ਪੰਜਾਬ ਦਾ ਬਦਲ ਰਿਹਾ ਸੱਭਿਆਚਾਰਕ ਢਾਂਚਾ, ਵੱਧ ਰਹੇ ਬਹੁ-ਪੱਖੀ ਸੰਕਟ!
ਵਿਸ਼ਵੀਕਰਨ ਤੇ ਕਾਰਪੋਰੇਟੀ ਹਮਲਿਆਂ ਦੇ ਕਾਰਨ ਪੰਜਾਬ ਦੇ ਬਦਲ ਰਹੇ ਸੱਭਿਆਚਾਰਕ ਢਾਂਚੇ ਨੂੰ ਸਮਝਣਾ ਟੇਢੀ ਖੀਰ ਬਣ ਗਿਆ ਹੈ। ਵਿਸ਼ਵ ਮੰਡੀ ਦੇ ਆਉਣ ਤੋਂ ਪਹਿਲਾਂ ਜਿਸ ਤਰ੍ਹਾਂ ਪੰਜਾਬ ਦੇ ਅਰਥ-ਸ਼ਾਸਤਰੀਆਂ, ਸਿੱਖਿਆ-ਸ਼ਾਸਤਰੀਆਂ, ਸਮਾਜ-ਸ਼ਾਸਤਰੀਆਂ, ਖੇਤੀ ਵਿਗਿਆਨੀਆਂ ਤੇ ਯੂਨੀਵਰਸਿਟੀਆਂ ਦੇ ਵਿਦਵਾਨਾਂ ਨੇ ਵਿਸ਼ਵੀਕਰਨ ਦੇ ਫਾਇਦੇ ਗਿਣਾਏ ਸਨ, ਉਹ ਤੀਹ ਸਾਲਾਂ ਵਿੱਚ ਉਲਟ-ਪੁਲਟ ਹੋ ਗਏ। ਇਸ ਉਲਟ-ਪੁਲਟ ਵਿੱਚ ਹੁਣ ਉਹਨਾਂ ਵਿੱਚੋਂ ਬਹੁਤ ਸਾਰੇ ਵਿਦਵਾਨ ਪੰਜਾਬ ਛੱਡ ਕੇ ਪਰਵਾਸ ਕਰ ਗਏ ਹਨ।
ਪੰਜਾਬ ਹੁਣ ਨਾ ਬਾਬੇ ਨਾਨਕ ਵਾਲਾ, ਨਾ ਮਿਸਲਾਂ ਵਾਲਾ, ਨਾ ਰਿਆਸਤਾਂ ਵਾਲਾ, ਨਾ ਅੰਗਰੇਜ਼ਾਂ ਵਾਲਾ, ਨਾ ਸੰਤਾਲੀ ਵਾਲਾ, ਨਾ ਛਿਆਹਟ ਵਾਲਾ ਤੇ ਨਾ ਉੱਨੀ ਸੌ ਚੌਰਾਸੀ ਵਾਲਾ ਹੈ। ਪੰਜਾਬ ਹੁਣ ਵੀਹ ਸੌ ਛੱਬੀ ਵਾਲਾ ਪੰਜਾਬ ਹੈ ਜੋ ਸਮਾਜਿਕ, ਧਾਰਮਿਕ, ਆਰਥਿਕ, ਰਾਜਨੀਤਿਕ, ਬੇਰੁਜ਼ਗਾਰੀ, ਗੈਂਗਸਟਰ, ਨਸ਼ਿਆਂ, ਕਰਜ਼ੇ, ਧਰਨਿਆਂ ਤੇ ਮੁਜ਼ਾਹਰਿਆਂ ਦੇ ਸੰਕਟਾਂ ਦਾ ਨਿੱਤ ਸਾਹਮਣਾ ਕਰ ਰਿਹਾ ਹੈ।
ਪੰਜਾਬ ਦੀ ਬੌਧਿਕ ਸ਼ਕਤੀ ਤੇ ਸਰਮਾਇਆ ਪਰਵਾਸ ਕਰ ਰਿਹਾ ਹੈ। ਇਹਨਾਂ ਪ੍ਰਮੁੱਖ ਸੰਕਟਾਂ ਨੂੰ ਹੱਲ ਕਰਨ ਲਈ ਜਿੱਥੇ ਸਾਨੂੰ ਨਵੀਆਂ ਨੀਤੀਆਂ ਦੀ ਲੋੜ ਹੈ, ਉੱਥੇ ਅਸੀਂ ਪੁਰਾਤਨ ਪੰਜਾਬ ਨੂੰ ਯਾਦ ਕਰਕੇ ਨਵਾਂ ਪੰਜਾਬ ਉਸਾਰਨ ਦੀ ਥਾਂ ਨਵੇਂ ਸੰਕਟਾਂ ਵਿੱਚ ਉਲਝ ਰਹੇ ਹਾਂ।
