ਬੁੱਧ ਨੁਕੜ ਨਾਟਕ
ਤਮਾਸ਼ਾ ਇਹ ਪੰਜਾਬ!
ਮੇਹਰਬਾਨ, ਕਦਰਦਾਨ!
ਆਪੋ-ਆਪਣੇ ਘਰਾਂ ਵਿੱਚ, ਜਿੱਥੇ ਵੀ ਹੋ, ਬੈਠ ਜਾਓ।
ਥੋੜ੍ਹੇ ਹੀ ਪਲਾਂ ਵਿੱਚ ਤਮਾਸ਼ਾ ਸ਼ੁਰੂ ਹੋਣ ਵਾਲਾ ਹੈ।
ਮਮਤਾ ਜੀ, ਸੋਨੀਆ ਜੀ, ਮਾਨ ਭਾਈ—ਜ਼ਰਾ ਚੁੱਪ ਦਾ ਦਾਨ ਬਖ਼ਸ਼ੋ ਤੇ ਮੇਰੀ ਗੱਲ ਵੱਲ ਧਿਆਨ ਧਰੋ। ਪੰਜਾਬ ਦੇ ਮੰਚ ਉੱਤੇ ਨਸ਼ਾ, ਬੇਰੁਜ਼ਗਾਰੀ, ਲੁੱਟਮਾਰ, ਭ੍ਰਿਸ਼ਟਾਚਾਰ, ਮਾਫੀਆ, ਮਹਿੰਗਾਈ ਤੇ ਬੇਭਰੋਸਗੀ ਦੇ ਦ੍ਰਿਸ਼ ਚੱਲ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ ਤੇ ਸਿਆਸਤ ਆਪਣਾ-ਆਪਣਾ ਡਰਾਮਾ ਖੇਡ ਰਹੀ ਹੈ।
ਮਦਾਰੀ ਆਖਦਾ ਹੈ—
“ਜਮੂਰੇ! ਲਕੀਰ ਉੱਤੇ ਖੜ੍ਹਾ ਰਹੀਂ। ਹਿੱਲੀ ਨਾ। ਸਵਾਲ ਨਾ ਕਰੀਂ। ਬਸ ਤਮਾਸ਼ਾ ਦੇਖੀਂ।”
ਜਮੂਰਾ ਪੁੱਛਦਾ ਹੈ—
“ਉਸਤਾਦ! ਤਮਾਸ਼ਾ ਕਦੋਂ ਮੁੱਕਣਾ?”
ਮਦਾਰੀ ਹੱਸਦਾ ਹੈ—
“ਜਦੋਂ ਲੋਕ ਤਮਾਸ਼ਾ ਦੇਖਣਾ ਛੱਡ ਕੇ ਸਵਾਲ ਪੁੱਛਣ ਲੱਗ ਪਏ!”
ਲਓ ਜੀ, ਨਾਟਕ ਸ਼ੁਰੂ ਹੈ!
ਤਾੜੀਆਂ ਮਾਰੋ।
ਬੱਲੇ-ਬੱਲੇ ਕਰੋ।
ਜਿਹੜਾ ਕਿਹਾ ਜਾਵੇ, ਉਹੀ ਸੁਣੋ।
ਜਿਹੜਾ ਦਿਖਾਇਆ ਜਾਵੇ, ਉਹੀ ਦੇਖੋ।
ਕਿਸੇ ਨੇ ਸਵਾਲ ਨਹੀਂ ਪੁੱਛਣਾ।
ਕਿਸੇ ਨੇ ਗੱਲਬਾਤ ਨਹੀਂ ਕਰਨੀ।
ਬਸ ਸੁਣਨਾ ਹੈ।
ਅਚਾਨਕ ਬੱਤੀ ਬੰਦ!
