Canada ‘ਚ 16 ਪੰਜਾਬੀ ਮੂਲ ਦੇ ਲੋਕਾਂ ‘ਤੇ ਲੱਗੇ 56 ਅਪਰਾਧਿਕ ਦੋਸ਼

ਸੰਸਾਰ ਚੰਡੀਗੜ੍ਹ ਪੰਜਾਬ

ਫਿਰੌਤੀ, ਗੋਲੀਬਾਰੀ, ਅੱਗਜ਼ਨੀ ਤੇ ਅਗਵਾ ਦੇ ਮਾਮਲਿਆਂ ‘ਚ ਹੋਈ ਕਾਰਵਾਈ


ਬਿਸ਼ਨੋਈ ਗੈਂਗ ਨਾਲ ਸੰਭਾਵਿਤ ਸਬੰਧਾਂ ਦੀ ਵੀ ਹੋ ਰਹੀ ਜਾਂਚ

ਚੰਡੀਗੜ੍ਹ, 9 ਸਤੰਬਰ ,ਬੋਲੇ ਪੰਜਾਬ ਬਿਊਰੋ;

ਕੈਨੇਡਾ ਦੇ ਕੈਲਗਰੀ ਸ਼ਹਿਰ ’ਚ ਪੁਲਿਸ ਨੇ ਹਿੰਸਕ ਐਕਸਟੌਰਸ਼ਨ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 16 ਵਿਅਕਤੀਆਂ ਖ਼ਿਲਾਫ਼ ਕੁੱਲ 56 ਅਪਰਾਧਿਕ ਦੋਸ਼ ਦਰਜ ਕੀਤੇ ਹਨ। ਪੁਲਿਸ ਮੁਤਾਬਕ ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਅਕਤੀ ਭਾਰਤੀ ਜਾਂ ਪੰਜਾਬੀ ਮੂਲ ਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਅਨੁਸਾਰ ਇਨ੍ਹਾਂ ਵਿੱਚੋਂ ਕੋਈ ਵੀ ਕੈਨੇਡਾ ਦਾ ਨਾਗਰਿਕ ਨਹੀਂ ਹੈ। ਕੈਲਗਰੀ ਪੁਲਿਸ ਨੇ 15 ਮੁਲਜ਼ਮਾਂ ਦੇ ਨਾਮ ਅਤੇ ਤਸਵੀਰਾਂ ਜਨਤਕ ਕੀਤੀਆਂ ਹਨ, ਜਦਕਿ 16ਵੇਂ ਮੁਲਜ਼ਮ ਦੀ ਪਛਾਣ ਫਿਲਹਾਲ ਜਨਤਕ ਨਹੀਂ ਕੀਤੀ ਗਈ। ਪੁਲਿਸ ਦੀ ਜਾਂਚ ਵਿੱਚ ਗੋਲੀਬਾਰੀ, ਅੱਗਜ਼ਨੀ, ਫਿਰੌਤੀ, ਅਗਵਾ, ਹਥਿਆਰਾਂ ਨਾਲ ਜੁੜੇ ਅਪਰਾਧ ਅਤੇ ਕੋਕੀਨ ਕਬਜ਼ੇ ਵਰਗੇ ਗੰਭੀਰ ਦੋਸ਼ ਸਾਹਮਣੇ ਆਏ ਹਨ।

ਕੈਲਗਰੀ ਪੁਲਿਸ ਮੁਤਾਬਕ ਅਪ੍ਰੈਲ 2025 ਤੋਂ ਹੁਣ ਤੱਕ ਐਕਸਟੌਰਸ਼ਨ ਨਾਲ ਜੁੜੇ 49 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ 19 ਗੋਲੀਬਾਰੀ ਦੀਆਂ ਘਟਨਾਵਾਂ ਸ਼ਾਮਲ ਹਨ। ਇਨ੍ਹਾਂ ਮਾਮਲਿਆਂ ਦੀ ਜਾਂਚ Operation Orion ਤਹਿਤ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਕੈਨੇਡਾ ’ਚ ਸਰਗਰਮ ਲਾਰੈਂਸ ਬਿਸ਼ਨੋਈ ਗੈਂਗ ਅਤੇ ਹੋਰ ਅਪਰਾਧਿਕ ਨੈੱਟਵਰਕਾਂ ਦੀ ਮੌਜੂਦਗੀ ਦਾ ਵੀ ਜ਼ਿਕਰ ਹੋਇਆ ਹੈ। ਹਾਲਾਂਕਿ ਕੈਲਗਰੀ ਪੁਲਿਸ ਨੇ ਇਹ ਨਹੀਂ ਕਿਹਾ ਕਿ ਗ੍ਰਿਫ਼ਤਾਰ ਜਾਂ ਦੋਸ਼ੀ ਬਣਾਏ ਗਏ ਸਾਰੇ 16 ਵਿਅਕਤੀ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਹਨ। ਪੁਲਿਸ ਵੱਲੋਂ ਇਸ ਪੂਰੇ ਨੈੱਟਵਰਕ ਦੀਆਂ ਕੜੀਆਂ ਦੀ ਜਾਂਚ ਜਾਰੀ ਹੈ ਅਤੇ ਲੋਕਾਂ ਤੋਂ ਹੋਰ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ।