ਹੁਣ ਕੋਈ ਪੰਜਾਬ ਨੂੰ ਵਾਰਿਸ ਦੀ ਹੀਰ ਰਾਹੀਂ ਸਮਝ ਰਿਹਾ ਹੈ ਤੇ ਕੋਈ ਵਾਰਿਸ ਪੰਜਾਬ ਨੂੰ ਵਹੀਰ ਬਣਾ ਰਿਹਾ ਹੈ। ਖੱਬੇ ਪੱਖੀ ਤੇ ਅੱਧੇ-ਖੱਬੇ ਪੱਖੀ ਵੀ ਇਸਨੂੰ ਪੁਰਾਣੇ ਚੌਖਟਿਆਂ ਵਿੱਚ ਰੱਖ ਕੇ ਦੇਖ, ਸਮਝ ਤੇ ਸਮਝਾ ਰਹੇ ਹਨ। ਪਰ ਪੰਜਾਬ ਦੀਆਂ ਅੱਜ ਦੀਆਂ ਸਮੱਸਿਆਵਾਂ ਨੂੰ ਸਿਰਫ਼ ਪੁਰਾਣੇ ਵਿਚਾਰਾਂ ਦੇ ਚਸ਼ਮੇ ਨਾਲ ਦੇਖਣ ਨਾਲ ਨਵਾਂ ਹੱਲ ਨਹੀਂ ਨਿਕਲ ਸਕਦਾ।
ਵਿਸ਼ਵੀਕਰਨ ਦੇ ਤਿੱਖੇ ਹਮਲਿਆਂ ਕਾਰਨ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਆਰਥਿਕ ਤੇ ਸਮਾਜਿਕ ਸੰਕਟ ਪੈਦਾ ਹੋਏ ਹਨ। ਲੋਕ ਰੁਜ਼ਗਾਰ, ਸੁਰੱਖਿਆ ਅਤੇ ਬਿਹਤਰ ਜੀਵਨ ਦੀ ਭਾਲ ਵਿੱਚ ਇੱਕ ਦੇਸ਼ ਤੋਂ ਦੂਜੇ ਦੇਸ਼ ਵੱਲ ਪਰਵਾਸ ਕਰ ਰਹੇ ਹਨ। ਜਿਹੜਾ ਵੀ ਮਨੁੱਖ ਕਿਸੇ ਦੂਜੇ ਰਾਜ ਜਾਂ ਦੇਸ਼ ਵਿੱਚ ਜਾਂਦਾ ਹੈ, ਉਹ ਆਪਣੇ ਨਾਲ ਆਪਣੀ ਭਾਸ਼ਾ, ਸੱਭਿਆਚਾਰ ਤੇ ਜੀਵਨ-ਢੰਗ ਵੀ ਲੈ ਕੇ ਜਾਂਦਾ ਹੈ। ਇਸੇ ਕਰਕੇ ਵੱਖ-ਵੱਖ ਥਾਵਾਂ ’ਤੇ ਸੱਭਿਆਚਾਰਕ ਤਣਾਅ ਵੀ ਪੈਦਾ ਹੁੰਦੇ ਹਨ।
ਪਰ ਇੱਥੇ ਇੱਕ ਬੁਨਿਆਦੀ ਸੱਚ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਮਨੁੱਖ ਕਿਸੇ ਧਰਤੀ ਦਾ ਸਦੀਵੀ ਮਾਲਕ ਨਹੀਂ, ਉਹ ਉਸ ਧਰਤੀ ਦਾ ਵਸਨੀਕ ਤੇ ਯਾਤਰੀ ਹੈ।
ਇਤਿਹਾਸ ਵਿੱਚ ਸਾਮਰਾਜਾਂ ਨੇ ਆਪਣੀ ਭਾਸ਼ਾ ਤੇ ਸੱਭਿਆਚਾਰ ਹੋਰਨਾਂ ਸਮਾਜਾਂ ਉੱਤੇ ਥੋਪੇ ਅਤੇ ਕਈ ਸਥਾਨਕ ਭਾਸ਼ਾਵਾਂ ਤੇ ਸੱਭਿਆਚਾਰਾਂ ਨੂੰ ਨੁਕਸਾਨ ਪਹੁੰਚਾਇਆ। ਪਰ ਅੱਜ ਦੇ ਪਰਵਾਸ ਨੂੰ ਸਮਝਣ ਲਈ ਸਿਰਫ਼ ਇਤਿਹਾਸਕ ਹਮਲਿਆਂ ਵਾਲਾ ਚੌਖਟਾ ਕਾਫ਼ੀ ਨਹੀਂ। ਅੱਜ ਰੁਜ਼ਗਾਰ, ਆਰਥਿਕ ਅਸਮਾਨਤਾ, ਸਿੱਖਿਆ, ਉਦਯੋਗ, ਸ਼ਹਿਰੀਕਰਨ ਅਤੇ ਬਿਹਤਰ ਜੀਵਨ ਦੀ ਲੋੜ ਵੀ ਪਰਵਾਸ ਦੇ ਵੱਡੇ ਕਾਰਨ ਹਨ।
