ਗੁਰਦੁਆਰਾ ਬੰਗਲਾ ਸਾਹਿਬ ’ਚ ਪੁਲਿਸ ਦਾਖ਼ਲੇ ’ਤੇ ਸਰਨਾ ਦਾ ਸਖ਼ਤ ਵਿਰੋਧ—ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਵੀ ਘੇਰਿਆ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 11 ਅਕਤੂਬਰ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):

ਦਿੱਲੀ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਬੰਗਲਾ ਸਾਹਿਬ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਾਰੇ ਸੂਬਿਆਂ ਦੇ ਪੁਲਿਸ ਮੁਖੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ ਹੈ ਕਿ ਕਿਸੇ ਵੀ ਪ੍ਰਦਰਸ਼ਨਕਾਰੀ ਦਾ ਪਿੱਛਾ ਕਰਦਿਆਂ ਪੁਲਿਸ ਜਾਂ ਸੁਰੱਖਿਆ ਬਲ ਗੁਰਦੁਆਰਾ ਸਾਹਿਬ ਦੀ ਹੱਦ ਅੰਦਰ ਦਾਖ਼ਲ ਨਾ ਹੋਣ। ਸਰਨਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਸਿੱਖ ਪਰੰਪਰਾ ਅਨੁਸਾਰ ਹਰ ਮੁਸੀਬਤਜ਼ਦਾ ਲਈ ਪਨਾਹ, ਲੰਗਰ ਅਤੇ ਸੇਵਾ ਦਾ ਕੇਂਦਰ ਹੈ, ਇਸ ਲਈ ਇਸ ਦੀ ਪਵਿੱਤਰਤਾ ਨੂੰ ਪੁਲਿਸੀ ਕਾਰਵਾਈਆਂ ਦਾ ਹਿੱਸਾ ਬਣਾਉਣਾ ਬੇਹੱਦ ਗੰਭੀਰ ਮਾਮਲਾ ਹੈ। ਸਰਨਾ ਨੇ ਕਿਹਾ ਕਿ ਕਾਨੂੰਨ-ਵਿਵਸਥਾ ਕਾਇਮ ਰੱਖਣ ਦੇ ਨਾਂ ’ਤੇ ਧਾਰਮਿਕ ਅਸਥਾਨਾਂ ਦੀ ਮਰਯਾਦਾ ਨੂੰ ਛਿੱਕੇ ’ਤੇ ਨਹੀਂ ਟੰਗਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇ ਕਿਸੇ ਵਿਅਕਤੀ ਖ਼ਿਲਾਫ਼ ਕੋਈ ਦੋਸ਼ ਹੈ ਤਾਂ ਉਸ ਨਾਲ ਕਾਨੂੰਨ ਅਨੁਸਾਰ ਨਜਿੱਠਿਆ ਜਾਵੇ, ਪਰ ਗੁਰਦੁਆਰੇ ਨੂੰ ਪੁਲਿਸੀ ਪਿੱਛਾ ਕਰਨ ਜਾਂ ਧੱਕੇਸ਼ਾਹੀ ਦਾ ਮੈਦਾਨ ਨਾ ਬਣਾਇਆ ਜਾਵੇ। ਉਨ੍ਹਾਂ ਅਮਿਤ ਸ਼ਾਹ ਅਤੇ ਸੂਬਾਈ ਪੁਲਿਸ ਮੁਖੀਆਂ ਤੋਂ ਮੰਗ ਕੀਤੀ ਕਿ ਧਾਰਮਿਕ ਸਥਾਨਾਂ ਨਾਲ ਸਬੰਧਤ ਅਜਿਹੀਆਂ ਸਥਿਤੀਆਂ ਲਈ ਸਪੱਸ਼ਟ ਪ੍ਰੋਟੋਕੋਲ ਬਣਾਏ ਜਾਣ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਤਾਲਮੇਲ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਕਾਰਵਾਈ ਨਾ ਕੀਤੀ ਜਾਵੇ। ਇਸ ਦੇ ਨਾਲ ਹੀ ਸਰਨਾ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਦੀ ਭੂਮਿਕਾ ’ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਮਰਯਾਦਾ ਅਤੇ ਸੰਗਤ ਦੇ ਹੱਕਾਂ ਦੀ ਰਾਖੀ ਕਰਨਾ ਪ੍ਰਬੰਧਕਾਂ ਦੀ ਪਹਿਲੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇ ਪਵਿੱਤਰ ਅਸਥਾਨਾਂ ਅੰਦਰ ਪੁਲਿਸੀ ਦਖ਼ਲਅੰਦਾਜ਼ੀ ਜਾਂ ਦਬਾਅ ਨੂੰ ਰੋਕਣ ਲਈ ਪ੍ਰਬੰਧਕ ਹੀ ਮਜ਼ਬੂਤੀ ਨਾਲ ਨਾ ਖੜ੍ਹਨ ਤਾਂ ਸੰਗਤ ਦੇ ਮਨਾਂ ਵਿੱਚ ਸਵਾਲ ਉੱਠਣੇ ਸੁਭਾਵਿਕ ਹਨ। ਸਰਨਾ ਨੇ ਚੇਤਾਵਨੀ ਦਿੱਤੀ ਕਿ ਗੁਰਦੁਆਰੇ ਕਿਸੇ ਸਰਕਾਰ, ਪੁਲਿਸ ਜਾਂ ਸਿਆਸੀ ਧੜੇ ਦੇ ਦਬਾਅ ਹੇਠ ਨਹੀਂ ਆ ਸਕਦੇ ਅਤੇ ਨਾ ਹੀ ਉਨ੍ਹਾਂ ਨੂੰ ਪ੍ਰਦਰਸ਼ਨਕਾਰੀਆਂ ਲਈ ‘ਹੰਟਿੰਗ ਗਰਾਊਂਡ’ ਬਣਨ ਦਿੱਤਾ ਜਾ ਸਕਦਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।