ਨਵੀਂ ਦਿੱਲੀ 5 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਅੱਜ ਦਿੱਲੀ ‘ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਹਾਈਕਮਾਨ ਵੱਲੋਂ ਮਿਲੀ ਨਵੀਂ ਜ਼ਿੰਮੇਵਾਰੀ ਤੋਂ ਬਾਅਦ ਪਰਗਟ ਸਿੰਘ ਵੱਲੋਂ ਪਹਿਲੀ ਵਾਰ ਮੁਲਾਕਾਤ ਕੀਤੀ ਗਈ ਹੈ।
ਇਸ ਮੁਲਾਕਾਤ ਸੰਬੰਧੀ ਜਾਣਕਾਰੀ ਦਿੰਦਿਆਂ ਪਰਗਟ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਲਿਖਿਆ ਕਿ “ਉਨ੍ਹਾਂ ਵੱਲੋਂ ਦਿੱਤੇ ਮਾਰਗਦਰਸ਼ਨ, ਹੌਸਲੇ ਅਤੇ ਭਰੋਸੇ ਲਈ ਧੰਨਵਾਦ। ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਦੇ ਹੱਕਾਂ, ਪੰਜਾਬ ਦੀ ਆਵਾਜ਼ ਅਤੇ ਪੰਜਾਬ ਦੇ ਭਵਿੱਖ ਲਈ ਕਾਂਗਰਸ ਦੀ ਲੜਾਈ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਾਂਗਾ।ਆਉਣ ਵਾਲੇ ਸਮੇਂ ਵਿੱਚ ਸਾਡੇ ਆਗੂਆਂ, ਵਰਕਰਾਂ ਅਤੇ ਪੰਜਾਬ ਦੇ ਲੋਕਾਂ ਦੀ ਸਾਂਝੀ ਤਾਕਤ ਨਾਲ ਕਾਂਗਰਸ ਨੂੰ ਹੋਰ ਮਜ਼ਬੂਤ ਕਰਨਾ ਸਾਡਾ ਸੰਕਲਪ ਹੈ।”
ਮਿਲੀ ਜਾਣਕਾਰੀ ਅਨੁਸਾਰ ਪਰਗਟ ਸਿੰਘ 6 ਅਕਤੂਬਰ ਨੂੰ ਦਿੱਲੀ ਤੋਂ ਪੰਜਾਬ ਪਰਤਣਗੇ। ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ, ਜਿਸ ਵਿੱਚ ਸਿੱਧੇ ਤੌਰ ‘ਤੇ ਧੜੇਬੰਦੀ ਨੂੰ ਖ਼ਤਮ ਕਰਕੇ ਚੋਣ ਲੜਾਈ ਲਈ ਇੱਕਜੁੱਟ ਹੋਣ ਦਾ ਸੁਨੇਹਾ ਦਿੱਤਾ ਜਾਵੇਗਾ।











