ਡੀਬੀਯੂ ਅਤੇ ਸੀਏਆਰਆਈ ਪਟਿਆਲਾ ਨੇ ਆਯੁਰਵੇਦ ਖੋਜ ਨੂੰ ਉਤਸ਼ਾਹਿਤ ਕਰਨ ਲਈ ਮਿਲਾਇਆ ਹੱਥ

ਚੰਡੀਗੜ੍ਹ ਪੰਜਾਬ

ਸੰਯੁਕਤ ਖੋਜ, ਪੀਐਚਡੀ ਸਹਿਯੋਗ ਅਤੇ ਵਿਦਿਆਰਥੀ ਸਿਖਲਾਈ ਨੂੰ ਹੁਲਾਰਾ ਦੇਵੇਗਾ ਇਹ ਸਮਝੌਤਾ ਪੱਤਰ

ਮੰਡੀ ਗੋਬਿੰਦਗੜ੍ਹ, 15 ਅਕਤੂਬਰ ,ਬੋਲੇ ਪੰਜਾਬ ਬਿਊਰੋ:

ਦੇਸ਼ ਭਗਤ ਯੂਨੀਵਰਸਿਟੀ ਨੇ ਆਯੁਰਵੇਦ ਅਤੇ ਇਸ ਨਾਲ ਸਬੰਧਤ ਖੇਤਰਾਂ ਵਿੱਚ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ, ਵਿਗਿਆਨਕ ਖੋਜ ਨੂੰ ਉਤਸ਼ਾਹਿਤ ਕਰਨ ਅਤੇ ਪੇਸ਼ੇਵਰ ਸਿਖਲਾਈ ਦੇ ਮੌਕਿਆਂ ਦਾ ਵਿਸਤਾਰ ਕਰਨ ਲਈ ਕੇਂਦਰੀ ਆਯੁਰਵੇਦ ਖੋਜ ਸੰਸਥਾਨ (CARI), ਪਟਿਆਲਾ ਨਾਲ ਇੱਕ ਸਮਝੌਤਾ/ਇਕਰਾਰ ਪੱਤਰ ‘ਤੇ ਦਸਤਖਤ ਕੀਤੇ ਹਨ। ਇਸ ਸਹਿਮਤੀ ਪੱਤਰ ‘ਤੇ ਸੀਏਆਰਆਈ, ਪਟਿਆਲਾ ਵਿੱਚ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ-ਚਾਂਸਲਰ ਡਾ. ਹਰਸ਼ ਸਦਾਵਰਤੀ ਦੀ ਯੋਗ ਅਗਵਾਈ ਹੇਠ ਦਸਤਖਤ ਕੀਤੇ ਗਏ। ਇਹ ਉਪਰਾਲਾ ਅਕਾਦਮਿਕ ਉੱਤਮਤਾ, ਖੋਜ ਦੇ ਵਿਕਾਸ ਅਤੇ ਪ੍ਰਮੁੱਖ ਖੋਜ ਸੰਸਥਾਵਾਂ ਨਾਲ ਸਾਰਥਕ ਸਹਿਯੋਗ ਪ੍ਰਤੀ ਡੀਬੀਯੂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਦਸਤਖਤ ਸਮਾਰੋਹ ਵਿੱਚ ਸੀਏਆਰਆਈ ਦੇ ਡਾਇਰੈਕਟਰ ਡਾ. ਸੰਜੀਵ ਕੁਮਾਰ, ਦੇਸ਼ ਭਗਤ ਯੂਨੀਵਰਸਿਟੀ ਦੇ ਕੈਂਪਸ ਡਾਇਰੈਕਟਰ ਡਾ. ਕੁਲਭੂਸ਼ਨ, ਰਜਿਸਟਰਾਰ ਡਾ. ਦਿਨੇਸ਼ ਕੁਮਾਰ ਅਤੇ ਪ੍ਰਿੰਸੀਪਲ ਡਾ. ਹੇਮ ਰਾਜ ਸ਼ਾਮਲ ਹੋਏ। ਇਸ ਮੌਕੇ ਖੋਜ ਅਫ਼ਸਰ ਡਾ. ਮਹੇਸ਼, ਡਾ. ਸੰਦੀਪ ਬੇਹਤੀ ਅਤੇ ਡਾ. ਰਿੰਕੂ ਤੋਮਰ ਵੀ ਹਾਜ਼ਰ ਸਨ।

ਇਹ ਸਮਝੌਤਾ ਪੱਤਰ ਸਹਿਯੋਗੀ ਅਕਾਦਮਿਕ ਅਤੇ ਖੋਜ ਗਤੀਵਿਧੀਆਂ ਦੇ ਇੱਕ ਵਿਸ਼ਾਲ ਦਾਇਰੇ ਲਈ ਇੱਕ ਰੂਪ-ਰੇਖਾ ਪ੍ਰਦਾਨ ਕਰਦਾ ਹੈ, ਜਿਸ ਵਿੱਚ ਸੰਯੁਕਤ ਖੋਜ ਉਪਰਾਲੇ ਅਤੇ ਪ੍ਰੋਜੈਕਟ, ਪੀਐਚਡੀ ਸੁਪਰਵਾਈਜ਼ਰਾਂ ਅਤੇ ਸਹਿ-ਸੁਪਰਵਾਈਜ਼ਰਾਂ ਦਾ ਆਦਾਨ-ਪ੍ਰਦਾਨ, ਵਿਦਿਆਰਥੀ ਸਿਖਲਾਈ ਪ੍ਰੋਗਰਾਮ, ਅਤੇ ਅਕਾਦਮਿਕ ਤੇ ਖੋਜ ਉਦੇਸ਼ਾਂ ਲਈ ਪ੍ਰੀਖਿਅਕਾਂ ਦਾ ਆਦਾਨ-ਪ੍ਰਦਾਨ ਸ਼ਾਮਲ ਹੈ। ਇਸ ਭਾਈਵਾਲੀ ਨਾਲ ਗਿਆਨ ਅਤੇ ਮੁਹਾਰਤ ਦੇ ਆਦਾਨ-ਪ੍ਰਦਾਨ ਨੂੰ ਸੁਖਾਲਾ ਬਣਾਉਣ, ਖੋਜ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਅਧਿਆਪਕਾਂ (ਫੈਕਲਟੀ) ਤੇ ਵਿਦਿਆਰਥੀਆਂ ਲਈ ਨਵੇਂ ਮੌਕੇ ਪੈਦਾ ਹੋਣ ਦੀ ਉਮੀਦ ਹੈ। ਇਹ ਆਯੁਰਵੇਦ ਸਿੱਖਿਆ, ਖੋਜ ਅਤੇ ਪੇਸ਼ੇਵਰ ਵਿਕਾਸ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਸਾਂਝੇ ਵਿਗਿਆਨਕ ਯਤਨਾਂ ਨੂੰ ਵੀ ਉਤਸ਼ਾਹਿਤ ਕਰੇਗਾ।
ਇਹ ਸਹਿਯੋਗ ਦੇਸ਼ ਭਗਤ ਯੂਨੀਵਰਸਿਟੀ ਅਤੇ ਸੀਏਆਰਆਈ, ਪਟਿਆਲਾ ਵਿਚਕਾਰ ਮਜ਼ਬੂਤ ਸੰਸਥਾਗਤ ਸਬੰਧ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਭਾਈਵਾਲੀ ਰਾਹੀਂ, ਦੋਵਾਂ ਸੰਸਥਾਵਾਂ ਦਾ ਉਦੇਸ਼ ਮਿਆਰੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ, ਵਿਗਿਆਨਕ ਖੋਜ ਨੂੰ ਉਤਸ਼ਾਹਿਤ ਕਰਨਾ ਅਤੇ ਆਯੁਰਵੇਦ ਦੇ ਹੋਰ ਵਿਕਾਸ ਵਿੱਚ ਯੋਗਦਾਨ ਪਾਉਣਾ ਹੈ। ਦੇਸ਼ ਭਗਤ ਯੂਨੀਵਰਸਿਟੀ ਵਿਦਿਅਕ ਮਿਆਰਾਂ ਨੂੰ ਉੱਚਾ ਚੁੱਕਣ, ਨਵੀਨਤਾ (ਇਨੋਵੇਸ਼ਨ) ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਤੇ ਖੋਜਾਰਥੀਆਂ ਨੂੰ ਸਿੱਖਣ, ਖੋਜ ਅਤੇ ਪੇਸ਼ੇਵਰ ਵਿਕਾਸ ਦੇ ਵਿਸ਼ਾਲ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਨਾਮਵਰ ਸੰਸਥਾਵਾਂ ਨਾਲ ਰਣਨੀਤਕ ਭਾਈਵਾਲੀ ਰਾਹੀਂ ਆਪਣੇ ਅਕਾਦਮਿਕ ਅਤੇ ਖੋਜ ਨੈੱਟਵਰਕ ਨੂੰ ਮਜ਼ਬੂਤ ਕਰਨਾ ਜਾਰੀ ਰੱਖ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।