ਪੰਜਾਬ ਵਿੱਚ ਵੀ ਇਹੋ ਸੰਕਟ ਆਪਣਾ ਨਵਾਂ ਰੂਪ ਧਾਰ ਰਿਹਾ ਹੈ। ਬਾਹਰਲੇ ਰਾਜਾਂ ਤੋਂ ਆਏ ਲੋਕਾਂ ਨੇ ਪੰਜਾਬ ਦੀ ਦਸਤਕਾਰੀ, ਮਜ਼ਦੂਰੀ ਅਤੇ ਕਈ ਹੋਰ ਕਿੱਤਿਆਂ ਵਿੱਚ ਆਪਣੀ ਮਜ਼ਬੂਤ ਥਾਂ ਬਣਾਈ ਹੈ। ਉਨ੍ਹਾਂ ਦੀ ਹੱਥੀਂ ਕਿਰਤ ਕਰਨ ਦੀ ਰੀਝ ਨੇ ਉਨ੍ਹਾਂ ਨੂੰ ਕਈ ਖੇਤਰਾਂ ਵਿੱਚ ਅੱਗੇ ਵਧਣ ਵਿੱਚ ਸਹਾਇਤਾ ਕੀਤੀ ਹੈ।
ਪੰਜਾਹ ਸਾਲ ਪਹਿਲਾਂ ਜਿਹੜੇ ਪਰਵਾਸੀ ਮਜ਼ਦੂਰ ਹਾੜੀ ਤੇ ਸਾਉਣੀ ਦੀ ਫ਼ਸਲ ਸਾਂਭਣ ਵੇਲੇ ਸਾਲ ਵਿੱਚ ਦੋ ਮਹੀਨੇ ਪੰਜਾਬ ਆਉਂਦੇ ਸਨ ਤੇ ਕੰਮ ਨਬੇੜ ਕੇ ਵਾਪਸ ਪਰਤ ਜਾਂਦੇ ਸਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਹੁਣ ਪੰਜਾਬ ਵਿੱਚ ਪੱਕੇ ਵਸੇਬੇ ਬਣਾ ਚੁੱਕੇ ਹਨ। ਪੰਜਾਬ ਦੇ ਕਾਰਖਾਨਿਆਂ ਵਿੱਚ ਮਜ਼ਦੂਰੀ ਅਤੇ ਕਾਰੀਗਰੀ ਦੇ ਕਈ ਕੰਮਾਂ ਵਿੱਚ ਉਨ੍ਹਾਂ ਦੀ ਵੱਡੀ ਭੂਮਿਕਾ ਹੈ।
ਪਰ ਸਵਾਲ ਸਿਰਫ਼ ਇਹ ਨਹੀਂ ਕਿ ਬਾਹਰੋਂ ਕੌਣ ਆਇਆ? ਵੱਡਾ ਸਵਾਲ ਇਹ ਵੀ ਹੈ ਕਿ ਪੰਜਾਬੀਆਂ ਨੇ ਕਿਹੜੇ ਕੰਮ ਛੱਡੇ ਅਤੇ ਕਿਉਂ ਛੱਡੇ? ਪੰਜਾਬੀਆਂ ਦੀ ਹੱਥੀਂ ਕਿਰਤ ਕਰਨ ਦੀ ਰੁਚੀ ਪਿਛਲੇ ਕਈ ਦਹਾਕਿਆਂ ਦੌਰਾਨ ਘਟੀ ਹੈ। ਇਸੇ ਕਰਕੇ ਇਮਾਰਤਸਾਜ਼ੀ, ਰੋਟੀ-ਟੁੱਕ ਪਕਾਉਣ, ਫਲਾਂ ਤੇ ਸਬਜ਼ੀਆਂ ਦੇ ਕਾਰੋਬਾਰ ਅਤੇ ਹੋਰ ਅਨੇਕਾਂ ਕੰਮਾਂ ਵਿੱਚ ਪਰਵਾਸੀ ਕਾਮਿਆਂ ਦੀ ਭੂਮਿਕਾ ਵਧੀ ਹੈ। ਸ਼ਹਿਰਾਂ ਨਾਲ ਲੱਗਦੇ ਪਿੰਡਾਂ ਵਿੱਚ ਉਨ੍ਹਾਂ ਨੇ ਪੱਕੀਆਂ ਠਾਹਰਾਂ ਵੀ ਬਣਾ ਲਈਆਂ ਹਨ।
