ਮੁੰਬਈ 20 ਸਤੰਬਰ ,ਬੋਲੇ ਪੰਜਾਬ ਬਿਊਰੋ;
ਮੁੰਬਈ ਦੇ ਮਸ਼ਹੂਰ ਲਾਲਬਾਗ਼ ਇਲਾਕੇ ਵਿੱਚ ਗਣਪਤੀ ਉਤਸਵ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਹੈ। ਕਾਲਾਚੌਕੀ ਸਥਿਤ ਇੱਕ ਗਣਪਤੀ ਪੰਡਾਲ ਨੇੜੇ ਆਰਜ਼ੀ ਤੌਰ ’ਤੇ ਲਗਾਏ ਗਏ ਠੰਢੇ ਪਾਣੀ ਦੇ ਸਟਾਲ ਵਿੱਚ ਕਰੰਟ ਆਉਣ ਨਾਲ ਇੱਕ 8 ਸਾਲਾ ਮਾਸੂਮ ਬੱਚੀ ਅਤੇ 33 ਸਾਲਾ ਔਰਤ ਦੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਤੜਕੇ ਲਗਭਗ 2:20 ਵਜੇ ਦੱਤਾ ਰਾਮ ਲਾਡ ਮਾਰਗ ’ਤੇ ਸਥਿਤ ‘ਮਹਾਗਣਪਤੀ ਉਤਸਵ ਮੰਡਲ’ (ਦਿਗਵਿਜੇ ਮਿੱਲ ਚਾਲ) ਨੇੜੇ ਵਾਪਰੀ।
ਉਸ ਸਮੇਂ ਗਣਪਤੀ ਉਤਸਵ ਕਾਰਨ ਇਲਾਕੇ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਮੌਜੂਦ ਸੀ। ਪੰਡਾਲ ਦੇ ਮੁੱਖ ਗੇਟ ਨੇੜੇ ਪੀਣ ਵਾਲੇ ਪਾਣੀ ਅਤੇ ਕੋਲਡ ਡ੍ਰਿੰਕਸ ਦੇ ਸਟਾਲ ਕੋਲ ਸ਼ਾਰਟ ਸਰਕਟ ਹੋਣ ਕਾਰਨ ਅਚਾਨਕ ਕਰੰਟ ਫੈਲ ਗਿਆ, ਜਿਸ ਦੀ ਲਪੇਟ ਵਿੱਚ ਆਉਣ ਨਾਲ ਛੇ ਲੋਕ ਝੁਲਸ ਗਏ।ਹਾਦਸੇ ਦੀ ਇਤਲਾਹ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੇ ਅਮਲੇ ਨੇ ਮੌਕੇ ’ਤੇ ਪਹੁੰਚ ਕੇ ਬਜਲੀ ਦੀ ਸਪਲਾਈ ਬੰਦ ਕਰਵਾਈ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ। ਕਰੰਟ ਦੀ ਲਪੇਟ ’ਚ ਆਏ ਸਾਰੇ ਛੇ ਵਿਅਕਤੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ‘ਚ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀਆਂ ਦੀ ਪਛਾਣ 8 ਸਾਲਾ ਬੱਚੀ ਰਾਗਿਨੀ ਘਨਸ਼ਿਆਮ ਯਾਦਵ ਅਤੇ 33 ਸਾਲਾ ਸੁਜਾਤਾ ਵਜੋਂ ਹੋਈ ਹੈ।ਗਲੋਬਲ ਹਸਪਤਾਲ ਵਿੱਚ ਦਾਖ਼ਲ 12 ਸਾਲਾ ਬੱਚੀ ਰੂਹੀ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਹ ਆਈ.ਸੀ.ਯੂ. (ICU) ਵਿੱਚ ਜ਼ੇੇਰੇ-ਇਲਾਜ ਹੈ। ਜਦੋਂ ਕਿ ਮਸੀਨਾ ਹਸਪਤਾਲ ਵਿੱਚ ਦਾਖ਼ਲ ਕਿਰਨ ਅਕਬਰ ਨਾਇਕ (19), ਤਨਵੀ ਨਰੇਸ਼ ਹਾਂਡੇ (19) ਅਤੇ ਸਾਹਿਲ ਸੰਦੀਪ ਤਾਰੇ (19) ਦੀ ਹਾਲਤ ਸਥਿਰ ਬਣੀ ਹੋਈ ਹੈ।












