਤ ਬੜੀ ਤਰਸਯੋਗ ਬਣੀ ਹੋਈ ਹੈ। ਲੋਕਾਂ ਤੋਂ ਇਕੱਠੇ ਕੀਤੇ ਮੈਂਟੇਨੈਂਸ ਦੀ ਰਾਸ਼ੀ ਦੇ ਆਮਦਨ ਅਤੇ ਖਰਚ ਦੇ ਵੇਰਵੇ ਵੀ ਲੋਕਾਂ ਨੂੰ ਨਹੀਂ ਦੱਸੇ ਜਾਂਦੇ ਅਤੇ ਮਰਜ਼ੀ ਨਾਲ ਹੀ ਮੈਂਟੇਨੈਂਸ ਦੀ ਦਰ ਵਿੱਚ ਵਾਧਾ ਕਰ ਦਿੱਤਾ ਜਾਂਦਾ ਹੈ।
ਬਿਲਡਰ ਕੋਲ ਟਰੀਟਡ ਵਾਟਰ ਛੱਡਣ ਲਈ ਵੀ ਲੋੜੀਂਦੀ ਜਗ੍ਹਾ ਨਾ ਹੋਣ ਕਾਰਨ ਰੈਜੀਡੈਂਸ ਏਰੀਏ ਵਿੱਚ ਪਈ ਸਕੂਲ ਦੀ ਸਾਈਟ ਵਿੱਚ ਹੀ ਗੰਦਾ ਪਾਣੀ ਛੱਡ ਦਿੱਤਾ ਜਾਂਦਾ ਹੈ, ਜਿਸ ਕਾਰਨ ਇਸ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਇਨ੍ਹਾਂ ਸੈਕਟਰਾਂ ਵਿੱਚ ਸਕਿਓਰਟੀ ਸਿਸਟਮ ਬੁਰੀ ਤਰ੍ਹਾਂ ਫੇਲ ਹੋ ਚੱੱਕਿਆ ਹੈ। ਪਿਛਲੇ ਤਿੰਨ ਸਾਲਾਂ ਤੋਂ ਲੋੜੀਦੇ ਸਕਿਓਰਟੀ ਗਾਰਡ ਹੀ ਪੂਰੇ ਨਹੀਂ ਹਨ, ਜਿਸ ਕਾਰਨ ਇਸ ਇਲਾਕੇ ਵਿੱਚ ਰੋਜ਼ਾਨਾ ਚੋਰੀਆਂ ਹੋ ਰਹੀਆਂ ਹਨ।
ਰੈਂਜੀਡੈਂਸ ਵੈਲਫੇਅਰ ਸੋਸਾਇਟੀ ਦੇ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਲਡਰ ਨੇ ਆਪਣੀਆਂ ਮਨਮਾਨੀਆਂ ਬੰਦ ਨਾ ਕੀਤੀਆਂ ਅਤੇ ਸੋਸਾਇਟੀ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਿਲਡਰ ਵਿਰੁੱਧ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜਿੰਮੇਵਾਰੀ ਬਿਲਡਰ ਦੀ ਹੋਵੇਗੀ। ਇਸ ਮੌਕੇ ਐਮ.ਐਲ. ਸ਼ਰਮਾ, ਅਮਰਜੀਤ ਸਿੰਘ ਸ਼ੇਖੋਂ, ਹਰਮਿੰਦਰ ਸਿੰਘ ਸੋਹੀ, ਬੰਤ ਸਿੰਘ ਭੁੱਲਰ, ਹਰਪਾਲ ਸਿੰਘ, ਮੋਹਿਤ ਮਦਾਨ, ਸੰਜੇਵੀਰ, ਪ੍ਰਕਾਸ਼ ਸ਼ਰਮਾ, ਅਸ਼ਵਨੀ ਰਾਣਾ, ਹਰਜਿੰਦਰ ਸਿੰਘ, ਸੁਨੀਲ ਗੁਪਤਾ, ਅਰਵਿੰਦ ਸ਼ਰਮਾ, ਮਾਸਟਰ ਸੁਰਮੁੱਖ ਸਿੰਘ ਅਤੇ ਜਸਵੀਰ ਸਿੰਘ ਗੜਾਂਗ ਨੇ ਸੰਬੋਧਨ ਕੀਤਾ।