ਪੰਜਾਬ ਦੀ ਰਹਿਤਲ ਦੀ ਦਸ਼ਾ ਤੇ ਦਿਸ਼ਾ ਵਿੱਚ ਲਗਾਤਾਰ ਤਬਦੀਲੀ ਹੋ ਰਹੀ ਹੈ। ਪੰਜਾਬ ਇੱਕ ਬਹੁ-ਭਾਸ਼ਾਈ ਤੇ ਬਹੁ-ਸੱਭਿਆਚਾਰਕ ਸਮਾਜ ਵੱਲ ਵਧ ਰਿਹਾ ਹੈ। ਇਸ ਤਬਦੀਲੀ ਨੂੰ ਸਿਰਫ਼ ਖ਼ਤਰਾ ਸਮਝਣਾ ਵੀ ਗਲਤ ਹੈ ਅਤੇ ਇਸਦੇ ਸਾਰੇ ਪੱਖਾਂ ਨੂੰ ਨਜ਼ਰਅੰਦਾਜ਼ ਕਰਨਾ ਵੀ।
ਇੱਕ ਪਾਸੇ ਪੰਜਾਬ ਦੀ ਜਵਾਨੀ ਲਗਾਤਾਰ ਪਰਵਾਸ ਕਰ ਰਹੀ ਹੈ। ਆਪਣੀ ਜਨਮ-ਭੋਇੰ ਵਿੱਚ ਪਿਤਾ-ਪੁਰਖੀ ਕੰਮ ਕਰਨ ਦੀ ਥਾਂ ਵਿਦੇਸ਼ਾਂ ਵਿੱਚ ਕੋਈ ਵੀ ਨਿੱਕਾ-ਮੋਟਾ ਕੰਮ ਕਰਨ ਦੀ ਦੌੜ ਲੱਗੀ ਹੋਈ ਹੈ। ਕਈ ਨੌਜਵਾਨ ਜ਼ਮੀਨਾਂ ਵੇਚ-ਵੱਟ ਕੇ ਵਿਦੇਸ਼ਾਂ ਵੱਲ ਜਾ ਰਹੇ ਹਨ। ਦੂਜੇ ਪਾਸੇ ਪੰਜਾਬ ਵਿੱਚ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਲੋਕ ਆਪਣੀ ਮਿਹਨਤ ਨਾਲ ਇੱਥੇ ਆਪਣੀ ਥਾਂ ਬਣਾ ਰਹੇ ਹਨ।
ਇਸ ਵਿਰੋਧਾਭਾਸ ਨੂੰ ਸਮਝੇ ਬਿਨਾਂ ਪੰਜਾਬ ਦਾ ਭਵਿੱਖ ਨਹੀਂ ਸਮਝਿਆ ਜਾ ਸਕਦਾ। ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿੱਚ ਵਧ ਰਹੇ ਭ੍ਰਿਸ਼ਟਾਚਾਰ, ਪਰਿਵਾਰਵਾਦ ਅਤੇ ਸੱਤਾ-ਕੇਂਦਰਿਤ ਰਾਜਨੀਤੀ ਨੇ ਵੀ ਲੋਕਾਂ ਵਿੱਚ ਨਿਰਾਸ਼ਾ ਪੈਦਾ ਕੀਤੀ ਹੈ। ਪੰਜਾਬ ਦਾ ਸੱਭਿਆਚਾਰਕ ਤਾਣਾ-ਬਾਣਾ ਇਸ ਲਈ ਸਿਰਫ਼ ਬਾਹਰੀ ਕਾਰਨਾਂ ਕਰਕੇ ਨਹੀਂ, ਸਗੋਂ ਸਾਡੀਆਂ ਆਪਣੀਆਂ ਅੰਦਰੂਨੀ ਕਮਜ਼ੋਰੀਆਂ ਕਾਰਨ ਵੀ ਖਿੱਲਰਿਆ ਹੈ।
