ਜੱਗੀ ਜੋਹਲ ਨੂੰ ਸਾਰੇ ਕੇਸਾਂ ’ਚੋਂ ਜ਼ਮਾਨਤ ਮਿਲਣ ਮਗਰੋਂ ਬ੍ਰਿਟਿਸ਼ ਸਰਕਾਰ ਘਰ ਵਾਪਸੀ ਲਈ ਕਰੇ ਦਖ਼ਲ: ਸਿੱਖ ਫੈਡਰੇਸ਼ਨ ਯੂਕੇ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 18 ਸਤੰਬਰ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਦਿੱਲੀ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਵੱਲੋਂ ਅੱਜ ਬਾਕੀ ਰਹਿੰਦੇ ਯੂਏਪੀਏ ਮਾਮਲਿਆਂ ਵਿੱਚ ਜ਼ਮਾਨਤ ਦਿੱਤੇ ਜਾਣ ਨਾਲ ਲਗਭਗ 9 ਸਾਲ ਬਾਅਦ ਉਨ੍ਹਾਂ ਦੀ ਜੇਲ੍ਹ ਤੋਂ ਬਾਹਰ ਆਉਣ ਅਤੇ ਸਕਾਟਲੈਂਡ ਵਿੱਚ ਆਪਣੇ ਪਰਿਵਾਰ ਨਾਲ ਮੁੜ ਮਿਲਣ ਦੀ ਉਮੀਦ ਮਜ਼ਬੂਤ ਹੋਈ ਹੈ। ਜਗਤਾਰ ਸਿੰਘ ਨੂੰ 4 ਨਵੰਬਰ 2017 ਨੂੰ ਪੰਜਾਬ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਿੱਖ ਫੈਡਰੇਸ਼ਨ ਯੂਕੇ ਨੇ ਦੋਸ਼ ਲਾਇਆ ਹੈ ਕਿ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਅਤੇ ਜ਼ਬਰਦਸਤੀ ਇਕਬਾਲੀਆ ਬਿਆਨ ਲਿਆ ਗਿਆ। ਸੰਸਥਾ ਅਨੁਸਾਰ ਭਾਰਤੀ ਅਦਾਲਤਾਂ ਵੱਲੋਂ ਕਥਿਤ ਜ਼ਬਰਦਸਤੀ ਇਕਬਾਲੀਆ ਬਿਆਨ ਅਤੇ ਟੈਲੀਵਿਜ਼ਨ ’ਤੇ ਪ੍ਰਸਾਰਿਤ ਕੀਤੀ ਗਈ ਵੀਡੀਓ ਨੂੰ ਵੀ ਰੱਦ ਕੀਤਾ ਜਾ ਚੁੱਕਾ ਹੈ। ਸਿੱਖ ਫੈਡਰੇਸ਼ਨ ਯੂਕੇ ਦੇ ਰਣਨੀਤਕ ਬੋਰਡ ਦੇ ਚੇਅਰ ਭਾਈ ਅਮਰਿਕ ਸਿੰਘ ਨੇ ਜ਼ਮਾਨਤ ਨੂੰ ਜਗਤਾਰ ਸਿੰਘ ਨੂੰ ਪਰਿਵਾਰ ਕੋਲ ਵਾਪਸ ਲਿਆਉਣ ਵੱਲ ਮਹੱਤਵਪੂਰਨ ਕਦਮ ਕਰਾਰ ਦਿੰਦਿਆਂ ਉਨ੍ਹਾਂ ਦੇ ਵਕੀਲ ਜਸਪਾਲ ਸਿੰਘ ਮੰਜਪੁਰ ਅਤੇ ਸਮੁੱਚੀ ਕਾਨੂੰਨੀ ਟੀਮ ਦਾ ਧੰਨਵਾਦ ਕੀਤਾ ਹੈ। ਸਿੱਖ ਫੈਡਰੇਸ਼ਨ ਯੂਕੇ ਦੇ ਰਾਜਨੀਤਕ ਮਾਮਲਿਆਂ ਲਈ ਮੁੱਖ ਕਾਰਜਕਾਰੀ ਦਬਿੰਦਰਜੀਤ ਸਿੰਘ ਓਬੀਈ ਨੇ ਕਿਹਾ ਕਿ ਸੰਸਥਾ ਬ੍ਰਿਟੇਨ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ ਦੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ, ਤਾਂ ਜੋ ਜਗਤਾਰ ਸਿੰਘ ਦੀ ਜੇਲ੍ਹ ਤੋਂ ਰਿਹਾਈ ਮਗਰੋਂ ਉਨ੍ਹਾਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਤੁਰੰਤ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਮਾਮਲੇ ਦੀ ਕੌਮਾਂਤਰੀ ਪੱਧਰ ’ਤੇ ਚਰਚਾ ਨੂੰ ਦੇਖਦਿਆਂ ਬ੍ਰਿਟਿਸ਼ ਸਰਕਾਰ ਨੂੰ ਕੂਟਨੀਤਕ ਪੱਧਰ ’ਤੇ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਬਾਕੀ ਦੋਸ਼ਾਂ ਦੇ ਮਾਮਲੇ ਵਿੱਚ ਜਲਦ ਕਾਰਵਾਈ ਲਈ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਇਸ ਦੌਰਾਨ ਦਿੱਲੀ ਹਾਈ ਕੋਰਟ ਦੇ ਵਿਸਥਾਰਤ ਲਿਖਤੀ ਹੁਕਮ ਅਤੇ ਜ਼ਮਾਨਤ ਦੀਆਂ ਸਹੀ ਸ਼ਰਤਾਂ ਦੀ ਉਡੀਕ ਕੀਤੀ ਜਾ ਰਹੀ ਹੈ। ਫੈਡਰੇਸ਼ਨ ਅਨੁਸਾਰ, ਜਗਤਾਰ ਸਿੰਘ ਦੇ ਸਾਰੇ ਦੋਸ਼ਾਂ ਤੋਂ ਬਰੀ ਹੋਣ ਉਪਰੰਤ ਉਨ੍ਹਾਂ ਦੀ ਕਾਨੂੰਨੀ ਟੀਮ ਲੰਬੀ ਹਿਰਾਸਤ ਅਤੇ ਕਥਿਤ ਗਲਤ ਮੁਕੱਦਮੇਬਾਜ਼ੀ ਸਬੰਧੀ ਭਾਰਤੀ ਰਾਜ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਵਿਕਲਪ ’ਤੇ ਵੀ ਵਿਚਾਰ ਕਰ ਸਕਦੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।