ਬੈਲਜੀਅਮ ’ਚ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਲਈ ਸੰਘਰਸ਼ ਤੇਜ਼, ਬਿੰਦਰ ਸਿੰਘ ਨੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਭੂਮਿਕਾ ’ਤੇ ਚੁੱਕੇ ਸਵਾਲ

ਨੈਸ਼ਨਲ ਪੰਜਾਬ

ਨਵੀਂ ਦਿੱਲੀ 30 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):-

ਯੂਰਪ ਵਿੱਚ ਸਿੱਖਾਂ ਨੂੰ ਦਰਪੇਸ਼ ਧਾਰਮਿਕ ਅਤੇ ਕਾਨੂੰਨੀ ਮੁਸ਼ਕਿਲਾਂ ਦੇ ਮੱਦੇਨਜ਼ਰ ਯੂਰੋਪੀਅਨ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਬੈਲਜੀਅਮ ਵਿੱਚ ਸਿੱਖ ਧਰਮ ਨੂੰ ਅਧਿਕਾਰਤ ਤੌਰ ’ਤੇ ਰਜਿਸਟਰ ਕਰਵਾਉਣ ਦੀ ਮੁਹਿੰਮ ਜਾਰੀ ਹੈ। ਸੰਸਥਾ ਦੇ ਮੁਖੀ ਸਰਦਾਰ ਬਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਨਿਆਂ ਵਿਭਾਗ ਕੋਲ ਸਾਲ 2023 ਵਿੱਚ ਫਾਈਲ ਜਮ੍ਹਾਂ ਕਰਵਾਈ ਗਈ ਸੀ, ਪਰ ਉਨ੍ਹਾਂ ਦੇ ਕਹਿਣ ਅਨੁਸਾਰ ਕੁਝ ਜਥੇਬੰਦੀਆਂ ਵੱਲੋਂ ਕਥਿਤ ਤੌਰ ’ਤੇ ਗਲਤ ਜਾਣਕਾਰੀ ਦੇ ਕੇ ਪ੍ਰਕਿਰਿਆ ਵਿੱਚ ਰੁਕਾਵਟਾਂ ਪਾਈਆਂ ਜਾਂਦੀਆਂ ਰਹੀਆਂ। ਬਿੰਦਰ ਸਿੰਘ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਯੂਰੋਪੀਅਨ ਪਾਰਲੀਮੈਂਟ ਵਿੱਚ ਸਿੱਖ ਮਸਲੇ ’ਤੇ ਗੱਲਬਾਤ ਲਈ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਸੱਦਾ ਸਵੀਕਾਰ ਕਰਨ ਅਤੇ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਆਖਰੀ ਮੌਕੇ ’ਤੇ ਜਥੇਦਾਰ ਵੱਲੋਂ ਓਨ੍ਹਾ ਦੇ ਸਹਾਇਕ ਜਸਪਾਲ ਸਿੰਘ ਰਾਹੀਂ ਆਉਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਨਾਲ ਸੰਸਥਾ ਨੂੰ ਵਿੱਤੀ ਨੁਕਸਾਨ ਹੋਣ ਦੇ ਨਾਲ ਯੂਰੋਪੀਅਨ ਪਾਰਲੀਮੈਂਟ ਵਿੱਚ ਸਿੱਖ ਕੌਮ ਦੇ ਪ੍ਰਤੀਨਿਧ ਵਜੋਂ ਅਸਹਿਜ ਸਥਿਤੀ ਦਾ ਸਾਹਮਣਾ ਕਰਨਾ ਪਿਆ ਜੋ ਕਿ ਪੰਥ ਖਾਲਸਾ ਲਈ ਵਡੀ ਨਮੋਸ਼ੀ ਦਾ ਕਾਰਣ ਬਣ ਗਈ ਸੀ । ਬਿੰਦਰ ਸਿੰਘ ਨੇ ਇਸ ਨੂੰ ਜ਼ਿੰਮੇਵਾਰ ਧਾਰਮਿਕ ਅਹੁਦੇ ਦੀ ਗੰਭੀਰ ਅਣਗਹਿਲੀ ਕਰਾਰ ਦਿੰਦਿਆਂ ਜਥੇਦਾਰ ਸਾਹਿਬ ਅਤੇ ਓਨ੍ਹਾ ਦੇ ਸਹਾਇਕ ਜਸਪਾਲ ਸਿੰਘ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਤੇ ਓਨ੍ਹਾ ਦੇ ਰਵਈਏ ਨੂੰ ਯੂਰੋਪੀਅਨ ਸਿੱਖਾਂ ਦੇ ਮਸਲੇ ਨੂੰ ਹੋਰ ਗੁੰਝਲਦਾਰ ਬਣਾਉਣ ਲਈ ਕਿਹਾ । ਉਨ੍ਹਾਂ ਦੱਸਿਆ ਕਿ ਇਸੇ ਮਾਮਲੇ ਨੂੰ ਲੈ ਕੇ ਬੀਤੇ ਐਤਵਾਰ ਗੁਰਦੁਆਰਾ ਸਿੰਤ ਰੁਦਨ ਵਿਖੇ ਬੈਲਜੀਅਮ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਮੈਂਬਰਾਂ ਅਤੇ ਸੰਗਤਾਂ ਦੀ ਭਰਵੀਂ ਮੀਟਿੰਗ ਹੋਈ, ਜਿਸ ਵਿੱਚ ਵਿਰੋਧੀ ਧਿਰ ਵੱਲੋਂ ਕੋਈ ਨੁਮਾਇੰਦਾ ਹਾਜ਼ਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਕਿਸੇ ਧੜੇ ਦਾ ਨਹੀਂ, ਸਗੋਂ ਯੂਰਪ ਵੱਸਦੇ ਸਿੱਖਾਂ ਦੇ ਧਾਰਮਿਕ ਹੱਕਾਂ ਨਾਲ ਜੁੜਿਆ ਮਾਮਲਾ ਹੈ। ਬਿੰਦਰ ਸਿੰਘ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੈਟਰਪੈਡ ’ਤੇ ਆਪਣੇ ਇਲਾਕੇ ਵਿੱਚ ਵੱਸਦੀ ਸਿੱਖ-ਪੰਜਾਬੀ ਵਸੋਂ ਦੀ ਗਿਣਤੀ ਅਤੇ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਲਈ ਸੰਸਥਾ ਵੱਲੋਂ ਕੀਤੇ ਜਾ ਰਹੇ ਯਤਨਾਂ ਨਾਲ ਸਹਿਮਤੀ ਬਾਰੇ ਨਿਆਂ ਵਿਭਾਗ ਨੂੰ ਲਿਖਤੀ ਤੌਰ ’ਤੇ ਜਾਣੂ ਕਰਵਾਉਣ, ਤਾਂ ਜੋ ਇਸ ਮਹੱਤਵਪੂਰਨ ਪ੍ਰਕਿਰਿਆ ਨੂੰ ਅੰਤਿਮ ਪੜਾਅ ਤੱਕ ਪਹੁੰਚਾਇਆ ਜਾ ਸਕੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।