ਪੰਜਾਬ ਦੇ ਸਰਕਾਰੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਦੂਜੇ ਰਾਜਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਮੌਜੂਦਗੀ ਵੀ ਵਧ ਰਹੀ ਹੈ। ਮੋਹਾਲੀ ਤੇ ਚੰਡੀਗੜ੍ਹ ਦੇ ਆਸ-ਪਾਸ ਦੇ ਪਿੰਡਾਂ ਅਤੇ ਨੀਮ-ਸ਼ਹਿਰੀ ਕਲੋਨੀਆਂ ਵਿੱਚ ਇਹ ਵਰਤਾਰਾ ਸਪਸ਼ਟ ਦਿਖਾਈ ਦਿੰਦਾ ਹੈ। ਚੰਡੀਗੜ੍ਹ, ਮੋਹਾਲੀ, ਖਰੜ, ਜ਼ੀਰਕਪੁਰ, ਕੁਰਾਲੀ, ਪੰਚਕੂਲਾ ਆਦਿ ਇਲਾਕਿਆਂ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਲੋਕ ਵੱਸਦੇ ਹਨ।
ਪਰ ਇਸਦੇ ਨਾਲ ਇੱਕ ਹੋਰ ਸੱਚ ਵੀ ਹੈ। ਪੰਜਾਬੀਆਂ ਦੀ ਆਪਣੀ ਮਾਂ-ਬੋਲੀ, ਸੱਭਿਆਚਾਰ, ਸਮਾਜਕ ਤਾਣੇ-ਬਾਣੇ, ਧਰਮ ਤੇ ਸਿਆਸਤ ਪ੍ਰਤੀ ਵਧ ਰਹੀ ਉਦਾਸੀਨਤਾ।
ਜੇ ਅਸੀਂ ਆਪਣੀ ਭਾਸ਼ਾ ਆਪ ਨਹੀਂ ਬੋਲਾਂਗੇ, ਆਪਣਾ ਸਾਹਿਤ ਆਪ ਨਹੀਂ ਪੜ੍ਹਾਂਗੇ, ਆਪਣਾ ਇਤਿਹਾਸ ਆਪ ਨਹੀਂ ਸਮਝਾਂਗੇ ਅਤੇ ਆਪਣੇ ਸੱਭਿਆਚਾਰ ਨੂੰ ਅਗਲੀ ਪੀੜ੍ਹੀ ਤੱਕ ਨਹੀਂ ਲੈ ਕੇ ਜਾਵਾਂਗੇ ਤਾਂ ਇਸਦਾ ਦੋਸ਼ ਕਿਸੇ ਹੋਰ ਦੇ ਸਿਰ ਕਿੰਨਾ ਚਿਰ ਮੜ੍ਹਿਆ ਜਾ ਸਕਦਾ ਹੈ?
ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਸੀ। ਹਰੇ ਇਨਕਲਾਬ ਨੇ ਉਤਪਾਦਨ ਵਧਾਇਆ, ਪਰ ਇਸਦੇ ਨਾਲ ਪਾਣੀ, ਮਿੱਟੀ, ਖੇਤੀ-ਰਸਾਇਣਾਂ, ਕਰਜ਼ੇ ਅਤੇ ਖੇਤੀ ਦੇ ਢਾਂਚੇ ਨਾਲ ਜੁੜੇ ਗੰਭੀਰ ਸਵਾਲ ਵੀ ਖੜ੍ਹੇ ਹੋਏ। ਨਸ਼ਿਆਂ ਦਾ ਸੰਕਟ ਵੀ ਪੰਜਾਬੀ ਸਮਾਜ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਨ੍ਹਾਂ ਸਾਰੇ ਮਸਲਿਆਂ ਨੂੰ ਕਿਸੇ ਇੱਕ ਵਰਗ, ਇੱਕ ਭਾਈਚਾਰੇ ਜਾਂ ਇੱਕ ਘਟਨਾ ਦੇ ਸਿਰ ਮੜ੍ਹ ਕੇ ਹੱਲ ਨਹੀਂ ਕੀਤਾ ਜਾ ਸਕਦਾ।