“ਓ ਬਿਜਲੀ ਵਾਲਿਓ! ਤੁਹਾਡੇ ਵੀ…”
ਫਿਰ ਬੱਤੀ ਆ ਗਈ।
ਤਮਾਸ਼ਾ ਮੁੜ ਸ਼ੁਰੂ।
ਕਦੇ ਨੋਟਬੰਦੀ, ਕਦੇ ਲੌਕਡਾਊਨ, ਕਦੇ ਤਾਲੀ-ਥਾਲੀ, ਕਦੇ ਮੋਮਬੱਤੀਆਂ।
ਜਮੂਰਾ ਪੁੱਛਦਾ ਹੈ—
“ਉਸਤਾਦ, ਰੋਟੀ ਕਿੱਥੇ ਹੈ?”
ਮਦਾਰੀ ਆਖਦਾ ਹੈ—
“ਤੂੰ ਹਰ ਵੇਲੇ ਰੋਟੀ-ਰੋਟੀ ਕਿਉਂ ਕਰਦਾ ਰਹਿੰਦਾ ਹੈਂ? ਬੈਠ ਚੁੱਪ ਕਰ!”
ਜਮੂਰਾ ਕਹਿੰਦਾ ਹੈ—
“ਉਸਤਾਦ! ਭੁੱਖੇ ਢਿੱਡ ਨੂੰ ਨਾਅਰੇ ਨਹੀਂ ਪਚਦੇ।”
ਇਹ ਗੱਲ ਮਦਾਰੀ ਨੂੰ ਸਭ ਤੋਂ ਵੱਧ ਚੁੱਭਦੀ ਹੈ।
ਕੌਣ ਗੁਲਾਮ ਹੈ?
ਮੰਚ ਉੱਤੇ ਇੱਕ ਹੋਰ ਆਵਾਜ਼ ਆਉਂਦੀ ਹੈ—
“ਭਾਰਤੀ ਲੋਕੋ! ਕੁਝ ਸੋਚੋ। ਮਰਨਾ ਨਹੀਂ, ਜਿਉਣਾ ਹੈ। ਜੇ ਕੋਈ ਆਪਣੇ ਆਪ ਨੂੰ ਗੁਲਾਮ ਆਖਦਾ ਹੈ ਤਾਂ ਪੁੱਛੋ—ਗੁਲਾਮ ਕੌਣ ਹੈ ਤੇ ਮਾਲਕ ਕੌਣ?”
ਇੱਕ ਪਾਸੇ ਮਹਿੰਗੇ ਫੋਨ, ਮਹਿੰਗੀਆਂ ਗੱਡੀਆਂ, ਵੱਡੇ ਕਾਫਲੇ ਅਤੇ ਸੁਰੱਖਿਆ ਦੇ ਘੇਰੇ ਹਨ; ਦੂਜੇ ਪਾਸੇ ਨੌਜਵਾਨ ਹੱਥਾਂ ਵਿੱਚ ਡਿਗਰੀਆਂ ਫੜ ਕੇ ਰੁਜ਼ਗਾਰ ਲੱਭ ਰਹੇ ਹਨ।
ਇੱਕ ਪਾਸੇ ਧਰਮ ਦੇ ਨਾਂ ਉੱਤੇ ਭੀੜ ਇਕੱਠੀ ਹੁੰਦੀ ਹੈ, ਦੂਜੇ ਪਾਸੇ ਲੋਕਾਂ ਦੇ ਅਸਲ ਸਵਾਲ ਪਿੱਛੇ ਧੱਕੇ ਜਾਂਦੇ ਹਨ।
ਕਮਾਲ ਹੈ!
ਧਰਮ ਦੇ ਨਾਂ ਉੱਤੇ ਆਵਾਜ਼ ਉੱਚੀ,
ਪਰ ਹੱਕ ਦੇ ਨਾਂ ਉੱਤੇ ਆਵਾਜ਼ ਕਿਉਂ ਨੀਵੀਂ?
