ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਭਾਈ ਪਰਮਿੰਦਰ ਸਿੰਘ ਝੋਟਾ ਦੇ ਕਤਲ ਵਿਰੁੱਧ ਮੋਹਾਲੀ ਵਿਚ ਸ਼ਾਂਤਮਈ ਬੰਦ ਲਈ ਲੋਕਾਂ ਨੂੰ ਕੀਤਾ ਪ੍ਰੇਰਿਤ

ਚੰਡੀਗੜ੍ਹ ਪੰਜਾਬ

ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਅਗਵਾਈ ‘ਚ ਆਰੰਭੀ ਨਸ਼ਿਆਂ ਵਿਰੁੱਧ ਜੰਗ ਦੇ ਪਹਿਲੇ ਸ਼ਹੀਦ ਹਨ ਭਾਈ ਪਰਮਿੰਦਰ ਸਿੰਘ ਝੋਟਾ- ਸ਼ਿਵਚਰਨ ਸਿੰਘ ਭੰਗੂ

ਨਸ਼ਿਆਂ ਦੇ ਕਾਰੋਬਾਰੀਆਂ ਵਿਰੁੱਧ ਲਾਮਬੰਦੀ ਦਾ ਸੱਦਾ; ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਪੰਜਾਬ ਦੀ ਧਾਰਮਿਕ ਤੇ ਸਮਾਜਿਕ ਚੇਤਨਾ ਦੀ ਬਹਾਲੀ ਲਈ ਇਕਜੁੱਟ ਹੋਣ ਦੀ ਅਪੀਲ

ਮੋਹਾਲੀ, 15 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਪੰਜਾਬ ਵਿਚ ਨਸ਼ਿਆਂ ਦੇ ਸੌਦਾਗਰਾਂ ਖਿਲਾਫ ਸੰਘਰਸ਼ ਕਰਨ ਵਾਲੇ ਨਿਸ਼ਕਾਮ ਕਾਰਕੁੰਨ ਭਾਈ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿਚ ਅਤੇ ਬੇਰੋਕ ਵਧ ਰਹੇ ਨਸ਼ਿਆਂ ਦੇ ਪਸਾਰ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਦਫਤਰ ਸਕੱਤਰ ਪੁਆਧ ਜ਼ੋਨ ਸ਼ਿਵਚਰਨ ਸਿੰਘ ਭੰਗੂ, ਭਾਈ ਜਤਿਨ ਸਿੰਘ ਤਰਨਾ ਦਲ, ਯੂਥ ਆਗੂ ਦੀਪ ਲੰਡੀ ਜੀਪ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਹੋਰ ਕਾਰਕੁਨਾਂ ਵਲੋਂ ਮੋਹਾਲੀ ਵਿਖੇ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਬੰਦ ਵਿਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਇਕਜੁੱਟ ਹੋਣ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਸਾਂਝੇ ਯਤਨ ਕਰਨ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਸ਼ਿਵਚਰਨ ਸਿੰਘ ਭੰਗੂ ਨੇ ਕਿਹਾ ਕਿ ਭਾਈ ਪਰਮਿੰਦਰ ਸਿੰਘ ਝੋਟਾ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਖ਼ਾਲਸਾ ਵਹੀਰ ਰਾਹੀਂ ਪੰਜਾਬ ਦੀ ਧਰਤੀ ਉੱਤੇ ਨੌਜਵਾਨੀ ਵਲੋਂ ਆਰੰਭੀ ਨਸ਼ਿਆਂ ਵਿਰੁੱਧ ਜੰਗ ਅਤੇ ਅਨੰਦਪੁਰ ਵਾਪਸੀ ਲਹਿਰ ਦੇ ਪਹਿਲੇ ਸ਼ਹੀਦ ਵਜੋਂ ਯਾਦ ਕੀਤੇ ਜਾਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਕਾਰੋਬਾਰ ਵਿਰੁੱਧ ਲੜਾਈ ਨੂੰ ਸਿਰਫ਼ ਕਿਸੇ ਇਕ ਧਿਰ ਜਾਂ ਜਥੇਬੰਦੀ ਦਾ ਮਸਲਾ ਨਾ ਸਮਝਿਆ ਜਾਵੇ, ਸਗੋਂ ਇਸ ਨੂੰ ਪੰਜਾਬ ਦੀ ਹੋਂਦ, ਨੌਜਵਾਨੀ ਦੇ ਭਵਿੱਖ ਅਤੇ ਸਮਾਜ ਦੀ ਸੁਰੱਖਿਆ ਨਾਲ ਜੁੜਿਆ ਗੰਭੀਰ ਮੁੱਦਾ ਮੰਨਿਆ ਜਾਵੇ। ਉਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਲੋਕਾਂ ਨੂੰ ਲਾਮਬੰਦ ਕਰਦਿਆਂ ਨਸ਼ਿਆਂ ਦੇ ਕਾਰੋਬਾਰੀਆਂ ਵਿਰੁੱਧ ਆਵਾਜ਼ ਉਠਾਉਣ ਅਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਇਸ ਮਕਸਦ ਦੀ ਪ੍ਰਾਪਤੀ ਲਈ ਸਮਾਜ ਦੇ ਹਰ ਵਰਗ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਅਤੇ ਵਰਕਰਾਂ ਤੋਂ ਇਲਾਵਾ ਆਮ ਨੌਜਵਾਨ ਵੀ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।