ਚੰਡੀਗੜ੍ਹ, 18 ਅਕਤੂਬਰ ,ਬੋਲੇ ਪੰਜਾਬ ਬਿਊਰੋ:
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀਆਂ 25 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਜਨਵਾਦੀ ਲੇਖਕਾਂ ਦੇ ਸਰਬ-ਸਾਂਝੇ ਉਮੀਦਵਾਰਾਂ ਦੇ ‘ਦੁਸਾਂਝ-ਕੁਹਾੜ’ ਪੈਨਲ ਨੂੰ ਜਿਤਾਉਣ ਦੀ ਪੰਜਾਬੀ ਸਾਹਿਤ ਅਤੇ ਬੌਧਿਕ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਅਪੀਲ ਕੀਤੀ ਹੈ।
ਅਪੀਲ ਕਰਤਾਵਾਂ ਨੇ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਸਿਰਫ਼ ਇੱਕ ਜਥੇਬੰਦੀ ਨਹੀਂ, ਸਗੋਂ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਲੇਖਕਾਂ ਦੇ ਜਮਹੂਰੀ ਹੱਕਾਂ ਦੀ ਸਾਂਝੀ ਆਵਾਜ਼ ਹੈ। ਅੱਜ ਲੋੜ ਹੈ ਕਿ ਸਭਾ ਨੂੰ ਹੋਰ ਸਰਗਰਮ, ਜਵਾਬਦੇਹ ਅਤੇ ਸਮੇਂ ਦੀਆਂ ਚੁਣੌਤੀਆਂ ਨਾਲ਼ ਜੂਝਣ ਦੇ ਸਮਰੱਥ ਬਣਾਇਆ ਜਾਵੇ। ਪੰਜਾਬੀ ਨੂੰ ਸਿੱਖਿਆ, ਪ੍ਰਸ਼ਾਸਨ, ਅਦਾਲਤਾਂ, ਵਿਗਿਆਨ, ਤਕਨਾਲੋਜੀ ਅਤੇ ਰੁਜ਼ਗਾਰ ਦੀ ਭਾਸ਼ਾ ਬਣਾਉਣ ਲਈ ਸੰਘਰਸ਼ ਤੇਜ਼ ਕਰਨਾ, ਲਿਖਣ-ਬੋਲਣ ਦੀ ਆਜ਼ਾਦੀ ਅਤੇ ਜਮਹੂਰੀ ਹੱਕਾਂ ਦੀ ਰਾਖੀ ਕਰਨੀ, ਨਵੀਂ ਪੀੜ੍ਹੀ ਦੇ ਲੇਖਕਾਂ ਨੂੰ ਨਾਲ਼ ਜੋੜਨਾ ਅਤੇ ਪੰਜਾਬੀ ਨੂੰ ਡਿਜ਼ੀਟਲ ਦੁਨੀਆ ਤੇ ਨਕਲੀ ਬੁੱਧੀ ਦੇ ਦੌਰ ਨਾਲ਼ ਜੋੜਨਾ ਸਮੇਂ ਦੀਆਂ ਅਹਿਮ ਲੋੜਾਂ ਹਨ।
