ਮੋਹਾਲੀ 10 ਸਤੰਬਰ ,ਬੋਲੇ ਪੰਜਾਬ ਬਿਊਰੋ;
ਅੱਜ ਮਿਤੀ 10 ਸਤੰਬਰ 2026 ਨੂੰ ਪਿੰਡ ਦੱਪਰ ਵਿਖੇ ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਦੀ ਇੱਕ ਸਾਂਝੀ ਮੀਟਿੰਗ ਹੋਈ, ਜਿਸ ਵਿੱਚ ਸ੍ਰੀ ਸੁਖਮਣੀ ਇੰਟਰਨੈਸ਼ਨਲ ਸਕੂਲ ਡੇਰਾਬੱਸੀ ਵਿੱਚੋਂ ਕੱਢੇ ਗਏ 15 ਕਿਰਤੀਆਂ ਦੀ ਬਹਾਲੀ ਨੂੰ ਲੈ ਕੇ ਗੰਭੀਰ ਵਿਚਾਰ-ਚਰਚਾ ਕੀਤੀ ਗਈ।
ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਅਮਲਾਲਾ ਨੇ ਦੱਸਿਆ ਕਿ ਸ੍ਰੀ ਸੁਖਮਣੀ ਇੰਟਰਨੈਸ਼ਨਲ ਸਕੂਲ ਦੇ ਪ੍ਰਬੰਧਕ ਆਪਣੀਆਂ ਮਨਮਾਨੀਆਂ ਕਰ ਰਹੇ ਹਨ ਅਤੇ ਲਗਾਤਾਰ ਇਲਾਕੇ ਦਾ ਮਾਹੌਲ ਖਰਾਬ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਰਤੀਆਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਨੌਕਰੀ ਤੋਂ ਹਟਾ ਕੇ ਉਨ੍ਹਾਂ ਦੀ ਜਗ੍ਹਾ ਠੇਕੇਦਾਰ ਦੇ ਬੰਦੇ ਰੱਖ ਕੇ ਕੰਮ ਕਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਧਰਨੇ-ਮੁਜ਼ਾਹਰੇ ਕਰਨ ਦੇ ਬਾਵਜੂਦ ਨਾ ਤਾਂ ਪ੍ਰਸ਼ਾਸਨ ਵੱਲੋਂ ਕੋਈ ਦਬਾਅ ਪਾਇਆ ਗਿਆ ਹੈ ਅਤੇ ਨਾ ਹੀ ਮੈਨੇਜਮੈਂਟ ਦੇ ਕੰਨਾਂ ‘ਤੇ ਕੋਈ ਜੂਂ ਸਰਕ ਰਹੀ ਹੈ।
ਇਸ ਮੌਕੇ ਪੰਜਾਬ ਏਟਕ ਦੇ ਸੂਬਾ ਮੀਤ ਪ੍ਰਧਾਨ ਵਿਨੋਦ ਚੁੱਗ ਨੇ ਵੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਬੰਧਕ ਮਜ਼ਦੂਰਾਂ ਨਾਲ ਲਗਾਤਾਰ ਮਤਰਈ ਮਾਂ ਵਾਲਾ ਸਲੂਕ ਕਰ ਰਹੇ ਹਨ ਅਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਐਲਾਨ ਕੀਤਾ ਕਿ ਏਟਕ ਵੱਲੋਂ ਇਨ੍ਹਾਂ ਕਿਰਤੀਆਂ ਦਾ ਡੱਟ ਕੇ ਸਾਥ ਦਿੱਤਾ ਜਾਵੇਗਾ।
ਸਾਂਝੀ ਮੀਟਿੰਗ ਵਿੱਚ ਸਰਵਸੰਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਮਿਤੀ 14 ਸਤੰਬਰ 2026 ਨੂੰ ਸਵੇਰੇ ਸ੍ਰੀ ਸੁਖਮਣੀ ਇੰਟਰਨੈਸ਼ਨਲ ਕਾਲਜ ਦੇ ਬਾਹਰ ਇੱਕ ਪੱਕਾ ਧਰਨਾ ਲਗਾਇਆ ਜਾਵੇਗਾ। ਇਹ ਧਰਨਾ ਅਨਿਸ਼ਚਿਤਕਾਲੀਨ ਸਮੇਂ ਲਈ ਹੋਵੇਗਾ ਜਿਸ ਵਿੱਚ ਕਿਸਾਨ ਅਤੇ ਕਿਰਤੀ ਦਿਨ-ਰਾਤ ਬੈਠਣਗੇ। ਆਗੂਆਂ ਨੇ ਸਪੱਸ਼ਟ ਕੀਤਾ ਕਿ ਸੁਖਮਣੀ ਮੈਨੇਜਮੈਂਟ ਦੇ ਖਿਲਾਫ ਇਹ ਲੜਾਈ ਹੁਣ ਆਰ-ਪਾਰ ਦੀ ਹੋਵੇਗੀ ਅਤੇ ਜਿੱਤ ਪ੍ਰਾਪਤ ਹੋਣ ਤੱਕ ਕੈਂਪਸ ਦੇ ਬਾਹਰ ਮੋਰਚਾ ਜਾਰੀ ਰਹੇਗਾ।
ਇਸ ਮੀਟਿੰਗ ਵਿੱਚ ਬੀਕੇਯੂ ਲੱਖੋਵਾਲ ਦੇ ਬਲਾਕ ਪ੍ਰਧਾਨ ਰਣਜੀਤ ਸਿੰਘ ਰਾਣਾ, ਆਗੂ ਗੁਰਪ੍ਰੀਤ ਸਿੰਘ ਜਸਤਨਾ ਕਲਾ, ਜਗਤਾਰ ਸਿੰਘ ਝਰਮਰੀ, ਮੁਲਾਜ਼ਮ ਆਗੂ ਗੁਰਬਿੰਦਰ ਸਿੰਘ, ਸੁਰਿੰ
ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਮੋਹਾਲੀ ਦੇ ਆਗੂ ਸੁਰਿੰਦਰ ਸਿੰਘ,ਬਲਵਿੰਦਰ ਸਿੰਘ ਜੜੋਤ, ਰੁਸਤਮ ਸੇਖ, ਬੀਕੇਯੂ ਪੁਆਧ ਦੇ ਤਰਲੋਚਨ ਸਿੰਘ, ਅਮਨਿੰਦਰ ਸਿੰਘ ਪ੍ਰਧਾਨ, ਏਕਮ ਸਿੱਧੂ ਮੋਹਾਲੀ (PSPCL ਜ਼ੀਰਕਪੁਰ), ਟੀ.ਐਸ.ਯੂ. ਤੇ ਪੈਨਸ਼ਨਰਜ਼ ਜ਼ੀਰਕਪੁਰ ਵੱਲੋਂ ਰਾਜਿੰਦਰ ਕੁਮਾਰ ਅਤੇ ਸ੍ਰੀ ਸੁਖਮਣੀ ਇੰਟਰਨੈਸ਼ਨਲ ਸਕੂਲ ਦੇ ਕਰਮਚਾਰੀ ਕਮਲਜੀਤ ਸਿੰਘ, ਬਲਜੀਤ ਸਿੰਘ ਤੇ ਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ।












