ਆਰਐਸਐਸ ਦੀ ਹਿੰਦੂਤਵ ਵਿਚਾਰਧਾਰਾ ਸਿੱਖਾਂ, ਮੁਸਲਮਾਨਾਂ ਅਤੇ ਇਸਾਈਆਂ ਲਈ ਭਾਰੀ ਖ਼ਤਰਨਾਕ
ਨਵੀਂ ਦਿੱਲੀ 27 ਅਗਸਤ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੇ ਨਿਊਯਾਰਕ ਪਹੁੰਚਣ ਦਰਮਿਆਨ ਸਿੱਖਸ ਫਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਤਿੱਖਾ ਬਿਆਨ ਜਾਰੀ ਕਰਦਿਆਂ ਰਾਸ਼ਟਰੀ ਸਵੈਮਸੇਵਕ ਸੰਘ ਦੀ ਹਿੰਦੂਤਵ ਵਿਚਾਰਧਾਰਾ ਨੂੰ ਸਿੱਖਾਂ, ਮੁਸਲਮਾਨਾਂ ਅਤੇ ਇਸਾਈਆਂ ਲਈ ਖ਼ਤਰਾ ਕਰਾਰ ਦਿੱਤਾ ਹੈ। ਪੰਨੂ ਨੇ ਕਿਹਾ ਕਿ 29 ਅਗਸਤ ਨੂੰ ਖਾਲਿਸਤਾਨ ਸਮਰਥਕ ਮੋਹਨ ਭਾਗਵਤ ਦੇ ਦੌਰੇ ਦਾ ਵਿਰੋਧ ਕਰਕੇ ਇਸ ਵਿਚਾਰਧਾਰਾ ਨੂੰ ਚੁਣੌਤੀ ਦੇਣਗੇ। ਪੰਨੂ ਨੇ ਹਿੰਦੂਤਵ ਵਿਚਾਰਧਾਰਾ ’ਤੇ ਹਮਲਾ ਕਰਦਿਆਂ ਕਿਹਾ ਕਿ “ਸੱਪ ਨੂੰ ਨਾ ਮਾਰੋ, ਪਹਿਲਾਂ ਹਿੰਸਕ ਹਿੰਦੂਤਵ ਵਿਚਾਰਧਾਰਾ ਨੂੰ ਖ਼ਤਮ ਕਰੋ।” ਉਨ੍ਹਾਂ ਦਾਅਵਾ ਕੀਤਾ ਕਿ ‘ਵਿਸ਼ਵ ਏਕਤਾ ਸਮਾਗਮ’ ਦੇ ਨਾਮ ਨਾਲ ਜੁੜੀ ਇਹ ਪਹਿਲ ਅਸਲ ਵਿੱਚ ਏਕਤਾ ਦੀ ਵਿਚਾਰਧਾਰਾ ਦੀ ਪ੍ਰਤੀਨਿਧਤਾ ਨਹੀਂ ਕਰਦੀ। ਉਨ੍ਹਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੀ ਵਿਚਾਰਧਾਰਾ ਤਹਿਤ ਸਿੱਖਾਂ, ਮੁਸਲਮਾਨਾਂ ਅਤੇ ਇਸਾਈਆਂ ਨੂੰ ਕਥਿਤ ਤੌਰ ’ਤੇ ਹੋਂਦ ਦਾ ਖ਼ਤਰਾ ਦਰਪੇਸ਼ ਹੈ। ਪੰਨੂ ਨੇ ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਹ ਮੋਹਨ ਭਾਗਵਤ ਨੂੰ ਰੋਕ ਨਹੀਂ ਸਕਦੇ ਤਾਂ ਖਾਲਿਸਤਾਨ ਸਮਰਥਕ ਸਿੱਖਾਂ ਨਾਲ ਖੜ੍ਹ ਕੇ ਨਿਊਯਾਰਕ ਵਿੱਚ ਹਿੰਦੂਤਵ ਦੇ ਕਥਿਤ ਅਰਧ-ਸੈਨਿਕ ਏਜੰਡੇ ਦਾ ਵਿਰੋਧ ਕਰਨ। ਸਿੱਖਸ ਫਾਰ ਜਸਟਿਸ ਵੱਲੋਂ ਦਿੱਤੇ ਇਸ ਬਿਆਨ ਨਾਲ ਮੋਹਨ ਭਾਗਵਤ ਦੇ ਨਿਊਯਾਰਕ ਦੌਰੇ ਨੂੰ ਲੈ ਕੇ ਵਿਚਾਰਧਾਰਕ ਟਕਰਾਅ ਹੋਰ ਤਿੱਖਾ ਹੋਣ ਦੇ ਸੰਕੇਤ ਮਿਲ ਰਹੇ ਹਨ।












