ਸਾਬਕਾ ED ਅਫ਼ਸਰ ਨਿਰੰਜਣ ਸਿੰਘ ‘ਅਕਾਲੀ ਦਲ ਵਾਰਿਸ ਪੰਜਾਬ ਦੇ’ਪਾਰਟੀ ਤੋਂ ਅਸਤੀਫ਼ਾ

ਪੰਜਾਬ

ਚੰਡੀਗੜ੍ਹ, 27 ਸਤੰਬਰ ,ਬੋਲੇ ਪੰਜਾਬ ਬਿਊਰੋ;

ਪੰਜਾਬ ਦੀ ਸਿਆਸਤ ਵਿੱਚੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੂੰ ਇੱਕ ਬਹੁਤਹੁ ਵੱਡਾ ਝਟਕਾ ਲੱਗਾ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇਸਾਬਕਾ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਆਪਣੇ ਜਾਰੀ ਬਿਆਨ ਵਿੱਚ ਈ.ਡੀ. ਡਿਪਟੀ ਡਾਇਰੈਕਟਰ ਰਹਿ ਚੁੱਕੇ ਨਿਰੰਜਨ ਸਿੰਘ ਨੇ ਲਿਖਿਆ ਕਿ, ਮੈਂ ਅਕਾਲੀ ਦਲ ਵਾਰਿਸ ਪੰਜਾਬ ਦੇ ‘ਤੋਂ ਆਪਣੇ ਆਪ ਨੂੰ ਅਲੱਗ ਕਰਦਾ ਹਾਂ। ਮੈਂ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ, ਵਿਆਪਕ ਭ੍ਰਿਸ਼ਟਾਚਾਰ, ਗੈਂਗਸਟਰਾਂ, ਫਿਰੌਤੀ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਰਗੇ ਮੁੱਦਿਆਂ ’ਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੂੰ ਆਪਣਾ ਸਮਰਥਨ ਦਿੱਤਾ ਸੀ। ਪਰ ਕੁਝ ਅਜਿਹੇ ਮੁੱਦਿਆਂ ’ਤੇ ਮੇਰੇ ਮਤਭੇਦ ਹਨ ਜੋ ਮੇਰੇ ਲਈ ਗੈਰ-ਸਮਝੌਤਾ ਯੋਗ ਹਨ। ਜਨਤਕ ਜੀਵਨ ਵਿੱਚ ਰਹਿਣ ਵਾਲੇ ਵਿਅਕਤੀਆਂ ਦਾ ਆਚਰਨ ਭਾਰਤ ਦੇ ਸੰਵਿਧਾਨ ਅਨੁਸਾਰ ਹੋਣਾ ਚਾਹੀਦਾ ਹੈ। ਮੈਂ ਉਨ੍ਹਾਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਜ਼ਿਕਰਯੋਗ ਹੈਕਿ ਨਿਰੰਜਣ ਸਿੰਘ ਨੇ 23 ਸਤੰਬਰ 2026 ਨੂੰ ਹੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਪੱਲਾ ਫੜਿਆ ਸੀ। ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਉਚੇਚੇ ਤੌਰ ‘ਤੇ ਪਹੁੰਚੇ ਸਨ। ਉਨ੍ਹਾਂ ਦੇ ਪਾਰਟੀ ਵਿੱਚ ਆਉਣ ਨਾਲ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੂੰ ਕਾਫ਼ੀ ਮਜ਼ਬੂਤੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਸੀ, ਪਰ ਕੁਝ ਹੀ ਦਿਨਾਂ ਦੇ ਅੰਦਰ ਆਏ ਇਸ ਅਸਤੀਫ਼ੇ ਨੇ ਸਿਆਸੀ ਗਲਿਆਰਿਆਂ ਵਿੱਚ ਚਰਚਾ
