ਜ਼ਿਲ੍ਹਾ ਹਸਪਤਾਲ ਵਿਚ ਹੋਇਆ ਜਾਗਰੂਕਤਾ ਸਮਾਗਮ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 05, ਅਕਤੂਬਰ ,ਬੋਲੇ ਪੰਜਾਬ ਬਿਊਰੋ;
ਗਾਂਧੀ ਜੈਯੰਤੀ ਦੇ ਸਬੰਧ ਵਿਚ ਮਰੀਜ਼ਾਂ ਅਤੇ ਹੋਰ ਲੋਕਾਂ ਨੂੰ ਕੋਹੜ ਰੋਗ ਬਾਰੇ ਜਾਣਕਾਰੀ ਦੇਣ ਲਈ ਅੱਜ ਜ਼ਿਲ੍ਹਾ ਹਸਪਤਾਲ ਵਿਚ ਜਾਗਰੂਕਤਾ ਸਮਾਗਮ ਕੀਤਾ ਗਿਆ, ਜਿਸ ਵਿਚ ਨਰਸਿੰਗ ਵਿਦਿਆਰਥੀਆਂ ਅਤੇ ਡਾਕਟਰਾਂ ਨੇ ਵੀ ਸ਼ਮੂਲੀਅਤ ਕੀਤੀ। ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਹੋਏ ਪ੍ਰੋਗਰਾਮ ਵਿਚ ਮਰੀਜ਼ਾਂ ਅਤੇ ਉਨ੍ਹਾਂ ਨਾਲ ਆਏ ਲੋਕਾਂ ਨੂੰ ਕੋਹੜ ਰੋਗ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ. ਜਯਤੀ ਬੱਤਰਾ ਨੇ ਦੱਸਿਆ ਕਿ ਕੋਹੜ ਜਾਂ ਲੈਪਰੋਸੀ ਰੋਗ ਵੀ ਹੋਰ ਰੋਗਾਂ ਵਾਂਗ ਆਮ ਸਰੀਰਕ ਰੋਗ ਹੈ, ਜਿਸ ਨੂੰ ਦਵਾਈਆਂ ਨਾਲ ਠੀਕ ਕੀਤਾ ਜਾ ਸਕਦਾ ਹੈ। ਇਹ ਰੋਗ ਕੋਈ ਸਰਾਪ ਨਹੀਂ ਅਤੇ ਪੂਰੀ ਤਰ੍ਹਾਂ ਇਲਾਜਯੋਗ ਹੈ। ਉਨ੍ਹਾਂ ਦਸਿਆ ਕਿ ਇਸ ਰੋਗ ਦਾ ਇਲਾਜ (ਐਮ.ਡੀ.ਟੀ) MDT ਦਵਾਈਆਂ ਨਾਲ ਹੋ ਸਕਦਾ ਹੈ, ਜੋ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਹ ਰੋਗ ਵੀ ਇੱਕ ਬੈਕਟੀਰੀਆ ਤੋਂ ਹੁੰਦਾ ਹੈ, ਜਿਸ ਕਾਰਨ ਚਮੜੀ ਉੱਤੇ ਹਲਕੇ ਤਾਂਬੇ ਰੰਗ ਦੇ ਸੁੰਨ ਨਿਸ਼ਾਨ ਬਣ ਜਾਂਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਲੈਪਰੋਸੀ ਦੇ ਮਰੀਜ਼ਾਂ ਨਾਲ ਭੇਦ-ਭਾਵ ਨਹੀਂ ਕਰਨਾ ਚਾਹੀਦਾ ਸਗੋਂ ਇਲਾਜ ਕਰਵਾਉਣ ਲਈ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।
ਇਸ ਮੌਕੇ ਐਨ.ਐਮ.ਐਸ ਗੁਰਜਿੰਦਰ ਸਿੰਘ ਆਦਿ ਹਾਜ਼ਰ ਸਨ।












