ਨੂਰਪੁਰ ਬੇਦੀ,14, ਅਗਸਤ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋ);
ਦਿੱਲੀ ਜੰਤਰ ਮੰਤਰ ਵਿੱਚ ਚੱਲੇ ਇਤਿਹਾਸਕ ਅੰਦੋਲਨ ਤੋਂ ਬਾਅਦ ਅੰਦੋਲਨ ਕਰਨ ਵਾਲੀਆਂ ਲੜਕੀਆਂ ਨੂੰ ਸੋਸ਼ਲ ਮੀਡੀਆ ਤੇ ਟਰੋਲ ਅਤੇ ਨੇਹਾ ਬੋਰਾ ਤੇ ਸਿਆਹੀ ਸੁੱਟਣ ਨੂਰਪੁਰ ਬੇਦੀ ਵਿੱਚ ਭਾਜਪਾ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ।
ਇਸ ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਇਸਤਰੀ ਜਾਗਰਿਤੀ ਮੰਚ ਦੇ ਸੂਬਾ ਆਗੂ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਦਿੱਲੀ ਦੇ ਜੰਤਰ ਮੰਤਰ ਵਿੱਚ ਚੱਲੇ ਇਤਿਹਾਸਕ ਅਤੇ ਸ਼ਾਨਦਾਰ ਘੋਲ ਵਿੱਚ ਲੜਕੀਆਂ ਨੇ ਜਿਸ ਬਹਾਦਰੀ ਨਾਲ ਅਗਵਾਈ ਕੀਤੀ ਉਹ ਸ਼ਲਾਘਾਯੋਗ ਹੈ। ਲੜਕੀਆਂ ਦੀ ਸ਼ਮੂਲੀਅਤ ਨੇ ਇਸ ਘੋਲ ਵਿਚ ਇਕ ਫੈਸਲਾਕੁੰਨ ਰੋਲ ਅਦਾ ਕੀਤਾ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ। ਇਸ ਘੋਲ ਦੇ ਖਤਮ ਹੋਣ ਤੋਂ ਬਾਅਦ ਭਾਜਪਾ ਸਰਕਾਰ ਦਾ ਜੋ ਡੰਡਾ ਇਸ ਨੌਜਵਾਨ ਪੀੜੀ ਤੇ ਵਰਿਆ ਉਹ ਕਹਿਣ ਸੁਣਨ ਤੋਂ ਪਰੇ ਹੈ। ਇਸ ਘੋਲ ਦੀ ਅਗਵਾਈ ਕਰ ਰਹੇ ਨੌਜਵਾਨ ਮੁੰਡੇ ਕੁੜੀਆਂ ਨੂੰ ਘਰਾਂ ਵਿੱਚੋਂ ਪੁਲਿਸ ਵੱਲੋਂ ਚੁੱਕ ਕੇ ਉਹਨਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਹਨ। ਪਰ ਭਾਜਪਾ ਆਪਣੇ ਮਨੂੰਵਾਦੀ ਏਜੰਡੇ ਤਹਿਤ ਔਰਤਾਂ ਨੂੰ ਜੋ ਕਿ ਇਸ ਘੋਲ ਦੀ ਅਗਵਾਈ ਕਰ ਰਹੀਆਂ ਸਨ ਜਾਂ ਫਿਰ ਇਸ ਘੋਲ ਵਿੱਚ ਸ਼ਾਮਿਲ ਸਨ ਨੂੰ ਲਗਾਤਾਰ ਸੋਸ਼ਲ ਮੀਡੀਆ ਤੇ ਟਰੋਲਿੰਗ ਤਹਿਤ ਸਮਾਜ ਵਿਚ ਉਹਨਾਂ ਦੇ ਮਾਣ ਸਨਮਾਨ ਨੂੰ ਖਤਮ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਸਮੇਂ ਇਸਤਰੀ ਜਾਗਰਤੀ ਮੰਚ ਦੇ ਆਗੂਆਂ ਕਿਹਾ ਕਿ ਵੱਖ ਵੱਖ ਅੰਦੋਲਨਾਂ ਵਿਚ ਚਾਹੇ ਸ਼ਾਹੀਨ ਬਾਗ ਦਾ ਘੋਲ,ਇਤਿਹਾਸਿਕ ਕਿਸਾਨੀ ਅੰਦੋਲਨ ਅਤੇ ਗੁਰਮੇਹਰ ਕੌਰ ਦੇ ਕੇਸ ਵਿਚ ਦੇਖਿਆ ਕਿ ਔਰਤਾਂ ਨੂੰ ਵਿਸ਼ੇਸ਼ ਤੌਰ ਤੇ ਉਸਦੀ ਪ੍ਰਤਿਸ਼ਟਾ ਨੂੰ ਸੱਟ ਮਾਰਨ ਲਈ ਟ੍ਰੋਲਿੰਗ ਨੂੰ ਅਹਿਮ ਸੰਦ ਬਣਾਇਆ ਗਿਆ। ਭਾਜਪਾ ਦੀ ਔਰਤਾਂ ਪ੍ਰਤੀ ਸਮਝਦਾਰੀ ਉਸਨੂੰ ਪਸ਼ੂ ਦੇ ਸਮਾਨ ਸਮਝਣ ਦੀ ਹੈ। ਜੇਕਰ ਕੋਈ ਔਰਤ ਕਿਸੇ ਵੀ ਮੁੱਦੇ ਤੇ ਆਪਣੀ ਆਵਾਜ਼ ਉਠਾਉਂਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਭਾਜਪਾ ਦੇ ਟਰੋਲਿੰਗ ਬਰਗੇਡ ਦਾ ਸਾਹਮਣਾ ਕਰਨਾ ਪੈਂਦਾ ਤੇ ਉਸ ਨੂੰ ਸੋਸ਼ਲ ਮੀਡੀਆ ਤੇ ਟਰੋਲਿੰਗ ਦੇ ਦੌਰਾਨ ਬਲਾਤਕਾਰ ਐਸਿਡ ਅਟੈਕ,ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਵੱਖ ਵੱਖ ਸਰਵੇਖਣਾਂ ਅਨੁਸਾਰ ਇਹ ਕਿਹਾ ਜਾ ਰਿਹਾ ਹੈ ਕਿ ਅੱਜ ਔਰਤਾਂ ਪਹਿਲਾਂ ਨਾਲੋਂ ਜਿਆਦਾ ਸਸ਼ਕਤ ਹੋਈਆਂ ਹਨ ਪਰ ਜਮੀਨੀ ਪੱਧਰ ਤੇ ਔਰਤਾਂ ਖਿਲਾਫ ਹਿੰਸਾ ਹੋਰ ਸੰਸਥਾਗਤ ਹੋਈ ਹੈ। ਸੋਸ਼ਲ ਮੀਡੀਆ ਤੇ ਹੋ ਰਿਹਾ ਟਰੋਲਿੰਗ ਔਰਤਾਂ ਨੂੰ ਚੁੱਪ ਕਰਾਉਣ ਦਾ ਅਹਿਮ ਸਾਧਨ ਬਣ ਗਿਆ ਹੈ। ਇਸ ਵਿੱਚ ਔਰਤਾਂ ਨੂੰ ਜਾਨੋਂ ਮਾਰਨਾ ਦੀਆਂ ਧਮਕੀਆਂ ਦੇਣਾ,ਬਲਾਤਕਾਰ ਕਰਨਾ ਅਤੇ ਤੇਜਾਬ ਦੇ ਹਮਲੇ ਦੀਆਂ ਧਮਕੀਆਂ ਦੇਣਾ ਆਮ ਜਿਹੀ ਗੱਲ ਹੈ। ਇਸ ਸੰਬੰਧੀ ਕਾਨੂੰਨ ਦਾ ਕੰਡਾ ਵੀ ਔਰਤ ਵਿਰੋਧੀ ਹੋ ਨਿਬੜਦਾ ਹੈ। ਦੇਸ਼ ਦਾ ਔਰਤ ਕਮਿਸ਼ਨ ਇਸ ਸੰਬੰਧੀ ਗਹਿਰੀ ਚੁੱਪ ਧਾਰੀ ਬੈਠਾ ਹੈ।ਇਸਤਰੀ ਜਾਗਰਤੀ ਮੰਚ ਨੇ ਮੰਗ ਕਰਦਿਆਂ ਕਿਹਾ ਹੈ ਕਿ ਇਸ ਤਰਾਂ ਦੀਆਂ ਟਰੋਲਿੰਗ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਗਿਰਫਤਾਰ ਕਰਕੇ ਉਹਨਾਂ ਤੇ ਬਣਦੀ ।ਕਾਰਵਾਈ ਕੀਤੀ ਜਾਵੇ ਤਾਂ ਕਿ ਔਰਤਾਂ ਇਸ ਮਾਹੌਲ ਵਿੱਚ ਖੁੱਲ ਕੇ ਵਿਚਰ ਸਕਣ। ਲੜਕੀਆਂ ਨੂੰ ਇਸ ਰੁਝਾਨ ਦੇ ਖਿਲਾਫ ਡਟਣਾ ਚਾਹੀਦਾ ਹੈ ।ਇਸ ਮੌਕੇ ਬਲਵੀਰ ਕੌਰ ਬੜਵਾ , ਰਣਜੀਤ ਕੌਰ ਰਾਏਪੁਰ , ਸਰਬਜੀਤ ਕੌਰ ਬੜਵਾ,ਜਰਨੈਲ ਕੌਰ ਬੜਵਾ, ਹਰਜਿੰਦਰ ਕੌਰ ਚਨੌਲੀ ,ਸੀਮਾ ਭੱਟੋਂ ,ਮਨਜੀਤ ਕੌਰ , ਆਦਿ ਹਾਜ਼ਰ ਸਨ।












