ਪੰਜਾਬ ਸਰਕਾਰ ਅਤੇ ਮੁਲਾਜ਼ਮਾਂ ਵਿਚਕਾਰ ਫਿਰ ਤਕਰਾਰ 

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 21 ਸਤੰਬਰ, ਬੋਲੇ ਪੰਜਾਬ ਬਿਊਰੋ :

ਪੰਜਾਬ ਸਰਕਾਰ ਅਤੇ ਇਸ ਦੇ ਮੁਲਾਜ਼ਮਾਂ ਵਿਚਕਾਰ ਤਣਾਅ ਇੱਕ ਵਾਰ ਫਿਰ ਵਧ ਗਿਆ ਹੈ। ਕੁਝ ਦਿਨ ਪਹਿਲਾਂ ਹੋਈ ਇੱਕ ਮੀਟਿੰਗ ਤੋਂ ਬਾਅਦ, ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋਈ ਜਿਸ ਵਿੱਚ ‘ਜੁਆਇੰਟ ਇੰਪਲਾਈਜ਼ ਫਰੰਟ’ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਇੱਕ-ਦੂਜੇ ਨੂੰ ਮਿਠਾਈ ਖੁਆਉਂਦੇ ਹੋਏ ਦਿਖਾਈ ਦਿੱਤੇ।

ਜਿਵੇਂ ਹੀ ਇਹ ਤਸਵੀਰ ਸਾਹਮਣੇ ਆਈ, ਮੁਲਾਜ਼ਮ ਫਰੰਟ ਦੇ ਆਗੂਆਂ ਨੂੰ ਮੁਲਾਜ਼ਮਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਤੋਂ ਤਿੱਖੇ ਸਵਾਲ ਪੁੱਛੇ ਗਏ। ਇਸ ਦੇ ਜਵਾਬ ਵਿੱਚ, ਸੁਖਚੈਨ ਸਿੰਘ ਖਹਿਰਾ ਨੇ ਐਤਵਾਰ ਨੂੰ ਆਪਣੀ ਚੁੱਪੀ ਤੋੜੀ ਅਤੇ ਸਰਕਾਰ ‘ਤੇ ਗੰਭੀਰ ਦੋਸ਼ ਲਗਾਏ।

ਖਹਿਰਾ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਉਨ੍ਹਾਂ ਨੂੰ ਇੱਕ ਸੋਚੀ-ਸਮਝੀ ਚਾਲ ਵਿੱਚ ਫਸਾ ਲਿਆ ਸੀ। ਸਰਕਾਰੀ ਨੁਮਾਇੰਦਿਆਂ ਨੇ ਖੁਦ ਹੀ ਲੋਈਆਂ ਅਤੇ ਲੱਡੂਆਂ ਦਾ ਪ੍ਰਬੰਧ ਕੀਤਾ ਸੀ। ਲੋਈਆਂ ਅਤੇ ਲੱਡੂਆਂ ਵਾਲੇ ਇਸ ਜਾਲ ਵਿੱਚ ਫਸਾ ਕੇ, ਸਰਕਾਰ ਨੇ ਉਨ੍ਹਾਂ ਦੇ ਸੰਘਰਸ਼ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼ ਕੀਤੀ।

ਸਰਕਾਰ ਨੇ ਲੋਈ ਭੇਟ ਕਰਨ ਅਤੇ ਲੱਡੂ ਖੁਆਉਣ ਦੀਆਂ ਤਸਵੀਰਾਂ ਕੁਝ ਹੀ ਸਕਿੰਟਾਂ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀਆਂ, ਜਿਸ ਨਾਲ ਮੁਲਾਜ਼ਮਾਂ ਵਿੱਚ ਆਪਣੇ ਆਗੂਆਂ ਪ੍ਰਤੀ ਨਕਾਰਾਤਮਕ ਭਾਵਨਾ ਪੈਦਾ ਹੋਈ। ਉਨ੍ਹਾਂ ਐਲਾਨ ਕੀਤਾ ਕਿ ਹੁਣ ਤੋਂ ਮੁਲਾਜ਼ਮ ਆਗੂ ਸਰਕਾਰ ਨਾਲ ਮੀਟਿੰਗਾਂ ਦੌਰਾਨ ਪਾਣੀ ਵੀ ਨਹੀਂ ਪੀਣਗੇ।

ਖਹਿਰਾ ਨੇ ਕਿਹਾ ਕਿ ਹੁਣ ਨੌਜਵਾਨ ਸਾਥੀ ਮੀਟਿੰਗਾਂ ਸੰਭਾਲਣਗੇ, ਜਦਕਿ ਉਹ ਖੁਦ ਬਾਹਰੋਂ ਸੰਘਰਸ਼ ਦੀ ਅਗਵਾਈ ਕਰਨਗੇ ਅਤੇ ਅਦਾਲਤ ਵਿੱਚ ਕੇਸ ਦੀ ਜ਼ੋਰਦਾਰ ਪੈਰਵੀ ਕਰਨਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਵਿਰੁੱਧ ‘ਸਕੱਤਰੇਤ ਤੋਂ ਸਤੋਜ’ ਤੱਕ ਦੀ ਮੁਹਿੰਮ ਉਦੋਂ ਤੱਕ ਪੂਰੇ ਜ਼ੋਰ-ਸ਼ੋਰ ਨਾਲ ਜਾਰੀ ਰਹੇਗੀ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।