ਨਵੀਂ ਦਿੱਲੀ, 17 ਅਕਤੂਬਰ ,ਬੋਲੇ ਪੰਜਾਬ ਬਿਉਰੋ(ਮਨਪ੍ਰੀਤ ਸਿੰਘ ਖ਼ਾਲਸਾ)—
ਪੰਜਾਬ ਵਿੱਚ ਨਸ਼ਿਆਂ ਦੇ ਖ਼ਿਲਾਫ਼ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਰਮਿਆਨ ਸਪਲਾਈ ਚੇਨ ਦੀਆਂ ਉੱਪਰਲੀਆਂ ਕੜੀਆਂ ਨੂੰ ਲੈ ਕੇ ਸਿੱਖ ਚਿੰਤਕ ਭਾਈ ਰਤਿੰਦਰ ਸਿੰਘ ਇੰਦੌਰ ਨੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਵਾਕਈ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗੰਭੀਰ ਹੈ ਤਾਂ ਕਾਰਵਾਈ ਸਿਰਫ਼ ਗਲੀ-ਮੁਹੱਲਿਆਂ ਵਿੱਚ ਨਸ਼ਾ ਵੇਚਣ ਵਾਲੇ ਛੋਟੇ ਪੈਡਲਰਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਭਾਈ ਰਤਿੰਦਰ ਸਿੰਘ ਇੰਦੌਰ ਅਨੁਸਾਰ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਦਵਾਈਆਂ ਅਤੇ ਗੋਲੀਆਂ ਆਖ਼ਿਰ ਕਿਸ ਸਪਲਾਈ ਨੈੱਟਵਰਕ ਰਾਹੀਂ ਬਾਜ਼ਾਰ ਤੱਕ ਪਹੁੰਚ ਰਹੀਆਂ ਹਨ, ਇਸ ਦੀ ਡੂੰਘਾਈ ਨਾਲ ਜਾਂਚ ਕਰਨਾ ਸਰਕਾਰ ਅਤੇ ਜਾਂਚ ਏਜੰਸੀਆਂ ਦੀ ਮੁੱਖ ਤਰਜੀਹ ਹੋਣੀ ਚਾਹੀਦੀ ਹੈ। ਭਾਈ ਰਤਿੰਦਰ ਸਿੰਘ ਇੰਦੌਰ ਨੇ ਕਿਹਾ ਕਿ ਨਸ਼ੇ ਦੀ ਸਪਲਾਈ ਨੂੰ ਰੋਕਣ ਲਈ ਟਰਾਂਸਪੋਰਟ ਅਤੇ ਲੌਜਿਸਟਿਕਸ ਨੈੱਟਵਰਕ ਦੀ ਕਾਨੂੰਨ ਅਨੁਸਾਰ ਸਖ਼ਤ ਨਿਗਰਾਨੀ ਜ਼ਰੂਰੀ ਹੈ। ਵੱਡੀ ਮਾਤਰਾ ਵਿੱਚ ਆਉਣ-ਜਾਣ ਵਾਲੇ ਮਾਲ ਦੇ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਦੀ ਪਛਾਣ, ਲੋੜੀਂਦੇ ਦਸਤਾਵੇਜ਼ ਅਤੇ ਕਸਟਡੀ ਰਿਕਾਰਡ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਮੈਡੀਕਲ ਸਟੋਰ ਜਾਂ ਡਿਸਟ੍ਰੀਬਿਊਟਰ ਵੱਲੋਂ ਗੈਰ-ਕਾਨੂੰਨੀ ਦਵਾਈਆਂ ਦੀ ਵਿਕਰੀ ਜਾਂ ਵੰਡ ਸਾਬਤ ਹੁੰਦੀ ਹੈ ਤਾਂ ਸਬੰਧਤ ਕਾਨੂੰਨਾਂ ਤਹਿਤ ਸਖ਼ਤ ਕਾਰਵਾਈ ਹੋਵੇ। ਪਰ ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਜੇ ਕਿਸੇ ਦੁਕਾਨ ਤੋਂ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਜਾਂ ਕੈਪਸੂਲ ਮਿਲਦੇ ਹਨ ਤਾਂ ਉਨ੍ਹਾਂ ਦੀ ਸਪਲਾਈ ਕਰਨ ਵਾਲਾ ਥੋਕ ਨੈੱਟਵਰਕ ਕਿੱਥੇ ਹੈ ਅਤੇ ਉਸ ਤੱਕ ਜਾਂਚ ਕਿਉਂ ਨਹੀਂ ਪਹੁੰਚਦੀ? ਸਿੱਖ ਚਿੰਤਕ ਭਾਈ ਰਤਿੰਦਰ ਸਿੰਘ ਇੰਦੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਸ਼ੇ ਵਿਰੁੱਧ ਕਾਰਵਾਈ ਨੂੰ ਸਿਰਫ਼ ਅੰਕੜਿਆਂ ਅਤੇ ਛੋਟੀਆਂ ਗ੍ਰਿਫ਼ਤਾਰੀਆਂ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਕਾਨੂੰਨੀ ਪ੍ਰਕਿਰਿਆ ਅਨੁਸਾਰ ਪੂਰੀ ਸਪਲਾਈ ਚੇਨ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵੱਡੇ ਵੇਅਰਹਾਊਸਾਂ, ਡਿਸਟ੍ਰੀਬਿਊਸ਼ਨ ਕੇਂਦਰਾਂ, ਸ਼ੱਕੀ ਥੋਕ ਸਪਲਾਇਰਾਂ ਅਤੇ ਵਿੱਤੀ ਲੈਣ-ਦੇਣ ਦੀ ਜਾਂਚ ਰਾਹੀਂ ਹੀ ਇਹ ਪਤਾ ਲੱਗ ਸਕਦਾ ਹੈ ਕਿ ਨਸ਼ੇ ਦੀਆਂ ਵੱਡੀਆਂ ਖੇਪਾਂ ਦੇ ਪਿੱਛੇ ਕਿਹੜਾ ਨੈੱਟਵਰਕ ਕੰਮ ਕਰ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਜੇ ਨਸ਼ੇ ਦੀ ਸਪਲਾਈ ਚੇਨ ਤੋੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਫਿਰ ਵੱਡੇ ਸਪਲਾਈ ਹੱਬਾਂ ਤੱਕ ਕਾਰਵਾਈ ਕਦੋਂ ਪਹੁੰਚੇਗੀ? ਪੰਜਾਬ ਦੇ ਲੋਕਾਂ ਨੂੰ ਹੁਣ ਸਿਰਫ਼ ਦਾਅਵੇ ਨਹੀਂ, ਸਗੋਂ ਨਸ਼ੇ ਦੀਆਂ ਜੜ੍ਹਾਂ ਤੱਕ ਪਹੁੰਚਣ ਵਾਲੀ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਕਾਰਵਾਈ ਚਾਹੀਦੀ ਹੈ।











