ਹੈੱਡਮਾਸਟਰ ਗੁਰਸੇਵਕ ਸਿੰਘ ਹੱਤਿਆਕਾਂਡ ਦਾ ਮੁੱਖ ਦੋਸ਼ੀ ਸਰਤਾਜ ਗ੍ਰਿਫ਼ਤਾਰ, 4 ਦਿਨਾਂ ਪੁਲਿਸ ਰਿਮਾਂਡ ‘ਤੇ
ਖਰੜ, 23 ਅਗਸਤ ,ਬੋਲੇ ਪੰਜਾਬ ਬਿਊਰੋ;
ਖਰੜ ਦੇ ਸਰਕਾਰੀ ਸਕੂਲ ਦੇ ਹੈੱਡਮਾਸਟਰ ਗੁਰਸੇਵਕ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਖਰੜ ਪੁਲਿਸ ਨੇ ਮਾਮਲੇ ਦੇ ਮੁੱਖ ਦੋਸ਼ੀ ਸਰਤਾਜ ਨੂੰ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਵਾਰਦਾਤ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਲੁੱਕ ਆਊਟ ਕਾਰਨਰ ਨੋਟਿਸ (LOC) ਜਾਰੀ ਕੀਤਾ ਗਿਆ ਸੀ। ਪੁਲਿਸ ਨੂੰ ਸ਼ੱਕ ਸੀ ਕਿ ਮੁਲਜ਼ਮ ਕੈਨੇਡਾ ਭੱਜਣ ਦੀ ਫਿਰਾਕ ਵਿੱਚ ਹੈ। ਸ਼ੁੱਕਰਵਾਰ ਦੇਰ ਸ਼ਾਮ ਐਲਓਸੀ ਦੇ ਆਧਾਰ ‘ਤੇ ਦਿੱਲੀ ਏਅਰਪੋਰਟ ਅਥਾਰਟੀ ਨੇ ਸਰਤਾਜ ਨੂੰ ਹਿਰਾਸਤ ਵਿੱਚ ਲਿਆ, ਜਿਸ ਤੋਂ ਬਾਅਦ ਖਰੜ ਪੁਲਿਸ ਦੀ ਟੀਮ ਨੇ ਦਿੱਲੀ ਪਹੁੰਚ ਕੇ ਸ਼ਨੀਵਾਰ ਤੜਕੇ 3 ਵਜੇ ਦੇ ਕਰੀਬ ਉਸ ਨੂੰ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਨੂੰ ਖਰੜ ਲਿਆ ਕੇ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀ ਸਰਤਾਜ ਨੇ ਦਾਅਵਾ ਕੀਤਾ ਕਿ ਗੁਰਸੇਵਕ ਸਿੰਘ ਉਸ ਦੀ ਪਤਨੀ ਨੂੰ ਪਰੇਸ਼ਾਨ ਕਰਦਾ ਸੀ, ਜਿਸ ਬਾਰੇ ਉਹ ਗੁਰਸੇਵਕ ਨੂੰ ਸਮਝਾਉਣ ਗਿਆ ਸੀ। ਦੋਸ਼ੀ ਮੁਤਾਬਕ ਮੌਕੇ ‘ਤੇ ਬਹਿਸ ਵਧਣ ਤੋਂ ਬਾਅਦ ਹੱਥੋਪਾਈ ਹੋ ਗਈ ਅਤੇ ਗੁਰਸੇਵਕ ਸਿੰਘ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਹਾਲਾਂਕਿ, ਉਸ ਨੇ ਜਾਨੋਂ ਮਾਰਨ ਦੀ ਨੀਅਤ ਤੋਂ ਇਨਕਾਰ ਕੀਤਾ ਹੈ।
ਜ਼ਿਕਰਯੋਗ ਹੈ ਕਿ 5 ਅਗਸਤ ਦੀ ਸ਼ਾਮ ਨੂੰ ਸੰਨੀ ਐਨਕਲੇਵ ‘ਚ ਗੁਰਸੇਵਕ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਅਤੇ ਲੋਹੇ ਦੀਆਂ ਰੋਡਾਂ ਨਾਲ ਹਮਲਾ ਕੀਤਾ ਗਿਆ ਸੀ। ਗੰਭੀਰ ਹਾਲਤ ‘ਚ ਉਨ੍ਹਾਂ ਨੂੰ ਮੋਹਾਲੀ ਦੇ ਗ੍ਰੇਸ਼ੀਅਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ 8 ਅਗਸਤ ਦੀ ਸਵੇਰ ਉਨ੍ਹਾਂ ਦੀ ਮੌਤ ਹੋ ਗਈ ਸੀ। ਫਿਲਹਾਲ ਪੁਲਿਸ ਰਿਮਾਂਡ ਦੌਰਾਨ ਦੋਸ਼ੀ ਤੋਂ ਹੱਤਿਆ ਦੇ ਕਾਰਨਾਂ ਅਤੇ ਇਸ ‘ਚ ਸ਼ਾਮਲ ਹੋਰ ਲੋਕਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰੇਗੀ।