ਪੰਜਾਬ ਵਿੱਚ ਵਸਦੇ ਦੂਜੇ ਰਾਜਾਂ ਦੇ ਲੋਕਾਂ ਨੇ ਜਿੱਥੇ ਆਪਣੀ ਭਾਸ਼ਾ ਤੇ ਸੱਭਿਆਚਾਰ ਨੂੰ ਫੜ ਕੇ ਰੱਖਿਆ ਹੈ, ਉੱਥੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਪਰਿਵਾਰ ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਨਾਲ ਵੀ ਜੁੜ ਰਹੇ ਹਨ। ਉੱਤਰਾਖੰਡ ਤੋਂ ਲੁਧਿਆਣੇ ਆ ਵੱਸੇ ਲੋਕ ਆਪਣੀ ਅਗਲੀ ਪੀੜ੍ਹੀ ਨੂੰ ਆਪਣੀ ਮਾਤ-ਭੂਮੀ ਦੇ ਸੱਭਿਆਚਾਰ ਨਾਲ ਜੋੜਨ ਲਈ ਲੋਕਗੀਤਾਂ ਤੇ ਹੋਰ ਵੰਨਗੀਆਂ ਦੀ ਪੇਸ਼ਕਾਰੀ ਕਰਵਾਉਂਦੇ ਹਨ।
ਇਸੇ ਤਰ੍ਹਾਂ ਯੂਪੀ ਤੇ ਬਿਹਾਰ ਦੇ ਲੋਕ ਛਠ ਪੂਜਾ ਮਨਾਉਂਦੇ ਹਨ। ਉਨ੍ਹਾਂ ਦੇ ਤਿਉਹਾਰਾਂ, ਗੀਤਾਂ ਅਤੇ ਧਾਰਮਿਕ ਰਿਵਾਜਾਂ ਵਿੱਚ ਆਪਣੀ ਜੜ੍ਹਾਂ ਨਾਲ ਜੁੜੇ ਰਹਿਣ ਦੀ ਤਾਂਘ ਦਿਖਾਈ ਦਿੰਦੀ ਹੈ।
ਸਵਾਲ ਇਹ ਹੈ ਕਿ ਜੇ ਉਹ ਆਪਣੀ ਭਾਸ਼ਾ ਤੇ ਸੱਭਿਆਚਾਰ ਨੂੰ ਸੰਭਾਲ ਸਕਦੇ ਹਨ ਤਾਂ ਪੰਜਾਬੀ ਆਪਣੇ ਸੱਭਿਆਚਾਰ ਤੋਂ ਦੂਰ ਕਿਉਂ ਹੋ ਰਹੇ ਹਨ? ਇੱਥੇ ਹੀ ਬਾਬੇ ਨਾਨਕ ਦੀ ਸੋਚ ਸਾਡੇ ਸਾਹਮਣੇ ਸਵਾਲ ਬਣ ਕੇ ਖੜ੍ਹੀ ਹੁੰਦੀ ਹੈ। ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦਾ ਹੋਕਾ ਲਗਾਇਆ ਸੀ।
ਜੇ ਅਸੀਂ ਕਿਰਤ ਤੋਂ ਮੂੰਹ ਮੋੜ ਲਿਆ, ਵੰਡ ਛਕਣ ਦੀ ਥਾਂ ਇਕੱਠਾ ਕਰਨ ਨੂੰ ਜੀਵਨ ਦਾ ਮਕਸਦ ਬਣਾ ਲਿਆ ਅਤੇ ਨਾਮ ਦੀ ਥਾਂ ਸਿਰਫ਼ ਦਿਖਾਵੇ ਨੂੰ ਫੜ ਲਿਆ ਤਾਂ ਫਿਰ ਪੰਜਾਬ ਦੇ ਸੰਕਟ ਲਈ ਸਿਰਫ਼ ਪਰਵਾਸੀ ਮਜ਼ਦੂਰਾਂ ਨੂੰ ਦੋਸ਼ ਦੇਣਾ ਕਿਹੜੀ ਸਿਆਣਪ ਹੈ?
