ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਹੁਣ ਖਿੱਚਣੀ ਪਵੇਗੀ ਬਾਬਾ ਦੀਪ ਸਿੰਘ ਜੀ ਵਾਲੀ ਲਕੀਰ, ਚੁੱਪ ਰਹੇ ਤਾਂ ਇਤਿਹਾਸ ਨਹੀਂ ਕਰੇਗਾ ਮੁਆਫ਼: ਭਾਈ ਸਰੂਪ ਸਿੰਘ

ਨੈਸ਼ਨਲ ਪੰਜਾਬ

ਨਵੀਂ ਦਿੱਲੀ 23 ਸੰਤਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਬਾਬਾ ਦੀਪ ਸਿੰਘ ਜੀ ਦੁਆਰਾ ਖੰਡੇ ਨਾਲ ਧਰਤੀ ‘ਤੇ ਖਿੱਚੀ ਗਈ ਇਤਿਹਾਸਕ ਲਕੀਰ ਅਣਖ, ਕੁਰਬਾਨੀ ਅਤੇ ਨਿਡਰਤਾ ਦਾ ਉਹ ਪ੍ਰਤੀਕ ਹੈ, ਜਿਸ ਨੇ ਹਮੇਸ਼ਾ ਪੰਜਾਬੀਆਂ ਨੂੰ ਹੱਕ-ਸੱਚ ਅਤੇ ਅਣਖ ਨਾਲ ਜਿਊਣ ਦਾ ਰਾਹ ਵਿਖਾਇਆ ਹੈ। ਅੱਜ ਇੱਕ ਵਾਰ ਫਿਰ ਉਸੇ ਜਜ਼ਬੇ ਨਾਲ ਸਮਾਜ ਵਿਰੋਧੀ ਅੰਸਰਾਂ ਅਤੇ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਇੱਕ ਮਜ਼ਬੂਤ ਲਕੀਰ ਖਿੱਚਣ ਦਾ ਵੇਲਾ ਆ ਗਿਆ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਰੂਪ ਸਿੰਘ ਜੀ ਨੇ ਕਿਹਾ ਇਹ ਲੜਾਈ ਸਿਰਫ਼ ਇੱਕ ਬੁਰਾਈ ਦੇ ਖ਼ਿਲਾਫ਼ ਨਹੀਂ, ਸਗੋਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਤਬਾਹੀ ਦੇ ਹਨੇਰੇ ਤੋਂ ਬਚਾਉਣ ਦੀ ਹੈ। ਜੇਕਰ ਅੱਜ ਅਸੀਂ ਇਸ ਨਸ਼ੇ ਦੀ ਅਲਾਮਤ ਦੇ ਖ਼ਿਲਾਫ਼ ਇੱਕਜੁੱਟ ਹੋ ਕੇ ਚੱਟਾਨ ਵਾਂਗ ਨਾ ਖੜ੍ਹੇ ਹੋਏ, ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਪੂਰੀ ਤਰ੍ਹਾਂ ਧੁੰਦਲਾ ਹੋ ਜਾਵੇਗਾ। ਓਨ੍ਹਾ ਕਿਹਾ ਖ਼ੌਫ਼ ਅਤੇ ਡਰ ਦੇ ਮਾਹੌਲ ਵਿੱਚ ਜਿਊਂਦਿਆਂ ਆਪਣੇ ਜਿਗਰ ਦੇ ਟੋਟਿਆਂ ਨੂੰ ਬਾਹਰਲੇ ਦੇਸ਼ਾਂ ਵਿੱਚ ਧੱਕਣਾ ਇਸ ਮਸਲੇ ਦਾ ਪੱਕਾ ਹੱਲ ਨਹੀਂ ਹੈ। ਆਪਣੇ ਘਰ ਅਤੇ ਜੰਮਣ-ਭੋਇੰ ਨੂੰ ਛੱਡ ਕੇ ਪ੍ਰਦੇਸਾਂ ਵਿੱਚ ਸ਼ਰਨ ਲੱਭਣ ਦੀ ਥਾਂ, ਸਾਨੂੰ ਆਪਣੀ ਧਰਤੀ ‘ਤੇ ਹੀ ਇਸ ਬੁਰਾਈ ਦੀਆਂ ਜੜ੍ਹਾਂ ਪੁੱਟਣ ਲਈ ਡਟਣਾ ਪਵੇਗਾ। ਹਰ ਇੱਕ ਜਾਗਰੂਕ ਨਾਗਰਿਕ ਨੂੰ ਆਪਣਾ ਫ਼ਰਜ਼ ਪਛਾਣਦਿਆਂ ਨਸ਼ਿਆਂ ਦੀ ਵਪਾਰਕ ਤੰਦ ਨੂੰ ਤੋੜਨ ਲਈ ਅੱਗੇ ਆਉਣਾ ਪਵੇਗਾ, ਤਾਂ ਜੋ ਅਸੀਂ ਆਪਣੀ ਮਾਂ-ਬੋਲੀ, ਵਿਰਸੇ ਅਤੇ ਨਸਲਾਂ ਨੂੰ ਸੁਰੱਖਿਅਤ ਰੱਖ ਸਕੀਏ। ਅੱਜ ਸਮੇਂ ਦੀ ਮੰਗ ਹੈ ਕਿ ਅਸੀਂ ਡਰ ਕੇ ਭੱਜਣ ਦੀ ਬਜਾਏ ਨਿਡਰ ਹੋ ਕੇ ਇਸ ਚੁਣੌਤੀ ਦਾ ਸਾਹਮਣਾ ਕਰੀਏ ਅਤੇ ਇੱਕ ਸੁਨਹਿਰੀ ਭਵਿੱਖ ਦੀ ਨੀਂਹ ਰੱਖੀਏ।
ਭਾਈ ਸਰੂਪ ਸਿੰਘ ਨੇ ਵਲਵਲੇ ਭਰੇ ਸ਼ਬਦਾਂ ‘ਚ ਤਾਕੀਦ ਕਰਦਿਆਂ ਕਿਹਾ ਕਿ “ਜੇਕਰ ਅਸੀਂ ਅੱਜ ਵੀ ਆਪਣੀ ਗੂੜ੍ਹੀ ਨੀਂਦ ਤੋਂ ਨਾ ਜਾਗੇ ਅਤੇ ਆਪਣੀ ਜਵਾਨੀ ਨੂੰ ਤਬਾਹੀ ਦੇ ਮੁਕਾਮ ‘ਤੇ ਪਹੁੰਚਦਿਆਂ ਖਾਮੋਸ਼ ਤਮਾਸ਼ਬੀਨ ਬਣ ਕੇ ਵੇਖਦੇ ਰਹੇ, ਤਾਂ ਇਤਿਹਾਸ ਸਾਨੂੰ ਕਦੇ ਮੁਆਫ਼ ਨਹੀਂ ਕਰੇਗਾ। ਇਹ ਪੰਜਾਬ ਗੁਰੂਆਂ, ਪੀਰਾਂ ਅਤੇ ਯੋਧਿਆਂ ਦੀ ਪਵਿੱਤਰ ਧਰਤੀ ਹੈ, ਜਿੱਥੇ ਜ਼ੁਲਮ ਅਤੇ ਬੁਰਾਈ ਅੱਗੇ ਸਿਰ ਝੁਕਾਉਣਾ ਸਾਡੀ ਰਵਾਇਤ ਨਹੀਂ ਰਹੀ। ਸਾਡੇ ਪੁਰਖਿਆਂ ਨੇ ਖੰਡੇ ਦੀ ਧਾਰ ‘ਤੇ ਤੁਰ ਕੇ ਸੱਚ ਦਾ ਪਰਚਮ ਲਹਿਰਾਇਆ ਸੀ, ਅੱਜ ਉਸੇ ਗੁਰਮਤਿ ਅਤੇ ਸ਼ਹੀਦਾਂ ਦੀ ਸੋਚ ਤੋਂ ਰੋਸ਼ਨੀ ਲੈ ਕੇ ਹਰ ਪਿੰਡ, ਹਰ ਗਲੀ ਵਿੱਚ ਨਸ਼ਿਆਂ ਅਤੇ ਕੁਰਾਹੇ ਪਏ ਅੰਸਰਾਂ ਵਿਰੁੱਧ ਲਾਮਬੰਦੀ ਕਰਨ ਦੀ ਲੋੜ ਹੈ। ਚੁੱਪ ਰਹਿਣਾ ਬੁਰਾਈ ਦਾ ਸਾਥ ਦੇਣ ਬਰਾਬਰ ਹੈ, ਇਸ ਲਈ ਆਪਣੇ ਵਿਰਸੇ ਨੂੰ ਬਚਾਉਣ ਵਾਸਤੇ ਹਰ ਘਰ ਵਿੱਚੋਂ ਗੁਰਮਤਿ ਅਤੇ ਨਿਡਰਤਾ ਦਾ ਦੀਵਾ ਬਾਲਣਾ ਪਵੇਗਾ।”

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।