ਉਨ੍ਹਾਂ ਕਿਹਾ ਕਿ ਕਿਸਾਨੀ, ਪਾਣੀ, ਵਾਤਾਵਰਨ, ਪਰਵਾਸ, ਬੇਰੁਜ਼ਗਾਰੀ ਅਤੇ ਨੌਜਵਾਨਾਂ ਦੇ ਭਵਿੱਖ ਵਰਗੇ ਸਵਾਲਾਂ ਨਾਲ਼ ਪੰਜਾਬੀ ਸਾਹਿਤ ਦਾ ਗਹਿਰਾ ਰਿਸ਼ਤਾ ਹੈ। ਸਭਾ ਨੂੰ ਇਨ੍ਹਾਂ ਮੁੱਦਿਆਂ ਉੱਤੇ ਲੇਖਕ ਭਾਈਚਾਰੇ ਦੀ ਸਾਂਝੀ ਆਵਾਜ਼ ਬਣਨਾ ਚਾਹੀਦਾ ਹੈ। ਇਸ ਲਈ ਅਜਿਹੀ ਟੀਮ ਦੀ ਚੋਣ ਜ਼ਰੂਰੀ ਹੈ, ਜੋ ਸਾਹਿਤਕ ਸਰੋਕਾਰਾਂ ਦੇ ਨਾਲ਼ ਜਥੇਬੰਦਕ ਪਾਰਦਰਸ਼ਤਾ, ਸਰਗਰਮੀ ਅਤੇ ਜਵਾਬਦੇਹੀ ਨੂੰ ਵੀ ਤਰਜੀਹ ਦੇਵੇ। ਅਪੀਲ ਕਰਤਾਵਾਂ ਨੇ ਮੈਂਬਰਾਂ ਨੂੰ 25 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ‘ਦੁਸਾਂਝ-ਕੁਹਾੜ’ ਪੈਨਲ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ, ਤਾਂ ਜੋ ਸਭਾ ਨੂੰ ਹੋਰ ਮਜ਼ਬੂਤ ਕਰਦਿਆਂ ਪੰਜਾਬੀ ਭਾਸ਼ਾ, ਸਾਹਿਤ ਅਤੇ ਲੇਖਕਾਂ ਦੇ ਹੱਕਾਂ ਲਈ ਸਾਂਝਾ ਸੰਘਰਸ਼ ਅੱਗੇ ਵਧਾਇਆ ਜਾ ਸਕੇ। ਉਨ੍ਹਾਂ ਮੈਂਬਰਾਂ ਨੂੰ ਆਪਣੀ ਵੋਟਰ ਸੂਚੀ ਵਿੱਚ ਦਰਜ ਵੋਟਰ ਨੰਬਰ ਦੀ ਪੁਸ਼ਟੀ ਕਰਨ ਅਤੇ ਲੋੜੀਂਦਾ ਪਛਾਣ-ਪੱਤਰ ਨਾਲ਼ ਲਿਆਉਣ ਦੀ ਵੀ ਅਪੀਲ ਕੀਤੀ।
‘ਦੁਸਾਂਝ-ਕੁਹਾੜ’ ਪੈਨਲ ਵੱਲੋਂ ਪ੍ਰਧਾਨ ਲਈ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਲਈ ਡਾ. ਸ਼ਿੰਦਰਪਾਲ ਸਿੰਘ ਅਤੇ ਜਨਰਲ ਸਕੱਤਰ ਲਈ ਮੱਖਣ ਸਿੰਘ ਕੁਹਾੜ ਉਮੀਦਵਾਰ ਹਨ। ਮੀਤ ਪ੍ਰਧਾਨ ਦੇ ਅਹੁਦਿਆਂ ਲਈ ਗੁਰਮੀਤ ਸਿੰਘ ਬਾਜਵਾ, ਜੈਨਿੰਦਰ ਚੌਹਾਨ, ਦੀਪ ਦਵਿੰਦਰ ਸਿੰਘ, ਸੁਰਿੰਦਰ ਗਿੱਲ ਜੈਪਾਲ ਅਤੇ ਸੁਰਿੰਦਰਪ੍ਰੀਤ ਘਣੀਆ, ਜਦਕਿ ਸਕੱਤਰ ਦੇ ਅਹੁਦਿਆਂ ਲਈ ਸ਼ੇਲਿੰਦਰਜੀਤ ਸਿੰਘ ਰਾਜਨ, ਸੁਰਿੰਦਰਜੀਤ ਸਿੰਘ ਚੌਹਾਨ ਅਤੇ ਯਤਿੰਦਰ ਕੌਰ ਮਾਹਲ ਚੋਣ ਮੈਦਾਨ ਵਿੱਚ ਹਨ।
