ਸਾਬਕਾ ਕੇਂਦਰੀ ਵਿੱਤ ਮੰਤਰੀ ਸ੍ਰੀ ਪੀ. ਚਿਦੰਬਰਮ ਅਤੇ ਭਾਰਤ ਵਿੱਚ ਇਟਲੀ ਦੇ ਰਾਜਦੂਤ ਐੱਚ.ਈ. ਸ੍ਰੀ ਟੋਮਾਸੋ ਜਿਓਰਡਾਨੋ ਨੇ ਕੀਤੀ ਮੀਟਿੰਗ ਦੀ ਅਗਵਾਈ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਅਕਤੂਬਰ ,ਬੋਲੇ ਪੰਜਾਬ ਬਿਉਰੋ:
ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਸ. ਮਲਵਿੰਦਰ ਸਿੰਘ ਕੰਗ ਨੇ ਭਾਰਤ ਅਤੇ ਇਟਲੀ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤੀ ਦੇਣ ਅਤੇ ਆਪਸੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨਵੀਂ ਦਿੱਲੀ ਵਿਖੇ ਹੋਈ ਭਾਰਤ-ਇਟਲੀ ਸੰਸਦੀ ਗਰੁੱਪ ਦੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।
ਮੀਟਿੰਗ ਦੀ ਅਗਵਾਈ ਸਾਬਕਾ ਕੇਂਦਰੀ ਵਿੱਤ ਮੰਤਰੀ ਸ੍ਰੀ ਪੀ. ਚਿਦੰਬਰਮ ਨੇ ਕੀਤੀ, ਜਦਕਿ ਇਟਲੀ ਵੱਲੋਂ ਭਾਰਤ ਵਿੱਚ ਇਟਲੀ ਦੇ ਰਾਜਦੂਤ ਐੱਚ.ਈ. ਸ੍ਰੀ ਟੋਮਾਸੋ ਜਿਓਰਡਾਨੋ ਨੇ ਅਗਵਾਈ ਕੀਤੀ।
ਮੀਟਿੰਗ ਦੌਰਾਨ ਭਾਰਤ ਅਤੇ ਇਟਲੀ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸੰਸਦੀ ਪੱਧਰ ’ਤੇ ਆਪਸੀ ਵਿਚਾਰ-ਵਟਾਂਦਰੇ ਤੇ ਸਹਿਯੋਗ ਨੂੰ ਵਧਾਉਣ ਬਾਰੇ ਵਿਚਾਰ ਸਾਂਝੇ ਕੀਤੇ ਗਏ।
ਇਸ ਮੌਕੇ ਨੈਨੀਤਾਲ ਤੋਂ ਲੋਕ ਸਭਾ ਮੈਂਬਰ ਸ੍ਰੀ ਅਜੈ ਭੱਟ ਅਤੇ ਉੱਤਰ ਪ੍ਰਦੇਸ਼ ਤੋਂ ਲੋਕ ਸਭਾ ਮੈਂਬਰ ਸ੍ਰੀ ਕਰਨ ਭੂਸ਼ਣ ਸਿੰਘ ਵੀ ਮੌਜੂਦ ਸਨ।
ਇਸ ਮੀਟਿੰਗ ਵਿੱਚ ਭਾਰਤੀ ਸੰਸਦ ਮੈਂਬਰਾਂ ਅਤੇ ਇਟਲੀ ਦੇ ਰਾਜਦੂਤ ਦੀ ਸ਼ਮੂਲੀਅਤ ਨੇ ਦੋਵਾਂ ਦੇਸ਼ਾਂ ਦਰਮਿਆਨ ਨਿਰੰਤਰ ਸੰਵਾਦ ਅਤੇ ਆਪਸੀ ਸਹਿਯੋਗ ਦੀ ਮਹੱਤਤਾ ਨੂੰ ਦਰਸਾਇਆ।