ਪੰਜਾਬ ਦਾ ਅਸਲ ਤਮਾਸ਼ਾ
ਪੰਜਾਬ ਦਾ ਸੰਕਟ ਸਿਰਫ਼ ਸਰਕਾਰ ਦਾ ਸੰਕਟ ਨਹੀਂ।
ਇਹ ਸਮਾਜ ਦਾ ਵੀ ਸੰਕਟ ਹੈ।
ਨਸ਼ਾ ਹੈ।
ਬੇਰੁਜ਼ਗਾਰੀ ਹੈ।
ਭ੍ਰਿਸ਼ਟਾਚਾਰ ਹੈ।
ਪੁਲਿਸ ਅਤੇ ਪ੍ਰਸ਼ਾਸਨ ਬਾਰੇ ਲੋਕਾਂ ਦੇ ਸਵਾਲ ਹਨ।
ਪਾਣੀ ਦਾ ਸੰਕਟ ਹੈ।
ਸਿੱਖਿਆ ਮਹਿੰਗੀ ਹੋ ਰਹੀ ਹੈ।
ਨੌਜਵਾਨ ਪਰਦੇਸ ਵੱਲ ਜਾ ਰਹੇ ਹਨ।
ਪਿੰਡ ਖਾਲੀ ਹੋ ਰਹੇ ਹਨ।
ਤੇ ਸਿਆਸਤ ਆਪਣੇ ਵਾਅਦਿਆਂ ਦੀਆਂ ਨਵੀਆਂ ਪੋਟਲੀਆਂ ਖੋਲ੍ਹ ਰਹੀ ਹੈ।
ਲੋਕ ਪੁੱਛਦੇ ਹਨ—
ਸਾਡੇ ਬੱਚਿਆਂ ਦਾ ਭਵਿੱਖ ਕਿੱਥੇ ਹੈ?
ਸਾਡੀ ਕਿਰਤ ਦੀ ਕਦਰ ਕਿੱਥੇ ਹੈ?
ਸਾਡੀ ਸਿੱਖਿਆ ਕਿੱਥੇ ਹੈ?
ਸਾਡਾ ਰੁਜ਼ਗਾਰ ਕਿੱਥੇ ਹੈ?
ਸਾਡਾ ਪੰਜਾਬ ਕਿੱਥੇ ਜਾ ਰਿਹਾ ਹੈ?
ਸਵਾਲ ਸਰਕਾਰ ਤੋਂ ਵੀ, ਸਮਾਜ ਤੋਂ ਵੀ
ਪੁੱਛਣਾ ਬਣਦਾ ਹੈ ਕਿ ਨਹੀਂ?
ਭਲਾ ਦੱਸੋ
ਜਦੋਂ ਲੋਕ ਟੈਕਸ ਦਿੰਦੇ ਹਨ ਤਾਂ ਉਹਨਾਂ ਨੂੰ ਸਿੱਖਿਆ, ਸਿਹਤ, ਰੁਜ਼ਗਾਰ, ਸੁਰੱਖਿਆ ਅਤੇ ਇਨਸਾਫ਼ ਬਾਰੇ ਸਵਾਲ ਪੁੱਛਣ ਦਾ ਹੱਕ ਵੀ ਹੈ।
ਪਰ ਸਵਾਲ ਸਿਰਫ਼ ਸਰਕਾਰ ਨੂੰ ਨਹੀਂ—
ਸਾਨੂੰ ਆਪਣੇ ਆਪ ਨੂੰ ਵੀ ਪੁੱਛਣਾ ਪਵੇਗਾ।
ਅਸੀਂ ਕਦੋਂ ਜਾਗਾਂਗੇ?
ਕਦੋਂ ਸਵਾਲ ਕਰਾਂਗੇ?
ਕਦੋਂ ਆਪਣੇ ਵੋਟ ਦੀ ਕੀਮਤ ਸਮਝਾਂਗੇ?
