ਪੰਜਾਬੀ ਸੱਭਿਆਚਾਰ ਦੀ ਝਲਕ ਨਾਲ ਬੋਲੀਆਂ ਤੇ ਗਿੱਧੇ ਨੇ ਬੰਨ੍ਹਿਆ ਰੰਗ; ਵਿਰਾਸਤ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਨ ਦਾ ਦਿੱਤਾ ਸੁਨੇਹਾ
ਮੋਹਾਲੀ 21 ਅਗਸਤ ,ਬੋਲੇ ਪੰਜਾਬ ਬਿਊਰੋ;
ਪੰਜਾਬ ਸਿੱਖਿਆ ਵਿਭਾਗ ਦੀਆਂ ਮਹਿਲਾ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਅੱਜ ਮੋਹਾਲੀ ਵਿੱਚ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਅਗਵਾਈ ਮੈਡਮ ਸਰਬਜੀਤ ਕੌਰ ਨੇ ਕੀਤੀ। ਇਸ ਮੌਕੇ ਮਹਿਲਾਵਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਜ-ਧਜ ਕੇ ਸ਼ਮੂਲੀਅਤ ਕੀਤੀ ਅਤੇ ਪੰਜਾਬੀ ਸੱਭਿਆਚਾਰ ਦੀਆਂ ਰਵਾਇਤੀ ਰੰਗਤਾਂ ਨੂੰ ਜੀਵੰਤ ਕੀਤਾ।

ਪ੍ਰੋਗਰਾਮ ਵਿੱਚ ਡਾਇਰੈਕਟਰ ਸ਼੍ਰੀ ਸਕੱਤਰ ਸਿੰਘ ਬੱਲ ਪੀਸੀਐਸ, ਡਾਇਰੈਕਟਰ ਪ੍ਰਾਇਮਰੀ ਸ਼੍ਰੀਮਤੀ ਹਰਕੀਰਤ ਕੌਰ ਚਾਨੇ, ਡਾਇਰੈਕਟਰ ਐਸਸੀਈਆਰਟੀ ਸ਼੍ਰੀਮਤੀ ਕਿਰਨ, ਰਜਿਸਟਰਾਰ ਸਿੱਖਿਆ ਵਿਭਾਗ ਸ਼੍ਰੀਮਤੀ ਬਲਜਿੰਦਰ ਕੌਰ, ਪੀਏ ਟੂ ਡਾਇਰੈਕਟਰ ਸ਼੍ਰੀਮਤੀ ਆਸ਼ਾ, ਸ਼੍ਰੀਮਤੀ ਸਰਬਜੀਤ ਕੌਰ ਰੇਖੀ, ਸੁਪਰਡੈਂਟ ਸੰਦੀਪ ਕੌਰ, ਸੁਪਰਡੈਂਟ ਪਰਮਜੀਤ ਕੌਰ, ਰੀਨਾ, ਰਮਨ, ਅਨੀਤਾ ਸਮੇਤ ਸਿੱਖਿਆ ਵਿਭਾਗ ਦੀਆਂ ਹੋਰ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਮਹਿਲਾਵਾਂ ਵੱਲੋਂ ਪੰਜਾਬੀ ਬੋਲੀਆਂ ਅਤੇ ਗਿੱਧਾ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ ਗਿਆ।

ਇਸ ਮੌਕੇ ਪ੍ਰੋਗਰਾਮ ਵਿੱਚ ਸ਼ਾਮਲ ਹੋਈਆਂ ਸਾਰੀਆਂ ਮਹਿਲਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਯੋਜਕਾਂ ਵੱਲੋਂ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ਫੁਲਕਾਰੀ ਭੇਟ ਕਰਕੇ ਅਤੇ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ। ਆਯੋਜਕਾਂ ਨੇ ਕਿਹਾ ਕਿ ਸਾਰੀਆਂ ਮਹਿਲਾ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਾਣਯੋਗ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਹੋਰ ਵੀ ਵਧ ਗਈ। ਉਨ੍ਹਾਂ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਅਤੇ ਇਸ ਨੂੰ ਸਫਲ ਬਣਾਉਣ ਲਈ ਸਾਰੀਆਂ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਮਹਿਲਾਵਾਂ ਨੇ ਕਿਹਾ ਕਿ ਤੀਆਂ ਵਰਗੇ ਰਵਾਇਤੀ ਤਿਉਹਾਰ ਸਿਰਫ਼ ਖੁਸ਼ੀ ਮਨਾਉਣ ਦਾ ਮੌਕਾ ਨਹੀਂ, ਸਗੋਂ ਪੰਜਾਬੀ ਭਾਸ਼ਾ, ਲੋਕ ਕਲਾ, ਪਹਿਰਾਵੇ, ਗੀਤ-ਸੰਗੀਤ ਅਤੇ ਰਵਾਇਤੀ ਵਿਰਸੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਵੀ ਸਾਧਨ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਨਾਲ ਜੋੜਨ ਲਈ ਅਜਿਹੇ ਸਮਾਗਮ ਲਗਾਤਾਰ ਕਰਵਾਏ ਜਾਣੇ ਚਾਹੀਦੇ ਹਨ।












