ਚੰਡੀਗੜਹ 23 ਸਤੰਬਰ ,ਬੋਲੇ ਪੰਜਾਬ ਬਿਊਰੋ;
ਅਗਸਤ ਮਹੀਨੇ ਲਈ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਦੇ ਡਰੱਗ ਅਲਰਟ ਵਿੱਚ, ਪੰਜਾਬ-ਹਿਮਾਚਲ ਪ੍ਰਦੇਸ਼ ਵਿੱਚ ਬਣੀਆਂ 71 ਦਵਾਈਆਂ ਦੇ ਨਮੂਨੇ ਫੇਲ੍ਹ ਹੋਏ ਹਨ। ਦੇਸ਼ ਭਰ ਤੋਂ ਫਾਰਮਾ ਇੰਡਸਟਰੀ ਦੀਆਂ 221 ਦਵਾਈਆਂ ਵੀ ਮਿਆਰਾਂ ‘ਤੇ ਖਰੀਆਂ ਨਹੀਂ ਉਤਰੀਆਂ। ਉਨ੍ਹਾਂ ਦੇ ਨਮੂਨੇ ਵੀ ਫੇਲ੍ਹ ਪਾਏ ਗਏ। ਫੇਲ੍ਹ ਹੋਈਆਂ ਦਵਾਈਆਂ ਵਿੱਚ ਬੱਚਿਆਂ ਦੇ ਸ਼ਰਬਤ, ਐਂਟੀਬਾਇਓਟਿਕਸ, ਦਿਲ, ਬੁਖਾਰ, ਖੰਘ, ਪੇਟ, ਗੁਰਦੇ ਅਤੇ ਅੱਖਾਂ ਦੀਆਂ ਦਵਾਈਆਂ, ਟੀਕੇ ਅਤੇ ਵਿਟਾਮਿਨ ਉਤਪਾਦ ਸ਼ਾਮਲ ਹਨ। ਇਨ੍ਹਾਂ ਵਿੱਚੋਂ 191 ਦਵਾਈਆਂ ਦੀ ਜਾਂਚ ਸਟੇਟ ਡਰੱਗ ਟੈਸਟਿੰਗ ਲੈਬਾਰਟਰੀਆਂ ਵਿੱਚ ਅਤੇ 29 ਦੀ ਕੇਂਦਰੀ ਪ੍ਰਯੋਗਸ਼ਾਲਾਵਾਂ ਵਿੱਚ ਕੀਤੀ ਗਈ। ਸੀਡੀਐਸਸੀਓ ਦੇ ਡਰੱਗ ਅਲਰਟ ਵਿੱਚ, ਹਿਮਾਚਲ ਤੋਂ 63 ਦਵਾਈਆਂ, ਉਤਰਾਖੰਡ ਤੋਂ 39, ਗੁਜਰਾਤ ਤੋਂ 17, ਮਹਾਰਾਸ਼ਟਰ ਤੋਂ 16, ਮੱਧ ਪ੍ਰਦੇਸ਼ ਤੋਂ 12, ਤਾਮਿਲਨਾਡੂ ਅਤੇ ਹਰਿਆਣਾ ਤੋਂ 11-11, ਸਿੱਕਮ ਅਤੇ ਉੱਤਰ ਪ੍ਰਦੇਸ਼ ਤੋਂ 9-9 ਅਤੇ ਪੰਜਾਬ ਤੋਂ 8 ਦਵਾਈਆਂ ਦੇ ਨਮੂਨੇ ਫੇਲ੍ਹ ਪਾਏ ਗਏ। ਹਿਮਾਚਲ ਵਿੱਚ ਫੇਲ੍ਹ ਹੋਈਆਂ ਦਵਾਈਆਂ ਬੱਦੀ, ਬਰੋਟੀਵਾਲਾ, ਨਾਲਾਗੜ੍ਹ, ਝਰਮਜਰੀ, ਭੁੱਡ, ਦਾਵਣੀ, ਗੁਲਰਵਾਲਾ, ਕਾਲਾ ਅੰਬ, ਪਾਉਂਟਾ ਸਾਹਿਬ, ਪਰਵਾਣੂ, ਸੋਲਨ ਅਤੇ ਕਾਂਗੜਾ ਦੀਆਂ ਫਾਰਮਾਸਿਊਟੀਕਲ ਫੈਕਟਰੀਆਂ ਵਿੱਚ ਤਿਆਰ ਕੀਤੀਆਂ ਗਈਆਂ ਸਨ। ਇਸ ਨਾਲ ਦਵਾਈਆਂ ਦੀ ਗੁਣਵੱਤਾ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।