ਕਦੋਂ ਜਾਤ, ਧਰਮ, ਪਾਰਟੀ ਅਤੇ ਨਿੱਜੀ ਹਉਮੈ ਤੋਂ ਉੱਪਰ ਉੱਠ ਕੇ ਪੰਜਾਬ ਬਾਰੇ ਸੋਚਾਂਗੇ?
ਪੰਜਾਬ ਨੂੰ ਸਿਰਫ਼ ਭਾਸ਼ਣਾਂ ਨਾਲ ਨਹੀਂ,
ਸਾਂਝੀ ਸੋਚ, ਸਾਂਝੀ ਜ਼ਿੰਮੇਵਾਰੀ ਅਤੇ ਲੋਕਤੰਤਰਕ ਸੰਘਰਸ਼ ਨਾਲ ਸੰਭਾਲਿਆ ਜਾ ਸਕਦਾ ਹੈ।
ਪੰਜਾਬ ਨੂੰ ਬਚਾਉਣ ਲਈ ਸਾਂਝਾ ਮੰਚ ਕਿਉਂ ਨਹੀਂ?
ਪੰਜਾਬ ਦੇ ਸਮਾਜ ਸੇਵੀ, ਪੱਤਰਕਾਰ, ਕਾਲਮਨਵੀਸ, ਬੁੱਧੀਜੀਵੀ, ਵਿਦਿਆਰਥੀ, ਕਿਸਾਨ, ਮਜ਼ਦੂਰ, ਅਧਿਆਪਕ ਅਤੇ ਹਰ ਖੇਤਰ ਦੇ ਜਾਗਦੇ ਲੋਕ ਇੱਕ ਮੰਚ ਉੱਤੇ ਬੈਠਣ।
ਪਹਿਲਾਂ ਇਹ ਤੈਅ ਕਰੀਏ—
ਸਾਡੀਆਂ ਤਰਜੀਹਾਂ ਕੀ ਹਨ?
ਨਸ਼ੇ ਦਾ ਖਾਤਮਾ।
ਰੁਜ਼ਗਾਰ ਦੀ ਗਾਰੰਟੀ।
ਮਿਆਰੀ ਸਰਕਾਰੀ ਸਿੱਖਿਆ।
ਸਿਹਤ ਸਹੂਲਤਾਂ।
ਪਾਣੀ ਅਤੇ ਵਾਤਾਵਰਨ ਦੀ ਰਾਖੀ।
ਭ੍ਰਿਸ਼ਟਾਚਾਰ ਵਿਰੁੱਧ ਜਵਾਬਦੇਹੀ।
ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੀ ਰਾਖੀ।
ਪਿੰਡਾਂ ਅਤੇ ਖੇਤੀ ਦੀ ਸੰਭਾਲ।
ਤੇ ਸਭ ਤੋਂ ਵੱਡੀ ਗੱਲ—
ਲੋਕਾਂ ਦੀ ਆਵਾਜ਼ ਨੂੰ ਲੋਕਤੰਤਰ ਦਾ ਕੇਂਦਰ ਬਣਾਉਣਾ।
ਬਾਬਾ ਨਾਨਕ ਦਾ ਸਵਾਲ ਅੱਜ ਵੀ ਸਾਡੇ ਸਾਹਮਣੇ ਹੈ
“ਏਤੀ ਮਾਰ ਪਈ ਕੁਰਲਾਣੈ
ਤੈ ਕੀ ਦਰਦੁ ਨ ਆਇਆ?”
ਅੱਜ ਸਵਾਲ ਇਹ ਹੈ—
ਦਰਦ ਕਿਉਂ ਨਹੀਂ ਆਉਂਦਾ?
ਆਵਾਜ਼ ਕਿਉਂ ਨਹੀਂ ਉੱਠਦੀ?
ਅਸੀਂ ਆਪਣੇ ਹੀ ਘਰ ਨੂੰ ਖੁਰਦਾ ਵੇਖ ਕੇ ਚੁੱਪ ਕਿਉਂ ਹਾਂ?
