ਤਰਨਤਾਰਨ, 14 ਅਕਤੂਬਰ, ਬੋਲੇ ਪੰਜਾਬ ਬਿਊਰੋ :
ਨਸ਼ਾ-ਵਿਰੋਧੀ ਮੁਹਿੰਮ ਬਾਰੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ। ਇੱਕ VVIP ਕਾਫ਼ਲੇ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮ ਹੀ ਕਰੋੜਾਂ ਰੁਪਏ ਦੀ ਹੈਰੋਇਨ ਦੀ ਤਸਕਰੀ ਕਰਨ ਵਾਲਾ ਨਿਕਲਿਆ। BSF ਨੇ ਇੱਕ ਰੁਟੀਨ ਜਾਂਚ ਦੌਰਾਨ ਉਸਨੂੰ ਹੈਰੋਇਨ ਦੀ ਵੱਡੀ ਖੇਪ ਸਮੇਤ ਕਾਬੂ ਕੀਤਾ। ਪੁਲਿਸ ਨੇ ਉਸ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਾਰਡਰ ਸਕਿਓਰਿਟੀ ਫੋਰਸ (BSF) ਨੇ ਸਰਹੱਦੀ ਖੇਤਰ ਵਿੱਚ ਇੱਕ ਚੈੱਕ-ਪੁਆਇੰਟ ‘ਤੇ ਪੰਜਾਬ ਪੁਲਿਸ ਦੇ ਕਾਂਸਟੇਬਲ ਕਰਨਬੀਰ ਸਿੰਘ ਨੂੰ ਇੱਕ ਸਵਿਫਟ ਕਾਰ ਵਿੱਚ 15 ਕਿਲੋ ਹੈਰੋਇਨ ਸਮੇਤ ਰੰਗੇ ਹੱਥੀਂ ਕਾਬੂ ਕੀਤਾ। ਪਿੰਡ ਭੂਸਾ ਦਾ ਰਹਿਣ ਵਾਲਾ ਕਰਨਬੀਰ ਸਿੰਘ ਪਹਿਲਾਂ ਸਥਾਨਕ ਸਰਹੱਦੀ ਪੁਲਿਸ ਥਾਣੇ ਵਿੱਚ ‘ਮੁਨਸ਼ੀ’ ਵਜੋਂ ਤਾਇਨਾਤ ਰਹਿ ਚੁੱਕਾ ਸੀ ਅਤੇ ਇਸ ਸਮੇਂ ਇੱਕ VVIP ਕਾਫ਼ਲੇ ਦੇ ਨਾਲ ਚੱਲਣ ਵਾਲੇ ਜੈਮਰ ਵਾਹਨ ਵਿੱਚ ਤਾਇਨਾਤ ਸੀ। BSF ਵੱਲੋਂ ਦਿੱਤੀ ਗਈ ਸੂਚਨਾ ‘ਤੇ ਕਾਰਵਾਈ ਕਰਦਿਆਂ, ਸਰਾਏ ਅਮਾਨਤ ਖਾਨ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ।












