ਮੁਲਾਜ਼ਮਾਂ ਦੀ ਹੜਤਾਲ ਅੱਗੇ ਝੁਕੀ ਭਗਵੰਤ ਮਾਨ ਸਰਕਾਰ; DA ਮਾਮਲੇ ‘ਤੇ ਸਰਕਾਰ ਨਾਲ ਬਣੀ ਸਹਿਮਤੀ, ਕਾਰਨ ਦੱਸੋ ਨੋਟਿਸ ਵੀ ਲਏ ਵਾਪਸ!
ਮੁਲਾਜ਼ਮਾਂ ਅਤੇ ਪੰਜਾਬ ਸਰਕਾਰ ਵਿਚਾਲੇ ਮੁੱਖ ਸਕੱਤਰ ਨਾਲ ਮੀਟਿੰਗ ਤੋਂ ਬਾਅਦ ਹੜਤਾਲ ਖ਼ਤਮ ਕਰਨ ਦਾ ਐਲਾਨ- ਸਰਕਾਰ ਨੇ ਮੁਲਾਜ਼ਮਾਂ ਨੂੰ ਜਾਰੀ ਕੀਤਾ ‘ਸ਼ੋਅ ਕਾਜ਼’ ਨੋਟਿਸ ਲਿਆ ਵਾਪਸ, ਜਲਦ ਸੀਐੱਮ ਮਾਨ ਨਾਲ ਹੋਵੇਗੀ ਮੀਟਿੰਗ
ਚੰਡੀਗੜ੍ਹ, 9 ਸਤੰਬਰ ,ਬੋਲੇ ਪੰਜਾਬ ਬਿਊਰੋ;
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਸੂਬਾ ਸਰਕਾਰ ਵਿਚਾਲੇ ਚੱਲ ਰਹੇ ਤਣਾਅ ਤੋਂ ਬਾਅਦ ਹੁਣ ਇੱਕ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਮਹਿੰਗਾਈ ਭੱਤੇ (DA) ਦੇ ਮਾਮਲੇ ਨੂੰ ਲੈ ਕੇ ਸਰਕਾਰੀ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਨੂੰ ਵਾਪਸ ਲੈ ਲਿਆ ਗਿਆ ਹੈ ਅਤੇ ਸਾਰੇ ਮੁਲਾਜ਼ਮਾਂ ਨੇ ਆਪਣੀ ਹੜਤਾਲ ਖ਼ਤਮ ਕਰਨ ਦਾ ਰਸਮੀ ਐਲਾਨ ਕਰ ਦਿੱਤਾ ਹੈ। ਸਰਕਾਰ ਅਤੇ ਮੁਲਾਜ਼ਮ ਜਥੇਬੰਦੀਆਂ ਵਿਚਾਲੇ ਬਣੀ ਸਹਿਮਤੀ ਤੋਂ ਬਾਅਦ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਰ ਮੁੜ ਤੋਂ ਆਮ ਵਾਂਗ ਸ਼ੁਰੂ ਹੋਣ ਦਾ ਰਸਤਾ ਸਾਫ਼ ਹੋ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ, ਇਹ ਅਹਿਮ ਫੈਸਲਾ ਚੀਫ਼ ਸੈਕਟਰੀ ਪੰਜਾਬ ਅਤੇ ਮੁਲਾਜ਼ਮ ਆਗੂਆਂ ਵਿਚਾਲੇ ਹੋਈ ਇੱਕ ਅਹਿਮ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਇਸ ਮੀਟਿੰਗ ਦੌਰਾਨ ਮੁਲਾਜ਼ਮਾਂ ਦੀਆਂ ਮੰਗਾਂ, ਵਿਸ਼ੇਸ਼ ਤੌਰ ‘ਤੇ ਡੀਏ (DA) ਦੇ ਮੁੱਦੇ ‘ਤੇ ਗੰਭੀਰ ਚਰਚਾ ਹੋਈ। ਦੋਵਾਂ ਧਿਰਾਂ ਵਿਚਾਲੇ ਬਣੀ ਸਕਾਰਾਤਮਕ ਸਹਿਮਤੀ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਸਮਾਪਤ ਕਰਨ ਦਾ ਫੈਸਲਾ ਕੀਤਾ।
ਇਸ ਦੇ ਨਾਲ ਹੀ ਸਰਕਾਰ ਵੱਲੋਂ ਵੀ ਵੱਡਾ ਕਦਮ ਚੁੱਕਦੇ ਹੋਏ 27 ਅਗਸਤ ਨੂੰ ਮੁਲਾਜ਼ਮਾਂ ਨੂੰ ਜਾਰੀ ਕੀਤਾ ਗਿਆ ‘ਸ਼ੋਅ ਕਾਜ਼’ (Show Cause) ਨੋਟਿਸ ਵਾਪਸ ਲੈ ਲਿਆ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ DA ਦੇ ਬਾਕੀ ਰਹਿੰਦੇ ਮਸਲਿਆਂ ਨੂੰ ਸਥਾਈ ਤੌਰ ‘ਤੇ ਹੱਲ ਕਰਨ ਲਈ ਜਲਦ ਹੀ ਮੁਲਾਜ਼ਮ ਜਥੇਬੰਦੀਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਇੱਕ ਉੱਚ-ਪੱਧਰੀ ਮੀਟਿੰਗ ਕਰਵਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੰਮਕਾਜ ਪੂਰੀ ਤਰ੍ਹਾਂ ਠੱਪ ਕਰਕੇ ਹੜਤਾਲ ਕੀਤੀ ਗਈ ਸੀ। ਜਿਸ ਦੇ ਜਵਾਬ ਵਿੱਚ ਪੰਜਾਬ ਸਰਕਾਰ ਨੇ No Work, No Pay ਦਾ ਫਾਰਮੂਲਾ ਲਾਗੂ ਕਰਨ ਸਬੰਧੀ ਪੱਤਰ ਜਾਰੀ ਕੀਤਾ ਸੀ। ਇਸ ਸਰਕਾਰੀ ਕਾਰਵਾਈ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਨੇ ਵੀ ਆਪਣਾ ਰੋਸ ਵਧਾਉਂਦੇ ਹੋਏ ਹੜਤਾਲ ਨੂੰ ਸ਼ੁੱਕਰਵਾਰ ਤੱਕ ਵਧਾਉਣ ਦਾ ਐਲਾਨ ਕਰ ਦਿੱਤਾ ਸੀ।
ਹਾਲਾਂਕਿ, ਮੁੱਖ ਸਕੱਤਰ ਨਾਲ ਹੋਈ ਸਫਲ ਬੈਠਕ ਤੋਂ ਬਾਅਦ ਹੁਣ ਸਰਕਾਰ ਅਤੇ ਮੁਲਾਜ਼ਮਾਂ ਵਿਚਕਾਰ ਬਣਿਆ ਜੜ੍ਹੋ-ਜੜ੍ਹੀ ਦਾ ਮਾਹੌਲ ਖ਼ਤਮ ਹੋ ਗਿਆ ਹੈ। ਹੜਤਾਲ ਵਾਪਸ ਲੈਣ ਦੇ ਫੈਸਲੇ ਨਾਲ ਆਮ ਜਨਤਾ ਨੂੰ ਸਰਕਾਰੀ ਦਫ਼ਤਰਾਂ ਵਿੱਚ ਖੱਜਲ-ਖੁਆਰ ਹੋਣ ਤੋਂ ਵੱਡੀ ਰਾਹਤ ਮਿਲੇਗੀ।