ਅਸਲ ਸੱਚਾਈ ਇਹ ਹੈ ਕਿ ਅੱਜ ਬਾਹਰੋਂ ਆਏ ਬਹੁਤ ਸਾਰੇ ਲੋਕ ਪੰਜਾਬ ਦੀ ਆਰਥਿਕ ਲੋੜ ਬਣ ਗਏ ਹਨ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਪੰਜਾਬੀਆਂ ਨੇ ਕਈ ਨਿੱਕੇ-ਮੋਟੇ, ਔਖੇ ਜਾਂ ਮਿਹਨਤ ਵਾਲੇ ਕੰਮ ਕਰਨੇ ਛੱਡ ਦਿੱਤੇ ਹਨ।
ਕੋਈ ਕੰਮ ਵੱਡਾ ਜਾਂ ਛੋਟਾ ਨਹੀਂ ਹੁੰਦਾ; ਬੰਦੇ ਦੀ ਸੋਚ ਵੱਡੀ ਜਾਂ ਛੋਟੀ ਹੁੰਦੀ ਹੈ। ਪੰਜਾਬ ਦੀ ਸਿੱਖਿਆ, ਰਾਜਨੀਤੀ, ਧਰਮ ਤੇ ਸਾਹਿਤ ਵਿੱਚ ਆਇਆ ਨਿਘਾਰ ਵੀ ਚਿੰਤਾ ਦਾ ਵਿਸ਼ਾ ਹੈ। ਰਿਸ਼ਵਤ ਤੇ ਨਸ਼ਿਆਂ ਨਾਲ ਜੁੜੇ ਮਾਮਲਿਆਂ ਵਿੱਚ ਫੜੇ ਜਾਣ ਵਾਲੇ ਸਰਕਾਰੀ ਅਧਿਕਾਰੀਆਂ ਜਾਂ ਸਿਆਸੀ ਲੋਕਾਂ ਦੀਆਂ ਖ਼ਬਰਾਂ ਪੰਜਾਬੀ ਸਮਾਜ ਦੀ ਸਾਖ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਇਸ ਸਾਖ ਨੂੰ ਬਚਾਉਣ ਦਾ ਰਸਤਾ ਕਿਸੇ ਹੋਰ ਨੂੰ ਹੇਠਾਂ ਦਿਖਾਉਣਾ ਨਹੀਂ, ਆਪਣੇ ਅੰਦਰ ਝਾਤੀ ਮਾਰਨਾ ਹੈ।
ਪੰਜਾਬ ਦੇ ਬਹੁਤ ਸਾਰੇ ਵਿਦਵਾਨ ਤੇ ਲੇਖਕ ਸਿੱਖਿਆ ਨਾਲ ਸਬੰਧਤ ਹਨ। ਪਰ ਉਨ੍ਹਾਂ ਵਿੱਚੋਂ ਕਈਆਂ ਨੇ ਵੱਡੇ ਸ਼ਹਿਰਾਂ ਵਿੱਚ ਆਪਣੇ-ਆਪਣੇ ਮੱਠ ਉਸਾਰ ਲਏ ਹਨ। ਏਸੀ ਕਮਰਿਆਂ ਵਿੱਚ ਬੈਠ ਕੇ ਵੈਬੀਨਾਰ, ਸੈਮੀਨਾਰ ਤੇ ਕਵੀ ਦਰਬਾਰ ਕਰਨਾ ਸੌਖਾ ਹੈ; ਪਰ ਆਮ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀ ਭਾਸ਼ਾ ਵਿੱਚ ਉਨ੍ਹਾਂ ਨਾਲ ਸੰਵਾਦ ਕਰਨਾ ਔਖਾ ਹੈ।
ਬਾਬਾ ਨਾਨਕ ਨੇ ਪੱਚੀ ਸਾਲ ਲੋਕਾਂ ਨਾਲ ਸੰਵਾਦ ਰਚਾਇਆ। ਉਹ ਲੋਕਾਂ ਦੇ ਘਰਾਂ, ਖੇਤਾਂ, ਬਾਜ਼ਾਰਾਂ ਅਤੇ ਰਾਹਾਂ ਵਿੱਚ ਗਏ । ਅੱਜ ਦਾ ਕਵੀ, ਵਿਦਵਾਨ ਅਤੇ ਲੇਖਕ ਜੇ ਘਰ ਵਿੱਚ ਬੈਠ ਕੇ ਲੋਕਾਂ ਦਾ ਹਿਤੈਸ਼ੀ ਹੋਣ ਦਾ ਖ਼ਿਤਾਬ ਆਪ ਹੀ ਆਪਣੇ ਸਿਰ ਬੰਨ੍ਹ ਲਵੇ ਤਾਂ ਇਹ ਸੰਵਾਦ ਨਹੀਂ, ਸਵੈ-ਸੰਤੁਸ਼ਟੀ ਹੈ।
ਨੌਜਵਾਨ ਸਾਹਿਤ ਤੇ ਸੱਭਿਆਚਾਰ ਤੋਂ ਦੂਰ ਹੋ ਰਹੇ ਹਨ। ਇਸ ਖਾਲੀ ਥਾਂ ਨੂੰ ਕੌਣ ਭਰੇਗਾ?