ਪੰਜਾਬ ਨੂੰ ਬਚਾਉਣ ਲਈ ਕਿਸੇ ਇੱਕ ਵਿਅਕਤੀ, ਇੱਕ ਪਾਰਟੀ ਜਾਂ ਇੱਕ ਧੜੇ ਦੀ ਨਹੀਂ—ਜਾਗਦੇ ਲੋਕਾਂ ਦੀ ਸਾਂਝੀ ਤਾਕਤ ਦੀ ਲੋੜ ਹੈ।
ਹੁਣ ਲੜਨ ਦੀ ਲੋੜ ਹੈ—ਮਰਨ ਦੀ ਨਹੀਂ!
ਲੜਾਈ ਕਿਸੇ ਮਨੁੱਖ ਨਾਲ ਨਹੀਂ,
ਬੁਰਾਈਆਂ ਨਾਲ ਹੋਵੇ।
ਲੜਾਈ ਨਫ਼ਰਤ ਨਾਲ ਨਹੀਂ,
ਨਸ਼ੇ ਨਾਲ ਹੋਵੇ।
ਲੜਾਈ ਹਿੰਸਾ ਨਾਲ ਨਹੀਂ,
ਭ੍ਰਿਸ਼ਟਾਚਾਰ ਅਤੇ ਬੇਇਨਸਾਫ਼ੀ ਵਿਰੁੱਧ ਲੋਕਤੰਤਰਕ ਤਰੀਕੇ ਨਾਲ ਹੋਵੇ।
ਕਿਰਤ ਕਰਨੀ ਹੈ,
ਕਿਰਤ ਦੀ ਰਾਖੀ ਕਰਨੀ ਹੈ,
ਆਪਣੀ ਹਉਮੈ ਛੱਡਣੀ ਹੈ,
ਸਿਰ ਜੋੜਨੇ ਹਨ,
ਸਵਾਲ ਪੁੱਛਣੇ ਹਨ,
ਨਵੇਂ ਰਸਤੇ ਲੱਭਣੇ ਹਨ।
ਆਓ ਪੰਜਾਬੀਓ!
ਨਾ ਅੰਨ੍ਹੇ ਹੋ ਕੇ ਤਮਾਸ਼ਾ ਦੇਖੀਏ,
ਨਾ ਡਰ ਕੇ ਚੁੱਪ ਰਹੀਏ।
ਸਿਰ ਜੋੜੀਏ,
ਸੋਚੀਏ,
ਕਹੀਏ,
ਸੁਣੀਏ,
ਤੇ ਇੱਕ ਸਾਂਝਾ ਕਾਫ਼ਲਾ ਤੋਰੀਏ।
ਮੁੱਠੀ ਵਿੱਚੋਂ ਕਿਰਦੇ ਪੰਜਾਬ ਨੂੰ ਸੰਭਾਲੀਏ।
ਪੰਜਾਬ ਉਡੀਕ ਰਿਹਾ ਹੈ—
ਤੁਹਾਡੀ ਆਵਾਜ਼ ਦੀ, ਤੁਹਾਡੀ ਸੋਚ ਦੀ, ਤੁਹਾਡੀ ਜ਼ਿੰਮੇਵਾਰੀ ਦੀ।
ਅੱਗ ਘਰਾਂ ਤੱਕ ਆ ਪਹੁੰਚੀ ਹੈ।
ਹੁਣ ਤਮਾਸ਼ਾ ਦੇਖਣਾ ਹੈ ਜਾਂ ਆਪਣੇ ਘਰ ਦੀ ਸੰਭਾਲ ਕਰਨੀ ਹੈ?
ਫ਼ੈਸਲਾ ਸਾਡਾ ਹੈ।
++++
ਬੁੱਧ ਸਿੰਘ ਨੀਲੋਂ
9464370823