ਇਸ ਪੈਨਲ ਦੀ ਹਮਾਇਤ ਵਿੱਚ ਅਪੀਲ ਕਰਨ ਵਾਲਿਆਂ ਵਿੱਚ ਡਾ. ਦੀਪਕ ਮਨਮੋਹਨ ਸਿੰਘ, ਬਲਦੇਵ ਸਿੰਘ ਸੜਕਨਾਮਾ, ਡਾ. ਸੁਰਜੀਤ ਬਰਾੜ, ਡਾ. ਕਰਮਜੀਤ ਸਿੰਘ, ਸੁਲੱਖਣ ਸਰਹੱਦੀ, ਐੱਸ. ਨਸੀਮ, ਡਾ. ਕੁਲਦੀਪ ਪੁਰੀ, ਡਾ. ਬਰਜਿੰਦਰ ਚੌਹਾਨ, ਬਲਵਿੰਦਰ ਸੰਧੂ, ਜਸਬੀਰ ਸਿੰਘ ਧੀਮਾਨ, ਗੁਰਮੀਤ ਪਲਾਹੀ, ਡਾ. ਕੰਵਰ ਜਸਮਿੰਦਰਪਾਲ ਸਿੰਘ, ਡਾ. ਉਮਿੰਦਰ ਜੌਹਲ, ਡਾ. ਗੋਪਾਲ ਬੁੱਟਰ, ਰਘਬੀਰ ਕੌਰ ਸੁਹੇਲ, ਪਰਮਜੀਤ ਸਿੰਘ ਕਲਸੀ ਬਟਾਲਾ, ਡਾ. ਬਲਜੀਤ ਕੌਰ ਰਿਆੜ, ਡਾ. ਇਕਬਾਲ ਸਿੰਘ ਗੁਦਾਰਾ ਅਬੋਹਰ, ਪ੍ਰੋ. ਸੁਖਚਰਨ ਸਿੰਘ ਸਿੱਧੂ ਜੀਰਾ, ਪਰਮਿੰਦਰ ਗਿੱਲ ਐਡਵੋਕੇਟ, ਡਾ. ਲੇਖਰਾਜ, ਡਾ. ਸਵੈਰਾਜ ਸੰਧੂ, ਸੁਰਿੰਦਰ ਖੀਵਾ, ਸੁਖਦਰਸ਼ਨ ਨੱਤ, ਡਾ. ਹਰਪ੍ਰੀਤ ਹੁੰਦਲ, ਪ੍ਰੋ. ਜੈਪਾਲ, ਮਨਜਿੰਦਰ ਧਨੋਆ, ਤਰਲੋਚਨ ਲੋਚੀ, ਪਰਮਜੀਤ ਕੌਰ ਸਰਹਿੰਦ, ਡਾ. ਬਲਦੇਵ ਬੱਧਨ, ਡਾ. ਸਰਬਜੋਤ ਸਿੰਘ, ਡਾ. ਜਸਵੰਤ ਰਾਏ, ਡਾ. ਮਨਜਿੰਦਰ ਸਿੰਘ, ਆਸਾ ਸਿੰਘ ਘੁੰਮਣ, ਪੰਮੀ ਦਵੇਦੀ, ਹਰਪਾਲ ਨਾਗਰਾ ਫ਼ਤਹਿਗੜ੍ਹ ਚੂੜੀਆਂ, ਸਰਦਾਰਾ ਸਿੰਘ ਚੀਮਾ, ਹਜ਼ਾਰਾ ਸਿੰਘ ਚੀਮਾ, ਤਰਲੋਚਨ ਤਰਨਤਾਰਨ, ਡਾ. ਰਜਵਿੰਦਰ ਕੌਰ ਨਾਗਰਾ, ਜਸਵਿੰਦਰ, ਦਲਜੀਤ ਸਿੰਘ ਸ਼ਾਹੀ, ਗੁਰਸੇਵਕ ਸਿੰਘ ਭੈਣੀ ਸਾਹਿਬ, ਸੁਰਿੰਦਰ ਰਾਮਪੁਰੀ, ਗੁਰਪ੍ਰੀਤ ਸਿੰਘ ਰੰਗੀਲਪੁਰ, ਗਗਨਦੀਪ ਸ਼ਰਮਾ, ਹਰਦਮ ਮਾਨ ਅਤੇ ਰਣਜੀਤ ਸਿੰਘ ਧੂਰੀ ਸ਼ਾਮਲ ਹਨ।