ਛੇੜ ਦਿੱਤੀ ਹੈ।ਨਿਰੰਜਣ ਸਿੰਘ ED ਵਿੱਚ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇਕਈ ਬਹੁ-ਚਰਚਿਤ ਅਤੇ ਹਾਈ-ਪ੍ਰੋਫਾਈਲ ਮਾਮਲਿਆਂ ਦੀ ਜਾਂਚ ਲਈ ਜਾਣੇ ਜਾਂਦੇ ਹਨ। ਖ਼ਾਸ ਕਰਕੇ ਪੰਜਾਬ ਦੇ ਬਹੁ-ਕਰੋੜੀ ਨਸ਼ਾ ਤਸਕਰੀ (ਡਰੱਗਜ਼) ਕੇਸ ਦੀ ਜਾਂਚ ਦੌਰਾਨ ਉਨ੍ਹਾਂ ਦੀ ਭੂਮਿਕਾ ਕਾਫ਼ੀ ਚਰਚਾ ਵਿੱਚ ਰਹੀ ਸੀ। ਉਨ੍ਹਾਂ ਦੀ ਇਮਾਨਦਾਰ ਅਤੇ ਸਖ਼ਤ ਅਫ਼ਸਰ ਵਜੋਂ ਪਛਾਣ ਕਰਕੇ ਹੀ ਉਨ੍ਹਾਂ ਦੇ ਸਿਆਸਤ ਵਿੱਚ ਆਉਣ ਦਾ ਵੱਖ-ਵੱਖ ਹਲਕਿਆਂ ਵਿੱਚ ਸੁਆਗਤ ਕੀਤਾ ਗਿਆ ਸੀ। ਇਹ ਮੰਨਿਆ ਜਾ ਰਿਹਾ ਸੀ ਕਿ ਉਨ੍ਹਾਂ ਦੇ ਜਨਤਕ ਜੀਵਨ ਵਿੱਚ ਆਉਣ ਨਾਲ ਪਾਰਟੀ ਨੂੰ ਕਾਨੂੰਨੀ ਅਤੇ ਸਿਆਸੀ ਪੱਖੋਂ ਵੱਡਾ ਬਲ ਮਿਲੇਗਾ।
ਹਾਲਾਂਕਿ, ਨਿਰੰਜਣ ਸਿੰਘ ਵੱਲੋਂ ਅਚਾਨਕ ਦਿੱਤੇ ਗਏ ਇਸ ਅਸਤੀਫ਼ੇ ਦੇ ਪਿੱਛੇ ਦੇ ਅਸਲ ਕਾਰਨਾਂ ਦਾ ਅਜੇ ਤੱਕ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ।ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਪਾਰਟੀ ਅੰਦਰੂਨੀ ਮਤਭੇਦ ਜਾਂ ਨੀਤੀਗਤ ਫ਼ੈਸਲਿਆਂ ਨਾਲ ਅਸਹਿਮਤੀ ਇਸ ਅਸਤੀਫ਼ੇ ਦਾ ਕਾਰਨ ਹੋ ਸਕਦੀ ਹੈ। ਇਸ ਅਸਤੀਫ਼ੇ ਤੋਂ ਬਾਅਦ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਲੀਡਰਸ਼ਿਪ ਲਈ ਵੀ ਚੁਣੌਤੀਆਂ ਵਧ ਗਈਆਂ ਹਨ।
ਇੱਕ ਪਾਸੇ ਜਿੱਥੇਪਾਰਟੀ ਆਪਣੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਰਾਜਨੀਤਿਕ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਸੀ, ਉੱਥੇ ਹੀ ਨਿਰੰਜਣ ਸਿੰਘ ਜਿਹੇ ਉੱਘੇ ਚਿਹਰੇ ਦਾ ਇੰਨੀ ਜਲਦੀ ਵੱਖ ਹੋ ਜਾਣਾ ਪਾਰਟੀ ਦੇ ਭਵਿੱਖੀ ਮਨਸੂਬਿਆਂ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਜਾਂ ਪਾਰਟੀ ਦੇ ਹੋਰ ਸੀਨੀਅਰ ਆਗੂ ਇਸ ਅਸਤੀਫ਼ੇ‘ਤੇ ਕੀ ਪ੍ਰਤੀਕਿਰਿਆ ਦਿੰਦੇ ਹਨ ਅਤੇ ਕੀ ਨਿਰੰਜਣ ਸਿੰਘ ਨੂੰ ਮਨਾਉਣ ਦੀ ਕੋਈ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਨਹੀਂ। ਫਿਲਹਾਲ, ਇਸ ਘਟਨਾਕ੍ਰਮ ਨੇ ਪੰਜਾਬ ਦੀ ਰਾਜਨੀਤੀ ਵਿੱਚ ਗਰਮਾ-ਗਰਮੀ ਵਧਾ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।