ਪੁਲਿਸ ਨੇ ਕਿਹਾ ਕਿ ਇਸ ਕਾਰਵਾਈ ਦਾ ਮਕਸਦ ਕੈਲਗਰੀ ਦੀ South Asian Community ਵਿੱਚ ਵਧ ਰਹੀ ਹਿੰਸਾ ਅਤੇ ਕਥਿਤ ਫਿਰੌਤੀ ਦੀਆਂ ਘਟਨਾਵਾਂ ’ਤੇ ਨਕੇਲ ਕੱਸਣਾ ਹੈ। ਇਸੇ ਤਹਿਤ Operation Outage ਰਾਹੀਂ ਪ੍ਰਭਾਵਿਤ ਇਲਾਕਿਆਂ ਵਿੱਚ ਪੁਲਿਸ ਦੀ ਮੌਜੂਦਗੀ ਅਤੇ ਕਮਿਊਨਿਟੀ ਨਾਲ ਸੰਪਰਕ ਵੀ ਵਧਾਇਆ ਜਾ ਰਿਹਾ ਹੈ।

ਪੁਲਿਸ ਦੀ ਜਾਂਚ ਵਿੱਚ ਵੱਖ-ਵੱਖ ਘਟਨਾਵਾਂ ਨਾਲ ਜੁੜੇ ਗੰਭੀਰ ਦੋਸ਼ ਸਾਹਮਣੇ ਆਏ ਹਨ। ਰਵਜੋਤ ਤੂਰ ਖ਼ਿਲਾਫ਼ ਹਥਿਆਰ ਰੱਖਣ ਅਤੇ ਕੋਕੀਨ ਕਬਜ਼ੇ ਸਮੇਤ ਕਈ ਦੋਸ਼ ਲਗਾਏ ਗਏ ਹਨ। ਜਰਮਨਜੀਤ ਸਿੰਘ ਨੂੰ ਮਾਰਚ 2026 ਵਿੱਚ ਹੋਈ ਕਥਿਤ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਵਾਂਟੇਡ ਦੱਸਿਆ ਗਿਆ ਹੈ। ਜਸਕਰਨ ਸਿੰਘ ਅਤੇ ਕਰਨਬੀਰ ਸਿੰਘ ਵੀ ਇਸੇ ਜਾਂਚ ਨਾਲ ਸਬੰਧਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਅਮਨਦੀਪ ਸਿੰਘ, ਅਨੁਰਾਗ ਸਿੱਧੂ ਅਤੇ ਈਸ਼ਾਨਦੀਪ ਸਿੰਘ ਖ਼ਿਲਾਫ਼ ਇੱਕ ਵਾਹਨ ਨੂੰ ਅੱਗ ਲਗਾਉਣ ਨਾਲ ਸਬੰਧਤ ਅੱਗਜ਼ਨੀ ਦੇ ਦੋਸ਼ ਹਨ। ਉੱਥੇ ਹੀ ਅਮਨਦੀਪ ਮੱਲ੍ਹੀ ਅਤੇ ਸੰਦੀਪ ਸਿੰਘ ‘ਤੇ ਮਈ 2026 ਵਿੱਚ ਕਥਿਤ ਫਿਰੌਤੀ ਦੀ ਕੋਸ਼ਿਸ਼ ਨਾਲ ਸਬੰਧਤ ਦੋਸ਼ ਲਗਾਏ ਗਏ ਹਨ। ਦਕਸ਼ ਗੌਤਮ, ਆਕਾਸ਼ਦੀਪ ਸਿੰਘ, ਗਗਨਦੀਪ ਸਿੰਘ, ਪਰਦੀਪ ਸਿੰਘ ਅਤੇ ਤਰਨਵੀਰ ਸਿੰਘ ਖ਼ਿਲਾਫ਼ ਕਥਿਤ ਅਗਵਾ ਮਾਮਲੇ ਵਿੱਚ ਹਥਿਆਰ ਦਿਖਾਉਣ, ਅਗਵਾ, ਹਮਲਾ ਅਤੇ ਜ਼ਬਰਦਸਤੀ ਬੰਧਕ ਬਣਾਉਣ ਵਰਗੇ ਦੋਸ਼ ਲਗਾਏ ਗਏ ਹਨ। ਗੁਰਕਰਨ ਧਾਲੀਵਾਲ ‘ਤੇ ਮਈ 2026 ਦੀ ਕਥਿਤ ਗੋਲੀਬਾਰੀ ਨਾਲ ਜੁੜੇ ਹਥਿਆਰਾਂ ਦੇ ਦੋਸ਼ ਹਨ।

ਪੁਲਿਸ ਮੁਤਾਬਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਈ ਵਿਅਕਤੀ ਕੈਨੇਡਾ ਵਿੱਚ ਵਿਦਿਆਰਥੀ ਜਾਂ ਵਰਕ ਵੀਜ਼ੇ ‘ਤੇ ਰਹਿ ਰਹੇ ਹਨ। ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਇਨ੍ਹਾਂ ਮਾਮਲਿਆਂ ਵਿੱਚ ਦੋਸ਼ੀ ਬਣਾਏ ਗਏ ਵਿਅਕਤੀਆਂ ਵਿੱਚੋਂ ਕੋਈ ਵੀ ਕੈਨੇਡੀਅਨ ਨਾਗਰਿਕ ਨਹੀਂ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਵੱਲੋਂ ਆਉਣ ਵਾਲੇ ਸਮੇਂ ਵਿੱਚ ਹੋਰ ਗ੍ਰਿਫ਼ਤਾਰੀਆਂ ਜਾਂ ਖੁਲਾਸੇ ਕੀਤੇ ਜਾਣ ਦੀ ਸੰਭਾਵਨਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।