ਰਾਜਪੁਰਾ, 9 ਸਤੰਬਰ ,ਬੋਲੇ ਪੰਜਾਬ ਬਿਊਰੋ;
ਪਿਛਲੇ ਦਿਨੀਂ 5 ਸਤੰਬਰ ਨੂੰ ਮੋਹਾਲੀ ਵਿਖੇ ਹੋਏ ਰਾਜ ਪੱਧਰੀ ਅਧਿਆਪਕ ਦਿਵਸ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਕੀਤੇ ਗਏ ਅਧਿਆਪਕ ਡਾ. ਰਾਜਿੰਦਰ ਸਿੰਘ ਸੈਣੀ ਦਾ ਅੱਜ ਪੀ.ਐੱਮ. ਸ਼੍ਰੀ ਐੱਨ.ਟੀ.ਸੀ. ਸੀਨੀਅਰ ਸੈਕੰਡਰੀ ਸਕੂਲ, ਰਾਜਪੁਰਾ ਟਾਊਨ ਵਿਖੇ ਜੋਨਲ ਖੇਡ ਕਮੇਟੀ ਦੇ ਮੈਂਬਰਾਂ ਵੱਲੋਂ ਜੋਨਲ ਟੂਰਨਾਮੈਂਟ ਕਮੇਟੀ ਪ੍ਰਧਾਨ ਪ੍ਰਿੰਸੀਪਲ ਬਲਬੀਰ ਸਿੰਘ ਦੀ ਅਗਵਾਈ ਹੇਠ ਸਨਮਾਨ ਕੀਤਾ ਗਿਆ।
ਇਸ ਮੌਕੇ ਜੋਨਲ ਖੇਡ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਅਤੇ ਸਕੂਲ ਦੇ ਪ੍ਰਿੰਸੀਪਲ ਬਲਵੀਰ ਸਿੰਘ ਨੇ ਆਪਣੀ ਟੀਮ ਸਮੇਤ ਡਾ. ਰਾਜਿੰਦਰ ਸਿੰਘ ਸੈਣੀ ਨੂੰ ਸਨਮਾਨ ਚਿੰਨ੍ਹ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ। ਇਸ ਸਮੇਂ ਜ਼ਿਲ੍ਹਾ ਖੇਡ ਸਕੱਤਰ ਚਰਨਜੀਤ ਸਿੰਘ ਸਮੇਤ ਵੱਖ-ਵੱਖ ਸਕੂਲਾਂ ਦੇ ਖੇਡ ਅਧਿਆਪਕ ਵੀ ਮੌਜੂਦ ਸਨ।
ਪ੍ਰਿੰਸੀਪਲ ਬਲਬੀਰ ਸਿੰਘ ਨੇ ਕਿਹਾ ਕਿ ਡਾ. ਰਾਜਿੰਦਰ ਸਿੰਘ ਸੈਣੀ ਨੇ ਆਪਣੇ ਅਧਿਆਪਨ ਜੀਵਨ ਦੌਰਾਨ ਖੇਡਾਂ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਸ਼ਲਾਘਾਯੋਗ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਹਾਕੀ ਸਮੇਤ ਵੱਖ-ਵੱਖ ਖੇਡਾਂ ਵਿੱਚ ਜ਼ਿਲ੍ਹਾ, ਰਾਜ, ਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਿਆ ਹੈ।
ਉਨ੍ਹਾਂ ਦੱਸਿਆ ਕਿ ਡਾ. ਸੈਣੀ ਨੇ ਸਰੀਰਕ ਸਿੱਖਿਆ ਦੇ ਵਿਦਿਆਰਥੀਆਂ ਲਈ ਪੁਸਤਕਾਂ ਵੀ ਲਿਖੀਆਂ ਹਨ। ਉਨ੍ਹਾਂ ਦੀ ਲਗਨ, ਮਿਹਨਤ, ਨੇਕ ਆਚਰਨ ਅਤੇ ਸਿੱਖਿਆ ਤੇ ਖੇਡਾਂ ਪ੍ਰਤੀ ਸਮਰਪਣ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਇੰਦਰਵੀਰ ਕੌਰ ਭੱਪਲ, ਅਨੀਤਾ ਸੋਹਲ ਕੰਨਿਆ ਸਕੂਲ, ਭੁਪਿੰਦਰ ਸਿੰਘ ਢਕਾਨਸੂ ਕਲਾਂ, ਜੋਤੀ ਘੱਗਰ ਸਰਾਏ, ਪਾਰੁਲ ਅਹੂਜਾ, ਬੇਅੰਤ ਕੌਰ, ਹਰਜੀਤ ਸਿੰਘ, ਅਨਿਲ ਕੁਮਾਰ, ਗੁਰਜੋਤ ਸਿੰਘ, ਕਮਲ ਉਗਾਣੀ, ਸੁਰਿੰਦਰ ਸਿੰਘ, ਉੰਕਾਰ ਸਿੰਘ, ਬੁਸ਼ਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਅਧਿਆਪਕ ਹਾਜ਼ਰ ਸਨ।












