ਚੰਡੀਗੜ੍ਹ, 21 ਸਤੰਬਰ ,ਬੋਲੇ ਪੰਜਾਬ ਬਿਊਰੋ;
ਪੰਜਾਬ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ “ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ” ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਇੱਕ ਸਾਂਝੇ ਬਿਆਨ ਰਾਹੀਂ ਜੰਮੂ ਕਸ਼ਮੀਰ ਦੀ ਸਰਕਾਰ ਵਲੋਂ ਜੇ ਐਡ ਕੇ ਦੀ ਸੂਬਾ ਆਗੂ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ ਕੌਮੀਂ ਕਾਰਜਕਾਰਣੀ ਕਮੇਟੀ ਦੈ ਮੈਂਬਰ ਹੁਰਾ ਬਾਨੋ ਨੂੰ ਸਸਪੈਂਡ ਕਰਨ ਦੀ ਕੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪ.ਸ.ਸ.ਫ. ਦੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਕਿਹਾ ਕਿ ਉਮਰ ਅਬਦੁੱਲਾ ਦੀ ਸਰਕਾਰ ਦੇ ਸਿਹਤ ਅਧਿਕਾਰੀਆਂ ਵਲੋਂ ਹੁਰਾ ਬਾਨੋ ਨੂੰ ਸਿਰਫ ਇਸ ਕਰਕੇ ਸਸਪੈਂਡ ਕੀਤਾ ਗਿਆ ਹੈ ਕਿ ਉਹ ਕਸ਼ਮੀਰ ਅੰਦਰ ਐਨ.ਐਚ.ਐਮ. ਮੁਲਾਜ਼ਮਾਂ ਵਲੋਂ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਿਮਾਇਤ ਕਰਦੀ ਹੈ ਅਤੇ ਸਰਕਾਰ ਨੂੰ ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹੱਲ ਕਰਨ ਲਈ ਲਲਕਾਰਦੀ ਹੈ। ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀਂ ਮੀਤ ਪ੍ਰਧਾਨ ਤੀਰਥ ਸਿੰਘ ਬਾਸੀ, ਨੈਸ਼ਨਲ ਕਮੇਟੀ ਮੈਂਬਰ ਕਰਮਜੀਤ ਸਿੰਘ ਬੀਹਲਾ, ਸੁਖਵਿੰਦਰ ਸਿੰਘ ਚਾਹਲ ਅਤੇ ਹਰਮਨਪ੍ਰੀਤ ਕੌਰ ਗਿੱਲ ਨੇ ਕਸ਼ਮੀਰ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਹੁਰਾ ਬਾਨੋ ਦੀ ਮਅੱਤਲੀ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਪੂਰੇ ਦੇਸ਼ ਵਾਂਗ ਪੰਜਾਬ ਦੇ ਮੁਲਾਜ਼ਮ ਵੀ ਕਸ਼ਮੀਰ ਦੇ ਮੁਲਾਜ਼ਮਾਂ ਨਾਲ ਡਟ ਕੇ ਖੜੇ ਹਨ ਅਤੇ ਉਹਨਾਂ ਦੇ ਸੰਘਰਸ਼ ਦੀ ਪੁਰਜ਼ੋਰ ਹਿਮਾਇਤ ਕਰਦੇ ਹਨ। ਉਹਨਾਂ ਕਿਹਾ ਕਿ ਜੇਕਰ ਇਹ ਮੁਅੱਤਲੀ ਨੂੰ ਤੁਰੰਤ ਰੱਦ ਨਾ ਕੀਤਾ ਗਿਆ ਤਾਂ ਪੂਰੇ ਦੇਸ਼ ਅੰਦਰ ਕਸ਼ਮੀਰ ਸਰਕਾਰ ਵਿਰੁੱਧ ਅੰਦੋਲਨ ਚਲਾਇਆ ਜਾਵੇਗਾ ਅਤੇ ਪੂਰੀ ਦੁਨੀਆਂ ਅੰਦਰ ਕਸ਼ਮੀਰ ਸਰਕਾਰ ਦਾ ਮੁਲਾਜ਼ਮ ਅਤੇ ਲੋਕ ਵਿਰੋਧੀ ਚਿਹਰਾ ਬੇਨਕਾਬ ਕੀਤਾ ਜਾਵੇਗਾ।ਇਸ ਮੌਕੇ ਕਿਸ਼ੋਰ ਚੰਦ ਗਾਜ਼, ਜਤਿੰਦਰ ਕੁਮਾਰ, ਬਲਵਿੰਦਰ ਭੁੱਟੋ, ਸਰਬਜੀਤ ਸਿੰਘ ਪੱਟੀ, ਗੁਰਬਿੰਦਰ ਸਿੰਘ, ਦਰਸ਼ਣ ਚੀਮਾ, ਸੁਖਦੇਵ ਚੰਗਾਲੀਵਾਲਾ, ਗੁਰਪ੍ਰੀਤ ਸਿੰਘ, ਮਨੋਹਰ ਲਾਲ ਸ਼ਰਮਾ, ਚਮਕੌਰ ਸਿੰਘ ਨਾਭਾ, ਰਾਣੋ ਖੇੜੀ ਗਿੱਲਾਂ, ਗੁਰਪ੍ਰੀਤ ਕੌਰ, ਰਣਜੀਤ ਕੌਰ, ਬਿਮਲਾ ਰਾਣੀ ਆਦਿ ਆਗੂ ਵੀ ਹਾਜਰ ਸਨ।