ਜੇ ਅਸੀਂ ਇਸ ਖਾਲੀ ਥਾਂ ਨੂੰ ਵਿਚਾਰ, ਸੰਵਾਦ ਤੇ ਸਿਰਜਣਾਤਮਕਤਾ ਨਾਲ ਨਹੀਂ ਭਰਾਂਗੇ ਤਾਂ ਮੂਲਵਾਦ, ਨਫ਼ਰਤ ਅਤੇ ਵੰਡ ਵਾਲੀਆਂ ਤਾਕਤਾਂ ਆਪਣੀ ਥਾਂ ਬਣਾਉਣਗੀਆਂ।
ਇਸ ਲਈ ਬਦਲਦੇ ਪੰਜਾਬ ਨੂੰ ਸਮਝਣ ਲਈ ਸਾਨੂੰ ਮੁਹੱਬਤ ਦੀ ਲਹਿਰ ਚਲਾਉਣੀ ਪਵੇਗੀ।
ਜਿਵੇਂ ਪੰਜਾਬੀ ਭਾਸ਼ਾ ਨੇ ਸਦੀਆਂ ਤੋਂ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦਾਂ ਨੂੰ ਆਪਣੇ ਅੰਦਰ ਸਮਾਇਆ ਹੈ, ਉਸੇ ਤਰ੍ਹਾਂ ਪੰਜਾਬੀ ਸਮਾਜ ਨੇ ਵੀ ਇਤਿਹਾਸ ਵਿੱਚ ਵੱਖ-ਵੱਖ ਲੋਕਾਂ, ਵਿਚਾਰਾਂ ਤੇ ਸੱਭਿਆਚਾਰਾਂ ਨਾਲ ਸੰਵਾਦ ਕੀਤਾ ਹੈ। ਪੰਜਾਬ ਦੀ ਤਾਕਤ ਬੰਦ ਦਰਵਾਜ਼ੇ ਨਹੀਂ, ਖੁੱਲ੍ਹੇ ਦਰਵਾਜ਼ੇ ਰਹੇ ਹਨ। ਪਰ ਖੁੱਲ੍ਹੇ ਦਰਵਾਜ਼ੇ ਦਾ ਮਤਲਬ ਆਪਣੀ ਪਛਾਣ ਛੱਡ ਦੇਣਾ ਨਹੀਂ ਹੁੰਦਾ। ਆਪਣੀ ਭਾਸ਼ਾ, ਆਪਣੀ ਕਿਰਤ, ਆਪਣਾ ਇਤਿਹਾਸ, ਆਪਣੀ ਸੱਭਿਆਚਾਰਕ ਯਾਦ ਅਤੇ ਆਪਣੀ ਮਨੁੱਖੀ ਸਾਂਝ ਨੂੰ ਮਜ਼ਬੂਤ ਕਰਨਾ ਹੀ ਅਸਲ ਸੱਭਿਆਚਾਰਕ ਸਵੈ-ਵਿਸ਼ਵਾਸ ਹੈ।
ਸਾਨੂੰ ਆਪਣੇ ਘਰ ਵੱਡੇ ਕਰਨੇ ਪੈਣਗੇ—ਸਿਰਫ਼ ਇੱਟਾਂ ਨਾਲ ਨਹੀਂ, ਦਿਲ ਨਾਲ। ਦੂਜੇ ਨੂੰ ਕੱਢਣ ਦੀ ਥਾਂ ਆਪਣੇ ਆਪ ਨੂੰ ਜਗਾਉਣਾ ਪਵੇਗਾ। ਦੂਜੇ ਦੀ ਭਾਸ਼ਾ ਤੋਂ ਡਰਨ ਦੀ ਥਾਂ ਆਪਣੀ ਭਾਸ਼ਾ ਨੂੰ ਜੀਣਾ ਪਵੇਗਾ।
ਦੂਜੇ ਦੇ ਸੱਭਿਆਚਾਰ ਨਾਲ ਨਫ਼ਰਤ ਕਰਨ ਦੀ ਥਾਂ ਆਪਣੇ ਸੱਭਿਆਚਾਰ ਨੂੰ ਇੰਨਾ ਜੀਵੰਤ ਬਣਾਉਣਾ ਪਵੇਗਾ ਕਿ ਉਹ ਆਪ ਹੀ ਨਵੀਆਂ ਪੀੜ੍ਹੀਆਂ ਨੂੰ ਆਪਣੇ ਵੱਲ ਖਿੱਚੇ।
ਸੌ ਫੁੱਲ ਖਿੜਨ ਦਿਓ ਪਰ ਆਪਣੇ ਫੁੱਲ ਦੀ ਖੁਸ਼ਬੂ ਪਛਾਣੋ।
ਪੰਜਾਬ ਨੂੰ ਬਚਾਉਣ ਦਾ ਰਸਤਾ ਕਿਸੇ ਮਨੁੱਖ ਨੂੰ ਪੰਜਾਬ ਤੋਂ ਬਾਹਰ ਕਰਨ ਵਿੱਚ ਨਹੀਂ;
ਪੰਜਾਬੀਅਤ ਨੂੰ ਪੰਜਾਬੀਆਂ ਦੇ ਅੰਦਰ ਮੁੜ ਜਗਾਉਣ ਵਿੱਚ ਹੈ।
+++
ਬੁੱਧ ਸਿੰਘ ਨੀਲੋਂ
📱 94643 70823












