‘‘ਨਿਊਯਾਰਕ ’ਚ ਗੂੰਜਿਆ ਝੋਟਾ’ ਦੀ ਸ਼ਹਾਦਤ ’ਤੇ ਪੰਜਾਬ ਦਾ ਦਰਦ, ਨਸ਼ਿਆਂ ਵਿਰੁੱਧ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ

ਨੈਸ਼ਨਲ ਪੰਜਾਬ

ਨਵੀਂ ਦਿੱਲੀ 18 ਅਕਤੂਬਰ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):

ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕੇ ਜਾਣ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਆਪਣੀ ਜਾਨ ਗਵਾਉਣ ਵਾਲੇ ਭਾਈ ਪਰਵਿੰਦਰ ਸਿੰਘ ਖਾਲਸਾ ‘ਝੋਟਾ’ ਦੀ ਯਾਦ ਵਿੱਚ ਨਿਊਯਾਰਕ ਦੇ ਰਿਚਮੰਡ ਹਿੱਲ ਵਿਖੇ ਕੈਂਡਲ ਲਾਈਟ ਵਿਜਿਲ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਰਦਾਰ ਹਿੰਮਤ ਸਿੰਘ ਵਲੋਂ ਭੇਜੀ ਰਿਪੋਰਟ ਮੁਤਾਬਿਕ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਸਿੱਖ ਕੌਂਸਲ ਆਫ਼ ਨਿਊਯਾਰਕ ਵੱਲੋਂ ਕਰਵਾਏ ਸਮਾਗਮ ਵਿੱਚ ਵੱਡੀ ਗਿਣਤੀ ਸੰਗਤਾਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕਰਕੇ ਪਰਵਿੰਦਰ ਸਿੰਘ ਖਾਲਸਾ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਵਿੱਚ ਸ. ਜਤਿੰਦਰ ਸਿੰਘ ਬੋਪਾਰਾਏ, ਸ. ਗੁਰਦੇਵ ਸਿੰਘ ਕੰਗ, ਸ. ਹਰਬੰਸ ਸਿੰਘ ਢਿੱਲੋਂ, ਸ. ਹਿੰਮਤ ਸਿੰਘ, ਸ. ਸੁਰਜੀਤ ਸਿੰਘ ਕੁਲਾਰ, ਸ. ਰਾਜਿੰਦਰ ਸਿੰਘ, ਬੀਬੀ ਰਾਜਵਿੰਦਰ ਕੌਰ (ਡਾ. ਰੋਜ਼), ਬੀਬੀ ਰਮਨਦੀਪ ਕੌਰ, ਸ. ਸੰਦੀਪ ਸਿੰਘ, ਸ. ਬੂਟਾ ਸਿੰਘ ਚੀਮਾ, ਸ. ਅਵਤਾਰ ਸਿੰਘ ਬਰਹਮਾ, ਸ. ਜਿੰਦਰ ਸਿੰਘ, ਸ. ਪਰਵਿੰਦਰ ਸਿੰਘ ਬਿੱਲਾ, ਸ. ਜਪਨੀਤ ਸਿੰਘ, ਸ. ਬਲਵਿੰਦਰ ਸਿੰਘ ਗੁਰਦਾਸਪੁਰ ਅਤੇ ਸ. ਅਮਰ ਸਿੰਘ ਗੁਲਸ਼ਨ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਰਹੇ। ਬੁਲਾਰਿਆਂ ਨੇ ਪੰਜਾਬ ਵਿੱਚ ਨਸ਼ਿਆਂ ਕਾਰਨ ਤਬਾਹ ਹੋ ਰਹੀ ਨੌਜਵਾਨੀ ਲਈ ਸਰਕਾਰਾਂ ਦੀ ਕਾਰਗੁਜ਼ਾਰੀ ’ਤੇ ਤਿੱਖੇ ਸਵਾਲ ਚੁੱਕਦਿਆਂ ਨਸ਼ਿਆਂ ਦੇ ਵੱਡੇ ਤਸਕਰਾਂ, ਉਨ੍ਹਾਂ ਦੇ ਕਥਿਤ ਸਿਆਸੀ ਸਰਪ੍ਰਸਤਾਂ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਹਿੰਮਤ ਸਿੰਘ ਸਮੇਤ ਹਾਜ਼ਰੀਨ ਬੁਲਾਰਿਆਂ ਨੇ ਸਪੱਸ਼ਟ ਕਿਹਾ ਕਿ ਪਰਵਿੰਦਰ ਸਿੰਘ ਖਾਲਸਾ ਦੀ ਸ਼ਹਾਦਤ ਨੂੰ ਸਿਰਫ਼ ਸ਼ਰਧਾਂਜਲੀ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ, ਸਗੋਂ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਨਸ਼ਾ ਵਿਰੋਧੀ ਸੰਘਰਸ਼ ਨੂੰ ਅੱਗੇ ਲਿਜਾਣਾ ਹੀ ਅਸਲ ਸ਼ਰਧਾਂਜਲੀ ਹੋਵੇਗੀ। ਸ. ਗੁਰਦੇਵ ਸਿੰਘ ਕੰਗ ਨੇ ਪਰਵਿੰਦਰ ਸਿੰਘ ਦੇ ਪਿਤਾ ਸ. ਭੀਮ ਸਿੰਘ ਫੌਜੀ ਦੇ ਹੌਸਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ “ਮੇਰਾ ਪੁੱਤ ਦੂਜਿਆਂ ਦੇ ਪੁੱਤਾਂ ਨੂੰ ਬਚਾਉਂਦਾ ਹੋਇਆ ਸ਼ਹੀਦੀ ਪਾ ਗਿਆ।” ਸ. ਹਿੰਮਤ ਸਿੰਘ ਨੇ ਪਿਛਲੀਆਂ ਅਤੇ ਮੌਜੂਦਾ ਸਰਕਾਰਾਂ ’ਤੇ ਨਸ਼ਿਆਂ ਨੂੰ ਰੋਕਣ ਵਿੱਚ ਨਾਕਾਮ ਰਹਿਣ ਦੇ ਦੋਸ਼ ਲਾਉਂਦਿਆਂ ਪੰਜਾਬ ਦੀ ਆਜ਼ਾਦੀ ਅਤੇ ਖਾਲਿਸਤਾਨ ਦੀ ਪ੍ਰਾਪਤੀ ਨੂੰ ਹੱਲ ਵਜੋਂ ਪੇਸ਼ ਕੀਤਾ। ਇਸ ਦੇ ਨਾਲ ਹੀ ਬੁਲਾਰਿਆਂ ਨੇ ਪਰਵਿੰਦਰ ਸਿੰਘ ਦੇ ਮਾਮਲੇ ਦੀ ਨਿਰਪੱਖ ਜਾਂਚ, ਅਸ਼ਵਨੀ ਕੁਮਾਰ ਨਾਲ ਸਬੰਧਤ ਮਾਮਲੇ ਅਤੇ ਉਸ ਨੂੰ ਹਥਿਆਰਾਂ ਦੇ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਦੀ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ। ਕੈਂਡਲ ਲਾਈਟ ਵਿਜਿਲ ਤੋਂ ਬਾਅਦ ਭਾਈ ਗਗਨਦੀਪ ਸਿੰਘ ਵੱਲੋਂ ਪਰਵਿੰਦਰ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਤੇ ਪੰਜਾਬ ਵਿੱਚ ਨਸ਼ਿਆਂ ਦੇ ਰੂਪ ਵਿੱਚ ਚੱਲ ਰਹੀ ਨਸਲਕੁਸ਼ੀ ਨੂੰ ਖਤਮ ਕਰਨ ਲਈ ਅਰਦਾਸ ਕੀਤੀ ਗਈ। ਸਮਾਗਮ ਦੌਰਾਨ ਨੌਜਵਾਨਾਂ ਨੇ ਜੋਸ਼ ਨਾਲ ‘ਭਾਈ ਪਰਵਿੰਦਰ ਸਿੰਘ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਅਤੇ ਹੋਰ ਨਾਅਰੇ ਬੁਲੰਦ ਕਰਦਿਆਂ ਸੰਘਰਸ਼ ਨੂੰ ਜਾਰੀ ਰੱਖਣ ਦਾ ਅਹਿਦ ਦੁਹਰਾਇਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।