ਬਲਾਕ ਪੱਧਰੀ ਵਿਗਿਆਨ ਨਾਟਕ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਬਠੋਣੀਆ ਨੇ ਪਹਿਲਾ ਸਥਾਨ ਹਾਸਲ ਕੀਤਾ

ਚੰਡੀਗੜ੍ਹ ਪੰਜਾਬ

ਅਧਿਆਪਕ ਰੌਚਕ ਢੰਗ ਨਾਲ ਵਿਦਿਆਰਥੀਆਂ ਨੂੰ ਵਿਗਿਆਨ ਵਿਸ਼ੇ ਨਾਲ ਜੋੜ ਰਹੇ ਹਨ: ਵਿਜੇ ਮੈਨਰੋ

ਰਾਜਪੁਰਾ, 16 ਅਕਤੂਬਰ ,ਬੋਲੇ ਪੰਜਾਬ ਬਿਊਰੋ;

ਸੁਤੰਤਰਤਾ ਸੰਗਰਾਮੀ ਅਮੀਰ ਸਿੰਘ ਸਰਕਾਰੀ ਹਾਈ ਸਕੂਲ ਵਿਖੇ ਕਰਵਾਏ ਗਏ ਬਲਾਕ ਪੱਧਰੀ ਵਿਗਿਆਨ ਨਾਟਕ ਮੁਕਾਬਲੇ ਵਿੱਚ ਬਲਾਕ ਰਾਜਪੁਰਾ-2 ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਆਪਣੇ ਨਾਟਕਾਂ ਰਾਹੀਂ ਵਿਗਿਆਨਕ ਜਾਣਕਾਰੀ, ਰਚਨਾਤਮਕ ਸੋਚ ਅਤੇ ਅਦਾਕਾਰੀ ਦੇ ਸ਼ਾਨਦਾਰ ਜੌਹਰ ਦਿਖਾਏ।

ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਬਠੋਣੀਆ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸਰਕਾਰੀ ਹਾਈ ਸਕੂਲ ਢਕਾਂਨਸੂ ਕਲਾਂ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਸੈਦਖੇੜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਨਾਮ ਜ਼ਿਲ੍ਹਾ ਸਿੱਖਿਆ ਇੰਚਾਰਜ ਪਟਿਆਲਾ ਅਤੇ ਹਲਕਾ ਐਮ.ਐਲ.ਏ ਕੋਆਰਡੀਨੇਟਰ ਵਿਜੇ ਮੈਨਰੋ ਵੱਲੋਂ ਵੰਡੇ ਗਏ।

ਇਸ ਮੌਕੇ ਸ੍ਰੀ ਵਿਜੇ ਮੈਨਰੋ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਨੂੰ ਰੌਚਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਵਿਗਿਆਨ ਵਿਸ਼ੇ ਨਾਲ ਜੋੜ ਰਹੇ ਹਨ। ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਕਲਪਨਾਸ਼ੀਲਤਾ, ਆਤਮ-ਵਿਸ਼ਵਾਸ ਅਤੇ ਪੇਸ਼ਕਾਰੀ ਦੇ ਹੁਨਰਾਂ ਨੂੰ ਵੀ ਨਿਖਾਰਦੇ ਹਨ। ਉਨ੍ਹਾਂ ਕਿਹਾ ਕਿ ਨਾਟਕ ਇੱਕ ਅਜਿਹਾ ਪ੍ਰਭਾਵਸ਼ਾਲੀ ਮਾਧਿਅਮ ਹੈ, ਜਿਸ ਰਾਹੀਂ ਗੁੰਝਲਦਾਰ ਵਿਗਿਆਨਕ ਧਾਰਨਾਵਾਂ ਨੂੰ ਵੀ ਸਰਲ ਅਤੇ ਦਿਲਚਸਪ ਢੰਗ ਨਾਲ ਸਮਝਾਇਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਵੱਲੋਂ ਇਹਨਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਵਿਕਸਿਤ ਕਰਨਾ, ਵਿਗਿਆਨ ਪ੍ਰਤੀ ਉਤਸੁਕਤਾ ਵਧਾਉਣਾ ਅਤੇ ਵਿਹਾਰਕ ਤੇ ਰਚਨਾਤਮਕ ਗਤੀਵਿਧੀਆਂ ਰਾਹੀਂ ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ।

ਇਸ ਮੌਕੇ ਸਕੂਲ ਹੈੱਡ ਮਿਸਟ੍ਰੈਸ ਵੀਨਾ ਅਰੋੜਾ, ਏ.ਬੀ.ਐੱਨ.ਓ. ਕਮਲਦੀਪ ਸਿੰਘ ਧੀਰ, ਬੀ.ਆਰ.ਸੀ. ਅਨੁਪਮ, ਜਾਗਰ ਸਿੰਘ, ਸੁਸ਼ਮਾ ਰਾਣੀ, ਰਾਜਦੀਪ ਕੌਰ ਅਤੇ ਵੱਖ-ਵੱਖ ਸਕੂਲਾਂ ਦੇ ਵਿਗਿਆਨ ਅਧਿਆਪਕ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।