ਭਾਜਪਾ-ਆਰ.ਐੱਸ.ਐੱਸ. ਦੇ ਫਾਸੀਵਾਦੀ ਹੱਲੇ ਖਿਲਾਫ਼ ਸੀ.ਪੀ.ਆਈ. (ਐੱਮ.ਐੱਲ.) ਨਿਊ ਡੈਮੋਕਰੇਸੀ ਵੱਲੋਂ ਵਿਸ਼ਾਲ ਰੈਲੀ

ਚੰਡੀਗੜ੍ਹ ਪੰਜਾਬ

ਲੋਕਾਂ ਨੂੰ ਫਾਸ਼ੀਵਾਦੀ ਹੱਲੇ ਦਾ ਡੱਟਵਾਂ ਵਿਰੋਧ ਕਰਨ ਦਾ ਦਿੱਤਾ ਸੱਦਾ


ਮੋਗਾ 26 ਸਤੰਬਰ ,ਬੋਲੇ ਪੰਜਾਬ ਬਿਊਰੋ;
ਮੋਗਾ ਦੀ ਨਵੀਂ ਦਾਣਾ ਮੰਡੀ ਵਿਖੇ ਅੱਜ ਸੀ.ਪੀ.ਆਈ. (ਐੱਮ.ਐੱਲ.) ਨਿਊ ਡੈਮੋਕਰੇਸੀ ਵੱਲੋਂ ਕੀਤੀ ਗਈ ਵਿਸ਼ਾਲ ਸੂਬਾ ਪੱਧਰੀ ਰੈਲੀ ਨੇ ਪੰਜਾਬ ਦੇ ਸਿਆਸੀ ਮੈਦਾਨ ਅੰਦਰ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਅਮਰ ਸ਼ਹੀਦ ਕਾਮਰੇਡ ਬਲਦੇਵ ਸਿੰਘ ਮਾਨ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਸ ਰੈਲੀ ਵਿੱਚ ਪੰਜਾਬ ਭਰ ਤੋਂ ਪਹੁੰਚੇ ਹਜ਼ਾਰਾਂ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਔਰਤਾਂ ਦੇ ਭਾਰੀ ਇਕੱਠ ਨੇ ਮੋਗਾ ਦੀ ਦਾਣਾ ਮੰਡੀ ਨੂੰ ਪੂਰੀ ਤਰ੍ਹਾਂ ‘ਲਾਲੋ-ਲਾਲ’ ਕਰ ਦਿੱਤਾ। ਲੰਮੇ ਸਮੇਂ ਬਾਅਦ ਕਮਿਊਨਿਸਟਾਂ ਦੇ ਇਸ ਵੱਡੇ ਜਨਤਕ ਇਕੱਠ ਨੇ ਕੇਂਦਰ ਦੀ ਬੀ.ਜੇ.ਪੀ.-ਆਰ.ਐੱਸ.ਐੱਸ. ਹਕੂਮਤ ਦੇ ਫਾਸੀਵਾਦੀ ਹੱਲੇ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾਉਂਦਿਆਂ ਲੋਕਾਂ ਨੂੰ ਇਸ ਹੱਲੇ ਦਾ ਡੱਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂਆਂ ਕਾ. ਸਰਦਾਰਾ ਸਿੰਘ ਮਾਹਲ, ਕਾ.ਦਰਸ਼ਨ ਸਿੰਘ ਖਟਕੜ ਅਤੇ ਕਾ. ਕੁਲਵਿੰਦਰ ਸਿੰਘ ਵੜੈਚ ਨੇ ਮੋਦੀ-ਸ਼ਾਹ ਹਕੂਮਤ ਅਤੇ ਆਰ.ਐੱਸ.ਐੱਸ. ਦੇ ਫਾਸ਼ੀਵਾਦੀ ਮਨਸੂਬਿਆਂ ਦੀਆਂ ਪਰਤਾਂ ਖੋਲ੍ਹਦਿਆਂ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਇਹ ਗੱਠਜੋੜ ਦੇਸ਼ ਅੰਦਰ ਮਨੂੰਵਾਦੀ ਅਤੇ ਭੱਗਵੀਂ ਸੋਚ ਅਤੇ ਪਿਛਾਖੜੀ ਸੱਭਿਆਚਾਰ ਨੂੰ ਪ੍ਰਫੁੱਲਤ ਕਰ ਰਿਹਾ। ਦਲਿਤਾਂ ਨੂੰ ਮਿਲਦੀਆ ਸਮਾਜਿਕ ਸਹੂਲਤਾਂ ਨੂੰ ਕੱਟਣ, ਮਨਰੇਗਾ ਨੂੰ ਬਦਲ ਕੇ ਜੀ-ਰਾਮਜੀ ਲਾਗੂ ਕਰਨ ਅਤੇ ਚਾਰ ਲੇਬਰ ਕੋਡ ਲਾਗੂ ਕਰਨ ਦੀਆਂ ਉਦਾਹਰਣਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਦਲਿਤਾਂ,ਪਿਛੜੇ ਵਰਗਾਂ, ਗਰੀਬ ਮਜ਼ਦੂਰਾਂ, ਘੱਟ ਗਿਣਤੀਆਂ ਅਤੇ ਕਮਿਊਨਿਸਟਾਂ ‘ਤੇ ਅੱਤਿਆਚਾਰ ਤੇ ਸਮਾਜਿਕ ਧੱਕੇਸ਼ਾਹੀ ਦਿਨੋਂ ਦਿਨ ਵੱਧ ਰਹੀ ਹੈ। ਦੇਸ਼ ਚ ਜਿੰਨਾ ਕੂ ਵੀ ਫੈਡਰਲ (ਸੰਘੀ) ਢਾਂਚਾ ਸੀ ਉਸਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਸਾਰੀਆਂ ਤਾਕਤਾਂ ਦਾ ਅੰਨ੍ਹਾ ਕੇਂਦਰੀਕਰਨ ਕੀਤਾ ਜਾ ਰਿਹਾ। ਡੈਮਾਂ ਸੇਫਟੀ ਐਕਟ ਬਣਾਕੇ ਡੈਮਾਂ ਉੱਤੇ ਕੰਟਰੋਲ ਕਰਕੇ ਸੂਬਿਆਂ ਦੇ ਪਾਣੀ ਦੇ ਹੱਕ ਖੋਹੇ ਜਾ ਰਹੇ ਹਨ। ਪੰਜਾਬ ਨਾਲ ਵਿਤਕਰੇ ਦਾ ਇੱਕ ਹੋਰ ਕਦਮ ਪੁੱਟਦਿਆਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੱਕੀ ਮੈਂਬਰੀ ਖਤਮ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਫਾਸ਼ੀਵਾਦੀ ਹੱਲੇ ਦਾ ਮਕਸਦ ਤਾਨਾਸ਼ਾਹੀ ਸਥਾਪਤ ਕਰਨਾ ਹੈ ਇਸੇ ਲਈ ‘ਇੱਕ ਦੇਸ਼, ਇੱਕ ਚੋਣ’ ਅਤੇ ਇਕਸਾਰ ਸਿਵਲ ਕੋਡ ਵਰਗੇ ਤਾਨਾਸ਼ਾਹੀ ਏਜੰਡੇ ਥੋਪਣ ਦੀਆਂ ਵਿਉਂਤਾਂ ਘੜੀਆਂ ਜਾ ਰਹੀਆਂ ਹਨ।
ਬੁਲਾਰਿਆਂ ਨੇ ਕਿਹਾ ਕਿ ਨਿਆਂਪਾਲਿਕਾ ਤੇ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਕ ਸੰਸਥਾਵਾਂ ਨੂੰ ਕੰਟਰੋਲ ਹੇਠ ਲਿਆ ਕੇ ਜਮਹੂਰੀਅਤ ਦਾ ਘਾਣ ਕੀਤਾ ਜਾ ਰਿਹਾ ਹੈ। ਐਸ ਆਈ ਆਰ ਦੇ ਨਾਂ ਹੇਠ ਲੋਕਾਂ ਦੀਆਂ ਵੋਟਾਂ ਅਵੈਧ ਢੰਗਾਂ ਰਾਹੀ ਕੱਟਕੇ ਭਾਜਪਾ ਵਲੋਂ ਸੂਬਿਆਂ ਦੀਆਂ ਚੋਣਾਂ ਜਿੱਤੀਆਂ ਜਾ ਰਹੀਆਂ ਹਨ। ਦੇਸ਼ ਦੇ ਚੋਣ ਕਮਿਸ਼ਨ ਦੇ ਤਿੰਨ ਅਹੁਦੇਦਾਰਾਂ ਵਿੱਚੋਂ ਦੋ ਨੇ ਜਦ ਇਸ ਉੱਤੇ ਇਤਰਾਜ ਪ੍ਰਗਟ ਕੀਤਾ ਤਾਂ ਉਹਨਾਂ ਦੇ ਇਤਰਾਜ਼ ਦਰਕਿਨਾਰ ਕਰ ਦੇਣਾ ਇਸੇ ਗੱਲ ਦਾ ਸੰਕੇਤ ਦਿੰਦਾ ਹੈ। ਦੇਸ਼ ਦੇ ਜਲ, ਜੰਗਲ, ਜ਼ਮੀਨ ਅਤੇ ਸਰਵਜਨਕ/ਜਨਤਕ ਅਦਾਰੇ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਕੇ ਕਿਰਤੀਆਂ ਦੀ ਅੰਨ੍ਹੀ ਲੁੱਟ ਨੂੰ ਛੋਟ ਦਿੱਤੀ ਜਾ ਰਹੀ ਹੈ। ਆਰ.ਐੱਸ.ਐੱਸ. ਦੇ ‘ਹਿੰਦੂ ਰਾਸ਼ਟਰ’ ਦੇ ਏਜੰਡੇ ਤਹਿਤ ਮੁਸਲਮਾਨ,ਈਸਾਈ ਅਤੇ ਸਿੱਖ ਘੱਟ-ਗਿਣਤੀਆਂ ਨੂੰ ਦੂਸਰੇ ਦਰਜੇ ਦੇ ਨਾਗਰਿਕ ਬਣਾ ਕੇ ਉਨ੍ਹਾਂ ਦੇ ਬਰਾਬਰੀ ਦੇ ਹੱਕਾਂ ਉੱਤੇ ਸਿੱਧਾ ਹਮਲਾ ਕੀਤਾ ਜਾ ਰਿਹਾ। ਦੇਸ਼ ਭਰ ਵਿੱਚ ਧਰਮ ਦੇ ਨਾਂ ‘ਤੇ ਨਫ਼ਰਤ ਫੈਲਾਈ ਜਾ ਰਹੀ ਹੈ ਅਤੇ ਹਕੂਮਤ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਬੁੱਧੀਜੀਵੀਆਂ, ਪੱਤਰਕਾਰਾਂ ਤੇ ਜਨਤਕ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਉਲਝਾ ਕੇ ਜੇਲ੍ਹਾਂ ਵਿੱਚ ਡੱਕ ਕੇ ਵਿਰੋਧੀ ਆਵਾਜ਼ਾਂ ਦਾ ਦਮਨ ਕੀਤਾ ਜਾ ਰਿਹਾ ਹੈ।
ਰੈਲੀ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਦੇਸ਼ ਦੇ ਭਲੇ ਲਈ ਸਭ ਧਰਮਾਂ-ਵਰਗਾਂ ਦੇ ਲੋਕਾਂ ਨੂੰ ਇੱਕਜੁੱਟ ਹੋਣ ਦਾ ਹੋਕਾ ਦਿੱਤਾ।
ਰੈਲੀ ਦੀ ਹਮਾਇਤ ਵਿੱਚ ਪਹੁੰਚੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਸਿੰਘ ਪੀਟਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਾਮਿਸਾਲ ਅਤੇ ਇਤਿਹਾਸਕ ਕਿਸਾਨ ਸੰਘਰਸ਼ ਨੇ ਕਾਰਪੋਰੇਟ ਪੱਖੀ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਇਆ ਸੀ ਪਰ ਇਸ ਦੇ ਬਾਵਜੂਦ ਮੋਦੀ ਦੀ ਕੇਂਦਰ ਸਰਕਾਰ ਫਾਸ਼ੀਵਾਦੀ ਆਰਥਿਕ ਹਮਲੇ ਤੋਂ ਪਿੱਛੇ ਹਟਣ ਦੀ ਬਜਾਏ ਹੁਣ ਦੱਸ ਦੱਸ ਹਜ਼ਾਰ ਏਕੜ ਦੇ ਕਲਸਟਰ ਫਾਰਮ ਉਸਾਰਨ ਦੀਆਂ ਵਿਉਂਤਾਂ ਘੜ ਰਹੀ ਹੈ। ਉਨ੍ਹਾਂ ਇਸ ਪ੍ਰਤੀ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ।
ਅਖੀਰ ਵਿੱਚ ਪਾਰਟੀ ਦੇ ਬੁਲਾਰਿਆਂ ਨੇ ਕਾਰਪੋਰੇਟ-ਫਾਸ਼ੀਵਾਦ ਦੇ ਗੱਠਜੋੜ ਵਿਰੁੱਧ ਦ੍ਰਿੜ ਖਾੜਕੂ ਜਨਤਕ ਘੋਲ ਉਸਾਰਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਬੀਜੇਪੀ ਨੂੰ ਸਬਕ ਸਿਖਾਉਣ ਦਾ ਸੱਦਾ ਦਿੱਤਾ।
ਰੈਲੀ ਦੌਰਾਨ ਰਸੂਲਪੁਰ ਦੇ ਕਵੀਸ਼ਰੀ ਜਥੇ ਨੇ ਜੋਸ਼ੀਲੀਆਂ ਇਨਕਲਾਬੀ ਵਾਰਾਂ ਰਾਹੀਂ ਪੰਡਾਲ ਵਿੱਚ ਬੈਠੇ ਹਜ਼ਾਰਾਂ ਲੋਕਾਂ ਅੰਦਰ ਫਾਸੀਵਾਦੀ ਤਾਕਤਾਂ ਖਿਲਾਫ਼ ਲੜਨ ਦਾ ਜਜ਼ਬਾ ਭਰਿਆ। ਸਟੇਜ ਸਕੱਤਰ ਦੀ ਭੂਮਿਕਾ ਕਾ. ਗੁਰਮੁਖ ਸਿੰਘ ਨੇ ਨਿਭਾਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।