ਲੁਧਿਆਣਾ 1 ਨਵੰਬਰ ,ਬੋਲੇ ਪੰਜਾਬ ਬਿਊਰੋ;
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਨਵੰਬਰ 1984 ਵਿੱਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਇਆ ਸਿੱਖ ਕਤਲੇਆਮ ਲੋਕਤੰਤਰ ਦੇ ਮੱਥੇ ’ਤੇ ਕਲੰਕ ਹੈ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪੀੜ ਦਾ ਅਹਿਸਾਸ 1984 ਤੋਂ ਬਾਅਦ ਜੰਮੀ ਨਵੀਂ ਪੀੜ੍ਹੀ ਨੂੰ ਕਰਵਾਉਣ ਲਈ ਪਾਰਟੀ ਵੱਲੋਂ 4 ਨਵੰਬਰ ਨੂੰ ਚੰਡੀਗੜ੍ਹ ’ਚ ‘ਜ਼ਖ਼ਮ 84 ਦੇ’ ਨਾਮ ਹੇਠ ਸਮਾਗਮ ਕਰਵਾਇਆ ਜਾਵੇਗਾ। ਸਮਾਗਮ ਦੀ ਸ਼ੁਰੂਆਤ ’ਚ ਵਿਸ਼ੇਸ਼ ਪ੍ਰਦਰਸ਼ਨੀ ਰਾਹੀਂ 1984 ਦੇ ਕਤਲੇਆਮ ਨਾਲ ਸਬੰਧਤ ਤਸਵੀਰਾਂ ਅਤੇ ਘਟਨਾਵਾਂ ਨੂੰ ਨਵੀਂ ਪੀੜ੍ਹੀ ਦੇ ਰੂਬਰੂ ਕੀਤਾ ਜਾਵੇਗਾ।
ਇਸ ਸਮਾਗਮ ਦੇ ਚਾਰ ਵਿਸ਼ੇਸ਼ ਸੈਸ਼ਨ ਹੋਣਗੇ। ਉਨ੍ਹਾਂ ਦੱਸਿਆ ਉਦਘਾਟਨੀ ਸਮਾਗਮ ਦੌਰਾਨ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਮੁੱਖ ਬੁਲਾਰੇ ਹੋਣਗੇ ਅਤੇ 1984 ਦੇ ਕਤਲੇਆਮ ਦੇ ਪੀੜਤ ਆਪਣੀ ਹੱਡਬੀਤੀ ਸਾਂਝੀ ਕਰਨਗੇ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸੈਸ਼ਨਾਂ ਵਿੱਚ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐੱਚ ਐੱਸ ਫੂਲਕਾ, ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਅਤੇ ਭਾਜਪਾ ਦੇ ਕੌਮੀ ਬੁਲਾਰੇ ਆਰ ਪੀ ਸਿੰਘ ਵਿਚਾਰ ਸਾਂਝੇ ਕਰਨਗੇ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਹਰਿਆਣਾ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਦਿੱਤੀਆਂ ਸਹੂਲਤਾਂ ਬਾਰੇ ਜਾਣਕਾਰੀ ਦੇਣਗੇ।
ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮੁੜ ਦੁਹਰਾਇਆ ਹੈ ਕਿ ਭਾਜਪਾ ਪੰਜਾਬ ਵਿੱਚ ਸਾਰੀਆਂ 117 ਸੀਟਾਂ ’ਤੇ ਚੋਣ ਲੜਣ ਲਈ ਤਿਆਰੀ ਕਰ ਰਹੀ ਹੈ। ਅਕਾਲੀ ਦਲ ਨਾਲ ਗੱਠਜੋੜ ਦੀ ਚਰਚਾ ਬਾਰੇ ਸ੍ਰੀ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਅੰਦਰ ਐੱਨ ਡੀ ਏ ਦੀ ਸਰਕਾਰ ਬਣਨ ਸਬੰਧੀ ਬਿਆਨ ’ਤੇ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਇਸ ਬਾਰੇ ਅੰਤਿਮ ਫ਼ੈਸਲਾ ਕਰਨਾ ਹਾਈ ਕਮਾਂਡ ਦਾ ਕੰਮ ਹੈ।‘ਆਪ’ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਬਾਰੇ ਸ੍ਰੀ ਢਿੱਲੋਂ ਨੇ ਕਿਹਾ ਕਿ ਜੇਕਰ ਇਹ ਸੂਚੀ ਜਾਰੀ ਨਾ ਹੁੰਦੀ ਤਾਂ ਕਈ ਆਗੂਆਂ ਨੇ ‘ਆਪ’ ਛੱਡ ਦੇਣੀ ਸੀ। ਉਨ੍ਹਾਂ ਨੂੰ ਕਾਬੂ ਕਰਨ ਲਈ ਹੀ ਇਹ ਸੂਚੀ ਜਾਰੀ ਕੀਤੀ ਗਈ ਹੈ।












